ਨਵੀਂ ਦਿੱਲੀ, 30 ਮਈ 2020 - ਦੇਸ਼ 'ਚ ਫੇਰ 30 ਜੂਨ ਤੱਕ ਲਾਕ ਡਾਊਨ ਵਧਾਇਆ ਗਿਆ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਕੇਸ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ ਜਿਨ੍ਹਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਲਾਕਡਾਉਨ 5.0 ਨੂੰ ਅਨਲੌਕ-1 ਦਾ ਨਾਮ ਦਿੱਤਾ ਗਿਆ ਹੈ। ਹੁਣ ਲਾਕਡਾਊਨ ਪੂਰੇ ਦੇਸ਼ ਵਿੱਚ 30 ਜੂਨ ਤੱਕ ਸਿਰਫ ਕੰਟੇਨਮੈਂਟ ਜ਼ੋਨ ਵਿੱਚ ਰਹੇਗਾ ਜਦੋਂ ਕਿ ਬਾਕੀ ਇਲਾਕਿਆਂ ਨੂੰ ਤਿੰਨ ਫੇਜ਼ 'ਚ ਖੋਲ੍ਹਿਆ ਜਾਵੇਗਾ।
ਫ਼ੇਜ਼-1 'ਚ ਸਾਰੀਆਂ ਧਾਰਮਿਕ ਥਾਵਾਂ 8 ਜੂਨ 2020 ਤੋਂ ਖੁੱਲ੍ਹ ਜਾਣਗੀਆਂ। ਪਰ ਸਰਕਾਰ ਨੇ ਇਨ੍ਹਾਂ ਸ਼ਰਤਾਂ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਹੈ। ਇਸ ਤੋਂ ਬਿਨਾਂ ਹੋਟਲ, ਰੈਸਟੋਰੈਂਟ ਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ ਅਤੇ ਸ਼ਾਪਿੰਗ ਮਾਲ ਵੀ ਖੁੱਲ੍ਹ ਸਕਣਗੇ।
ਫ਼ੇਜ਼-2 ਦੇ ਦੌਰਾਨ ਸਕੂਲ, ਕਾਲਜ, ਵਿਦਿਅਕ ਅਦਾਰੇ, ਸਿਖਲਾਈ, ਕੋਚਿੰਗ ਇੰਸਟੀਚਿਊਟ ਆਦਿ ਖੋਲ੍ਹਣ ਦਾ ਫ਼ੈਸਲਾ ਜੁਲਾਈ 2020 'ਚ ਲਿਆ ਜਾਵੇਗਾ। ਇਸ ਦੇ ਲਈ ਸਾਰੀਆਂ ਸੂਬਾ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸੰਸਥਾਵਾਂ, ਮਾਪਿਆਂ ਅਤੇ ਸਾਰੇ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਪਰ ਆਖਰੀ ਫੈਸਲਾ ਸੂਬਿਆਂ ਦੀਆਂ ਸਰਕਾਰਾਂ ਦਾ ਹੀ ਹੋਵੇਗਾ।
ਆਖਰੀ ਫ਼ੇਜ਼-3 'ਚ ਅੰਤਰਰਾਸ਼ਟਰੀ ਉਡਾਣਾਂ, ਮੈਟਰੋ ਰੇਲ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ ਅਤੇ ਆਡੀਟੋਰੀਅਮ ਨੂੰ ਖੋਲ੍ਹਿਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਇੱਕ ਵਾਰ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਤੀਜੇ ਫ਼ੇਜ਼ 'ਚ ਹੀ ਸਮਾਜਿਕ, ਸਿਆਸੀ, ਖੇਡਾਂ, ਮਨੋਰੰਜਨ, ਸੱਭਿਆਚਾਰਕ ਗਤੀਵਿਧੀਆਂ ਖੋਲ੍ਹਣ ਦਾ ਫ਼ੈਸਲਾ ਲਿਆ ਜਾਵੇਗਾ।
ਦੇਸ਼ਭਰ 'ਚ ਰਾਤ 9 ਵਜੇ ਤੋਂ 5 ਵਜੇ ਤੱਕ ਕਰਫਿਊ ਲਾਗੂ ਰਹੇਗਾ। ਲੋਕ ਇੱਕ ਸੂਬੇ ਤੋਂ ਦੂਜੇ ਸੂਬੇ ਜਾ ਸਕਣਗੇ। ਹੁਣ ਲੋਕਾਂ ਨੂੰ ਪਾਸ ਦਿਖਾਉਣ ਦੀ ਵੀ ਲੋੜ ਨਹੀਂ ਹੋਵੇਗੀ। ਇਸ ਤੋਂ ਬਿਨਾਂ ਸ਼ਾਪਿੰਗ ਮਾਲ ਅਤੇ ਸੈਲੂਨ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।