ਦਾਨਾਪੁਰ, ਗੌਂਡਾ ਅਤੇ ਸੁਲਤਾਨਪੁਰ ਲਈ ਟ੍ਰੇਨ ਰਵਾਨਾ
ਤਿੰਨਾਂ ਟ੍ਰੇਨਾਂ ਵਿੱਚ ਲਗਭਗ 3500 ਯਾਤਰੂ ਗਏ ਆਪਣੇ ਘਰਾਂ ਨੂੰ
ਅੰਮ੍ਰਿਤਸਰ, 20 ਮਈ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸੰਕਟ ਦੇ ਚੱਲਦੇ ਉਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਸੂਬਿਆਂ 'ਚ ਭੇਜਣ ਦੀ ਪਹਿਲ ਕੀਤੀ ਗਈ ਸੀ, ਜੋ ਕਿ ਇਸ ਮੌਕੇ ਆਪਣੇ ਪਰਿਵਾਰ ਕੋਲ ਜਾਣਾ ਚਾਹੁੰਦੇ ਹਨ। ਇਸ ਕੋਸ਼ਿਸ਼ ਤਹਿਤ ਅੱਜ ਅੰਮ੍ਰਿਤਸਰ ਤੋਂ ਦਾਨਾਪੁਰ (ਬਿਹਾਰ) ਲਈ ਰੇਲਗੱਡੀ 12 ਵਜੇ ਜਿਸ ਵਿਚ 1200 ਯਾਤਰੀ, ਅੰਮ੍ਰਿਤਸਰ ਤੋਂ ਗੌਂਡਾ (ਉੱਤਰ ਪ੍ਰਦੇਸ਼) ਲਈ ਤਿੰਨ ਵਜੇ ਜਿਸ ਵਿਚ 1145 ਯਾਤਰੀ ਅਤੇ ਅੰਮ੍ਰਿਤਸਰ ਤੋਂ ਸੁਲਤਾਨਪੁਰ (ਉੱਤਰ ਪ੍ਰਦੇਸ਼) ਲਈ ਸ਼ਾਮ 6 ਵਜੇ ਜਿਸ ਵਿਚ 1150 ਯਾਤਰੀ ਰਵਾਨਾ ਹੋਏ। ਇਸ ਮੌਕੇ ਯਾਤਰੂਆਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸ: ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਲਾਕਡਾਊਨ ਮੌਕੇ ਪੰਜਾਬ ਵਿਚੋਂ ਚੱਲ ਰਹੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਪ੍ਰਵਾਸੀਆਂ ਨੂੰ ਉਨਾਂ ਦੇ ਘਰਾਂ ਤੋਂ ਲੈ ਕੇ ਸਿਹਤ ਨਿਰੀਖਣ ਅਤੇ ਰੇਲ ਗੱਡੀ ਵਿਚ ਸਵਾਰ ਹੋਣ ਤੱਕ ਸਾਰਾ ਪ੍ਰਬੰਧ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤਾ ਗਿਆ। ਘਰ ਜਾ ਰਹੇ ਪ੍ਰਵਾਸੀਆਂ ਨੇ ਵੀ ਇੰਨਾਂ ਯਤਨਾਂ ਲਈ ਮੁੱਖ ਮੰਤਰੀ ਪੰਜਾਬ ਅਤੇ ਜਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ, ਜਿੰਨਾ ਦੀ ਸਹਾਇਤਾ ਨਾਲ ਉਹ ਸੁਖੀ-ਸਾਂਦੀ ਆਪਣੇ ਘਰ ਪਰਤਣਗੇ। ਉਨਾਂ ਕਿਹਾ ਕਿ ਇਹ ਰੇਲ ਗੱਡੀਆਂ ਅਜੇ ਇਸੇ ਤਰਾਂ ਚੱਲਦੀਆਂ ਰਹਿਣਗੀਆਂ ਤੇ ਜਿੰਨਾ ਪ੍ਰਵਾਸੀਆਂ ਨੇ ਪੰਜਾਬ ਸਰਕਾਰ ਦੀ ਵੈਬ ਸਾਇਟ ਉਤੇ ਘਰ ਜਾਣ ਲਈ ਅਪਲਾਈ ਕੀਤਾ ਹੈ, ਉਨਾਂ ਨੂੰ ਉਨਾਂ ਦੇ ਫੋਨ ਉਤੇ ਸੰਦੇਸ਼ ਭੇਜ ਕੇ ਰੇਲ ਗੱਡੀ ਵਿਚ ਚੜਨ ਲਈ ਸੱਦਿਆ ਜਾ ਰਿਹਾ ਹੈ। ਇਸ ਤਰਾਂ ਕਿਧਰੇ ਭੀੜ ਨਹੀਂ ਪੈਂਦੀ ਅਤੇ ਹਰ ਕੋਈ ਆਪਣੀ ਵਾਰੀ ਨਾਲ ਆ ਕੇ ਰੇਲ ਗੱਡੀ ਵਿਚ ਸਵਾਰ ਹੋ ਰਿਹਾ ਹੈ। ਉਨਾਂ ਦੱਸਿਆ ਕਿ ਸਫਰ ਤੋਂ ਪਹਿਲਾਂ ਸਾਰੇ ਪ੍ਰਵਾਸੀਆਂ ਦੀ ਸਿਹਤ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਕਿ ਕਿਧਰੇ ਵੀ ਕੋਵਿਡ 19 ਤੋਂ ਪੀੜਤ ਨਾ ਹੋਵੇ, ਜਿਸ ਕਾਰਨ ਵਾਇਰਸ ਨੂੰ ਅੱਗੇ ਫੈਲਣ ਵਿਚ ਮਦਦ ਮਿਲੇ।
ਇਸ ਮੌਕੇ ਤਹਿਸੀਲਦਾਰ ਵੀਰਕਰਨ ਸਿੰਘ ਢਿਲੋਂ , ਸ੍ਰੀ ਦਿਨੇਸ਼ ਕੁਮਾਰ , ਸ੍ਰੀ ਅਸੋਕ ਕੁਮਾਰ ਕਾਨੂੰਗੋ, ਸ੍ਰੀ ਸੁਨੀਲ ਕੁਮਾਰ, ਸ: ਪਰਸਨ ਸਿੰਘ, ਸ: ਅਰਵਿੰਦਰਪਾਲ ਸਿੰਘ ਵੀ ਹਾਜ਼ਰ ਸਨ।