ਅਸ਼ੋਕ ਵਰਮਾ
ਬਠਿੰੰਡਾ, 18 ਜੂਨ 2020: ਅੱਜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇੇ ਪੰਜਾਬ ‘ਚ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਗਰੀਬਾਂ ਦੇ ਕੱਟੇ ਆਟਾ-ਦਾਲ ਸਕੀਮ ਦੇ ਕਾਰਡ, ਸ਼ਰਾਬ ਤੇ ਰੇਤ ਮਾਫ਼ੀਆ ਨੂੰ ਦਿੱਤੀਅ ਰਿਆਇਤਾਂ, ਨਕਲੀ ਬੀਜਾਂ ਦੇ ਕਥਿਤ ਘਪਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਸਮੇਤ ਵੱਖ ਵੱਖ ਮੰਗਾਂ ਨੂੰ ਲੈਕੇ ਧਰਨਾ ਦਿੱਤਾ ਅਤੇ ਵਧੀਕ ਡਿਪਟੀ ਕਮਿਸ਼ਨਰ ਰਾਹੀਂ ਰਾਜਪਾਲ ਪੰਜਾਬ, ਨੂੰ ਮੰਗ ਪੱਤਰ ਭੇਜਿਆ । ਸਾਬਕਾ ਮੰਤਰੀ ਤੇ ਕਿਸਾਨ ਵਿੰਗ ਪ੍ਰਧਾਨ ਅਕਾਲੀ ਦਲ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਜਨਮੇਜ਼ਾ ਸਿੰਘ ਸੇਖੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ’ਚ ਆਮ ਲੋਕਾਂ ਦੀ ਕਥਿਤ ਲੁੱਟ ਲਗਾਤਾਰ ਜਾਰੀ ਹੈ। ਉਨਾਂ ਆਖਿਆ ਕਿ ਕਾਂਗਰਸ ਦੇ ਰਾਜ ’ਚ ਲਗਾਤਾਰ ਘੁਟਾਲੇ ਹੋ ਰਹੇ ਹਨ ਜਿੰਨਾਂ ’ਚ ਨਕਲੀ ਬੀਜਾਂ ਦੀ ਵਿੱਕਰੀ ਅੰੇ ਰਾਸ਼ਨ ਘੁਟਾਲਾ ਅਹਿਮ ਹਨ ਫਿਰ ਇੰਨਾਂ ਮਾਮਲਿਆਂ ‘ਚ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ। ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਰਕੇ ਪੰਜਾਬ ਵਿਚ ਵੀ ਅਚਾਨਕ ਕਰਿਫ਼ਊ ਲਾਇਆ ਗਿਆ ਜਿਸ ਕਰਕੇ ਲੱਖਾਂ ਦਿਹਾੜੀਦਾਰ ਮਜ਼ਦੂਰ, ਖ਼ੇਤ ਮਜ਼ਦੂਰ, ਦਲਿਤ ਪਰਿਵਾਰ, ਰਿਕਸ਼ਾ ਚਾਲਕ, ਆਟੋ ਚਾਲਕ ਅਤੇ ਦੁਕਾਨਦਾਰ ਰੁਜਗਾਰ ਵਿਹੂਣੇ ਹੋ ਗਏ।ਉਨਾਂ ਕਿਹਾ ਕਿ ਸੰਕਟ ਦੌਰਾਨ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਤਾਂ ਸੇਵਾ ਕਰਨ ਲਈ ਅੱਗੇ ਆਈਆਂ ਪਰ ਕੈਪਟਨ ਸਰਕਾਰ ਨੇ ਗਰੀਬਾਂ ਨੂੰ ਰਾਸ਼ਨ ਵੰਡਣ ’ਚ ਅਣਗਹਿਲੀ ਕੀਤੀ ਜਿਸ ਕਰਕੇ ਗਰੀਬਾਂ ਦੇ ਭੁੱਖਾ ਮਰਨ ਦੀ ਨੌਬਤ ਬਣੀ ਰਹੀ ਹੈ।
ਆਗੂਆਂ ਨੇ ਸਰਕਾਰ ਵੱਲੋਂ ਰਾਸ਼ਨ ਵੰਡਣ ਲਈ ਥੈਲਿਆਂ ਤੇ ਕੈਪਟਨ ਦੀ ਫੋਟੋ ਛਪਵਾਉਣ ਵਿਚ ਵਿਅਰਥ ਸਮਾਂ ਗੁਆਉਣ ਦੀ ਤਿੱਖੀ ਆਲੋਚਨਾਂ ਕਰਦਿਆਂ ਰਾਸ਼ਨ ਦੀ ਵੰਡ ’ਚ ਕਾਂਗਰਸ ਦੇ ਨੇਤਾਵਾਂ ਨੇ ਰਾਜਨਂਤੀ ਕਰਨ ਦੇ ਦੋਸ਼ ਲਾਏ। ਆਗੂਆਂ ਨੇ ਸਰਕਾਰੀ ਖ਼ਜ਼ਾਨੇ ਨੂੰ ਹਜਾਰਾਂ ਕਰੋੜ ਰੁਪਏ ਦਾ ਮਾਲੀ ਘਾਟਾ ਪਾਉਣ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸ਼ਖਤ ਸਜ਼ਾਵਾਂ ਦੇਣ, ਸ਼ਰਾਬ ਤੇ ਰੇਤ ਮਾਫ਼ੀਆਂ ਨੂੰ ਵੱਡੀਆਂ ਰਿਆਇਤਾਂ ਦੀ ਵੀ ਉੱਚ ਪੱਧਰੀ ਜਾਂਚ ਕਰਨ, ਚਾਰ ਮਹੀਨੇ ਦੇ ਬਿਜਲੀ , ਸੀਵਰੇਜ ਅਤੇ ਪਾਣੀ ਦੇ ਬਿੱਲ ਮੁਆਫ, ਗੰਨੇ ਦੇ ਬਕਾਏ ਤੁਰੰਤ ਜਾਰੀ ਕਰਨ , ਮਜ਼ਦੂਰੀ ਵਧਣ ਕਰਕੇ ਹਰ ਕਿਸਾਨ ਨੂੰ ਝੋਨੇ ਦੀ ਲਵਾਈ ਲਈ ਪ੍ਰਤੀ ਏਕੜ 3 ਹਜ਼ਾਰ ਰੁਪਏ ਮੁਆਵਜ਼ਾ ਦੇਣ ਅਤੇ ਡੀਜਲ ਪੈਟਰੋਲ ਤੇ ਵਧਾਇਆ ਵੈਟ ਵਾਪਿਸ ਲੈਣ ਸਮੇਤ ਮੰਗ ਪੱਤਰ ’ਚ ਦਰਜ ਮੰਗਾਂ ਮੰਨਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲਾ ਪ੍ਰਧਾਨ ਜਗਦੀਪ ਸਿੰਘ ਨਕਈ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸਰੂਪ ਚੰਦ ਸਿੰਗਲਾ ਤੇ ਜੀਤ ਮਹਿੰਦਰ ਸਿੱਧੂ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਤੇ ਬਲਵੰਤ ਰਾਏ ਨਾਥ ਅਕਾਲੀ ਦਲ ਦੇ ਪ੍ਰੈਸ ਸਕੱਤਰ ਓਮ ਪ੍ਰਕਾਸ਼ ਸ਼ਰਮਾ, ਭਾਜਪਾ ਦੇ ਜ਼ਿਲਾ ਪ੍ਰਧਾਨ ਬਿੰਟਾ, ਭਾਜਪਾ ਆਗੂ ਅਸ਼ੋਕ ਬਾਲਿਆਂਵਾਲੀ , ਵਰਿੰਦਰ ਸ਼ਰਮਾ ਅਤੇ ਆਸ਼ੂਤੋਸ਼ ਤਿਵਾੜੀ ਹਾਜਰ ਸਨ।