ਪਟਿਆਲਾ ਰੇਲਵੇ ਸਟੇਸ਼ਨ ਤੋਂ ਗੌਂਡਾ ਜਾਣ ਵਾਲੀ ਰੇਲ ਗੱਡੀ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਯਤਾਰੀ ਰੇਲ ਅੰਦਰ ਦਾਖਲ ਹੁੰਦੇ ਹੋਏ।
ਪੰਜਾਬ ਸਰਕਾਰ ਦੀ ਕੋਸ਼ਿਸ਼ ਸਦਕਾ 1212 ਯਾਤਰੀ ਆਪਣੇ ਘਰਾਂ ਨੂੰ ਜਾਣ 'ਚ ਹੋਏ ਸਫਲ
ਪਟਿਆਲਾ, 21 ਮਈ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੂਸਰੇ ਰਾਜਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਵਾਪਸ ਭੇਜਣ ਦੀ ਕੀਤੀ ਪਹਿਲ ਤਹਿਤ ਅੱਜ ਸ਼ਾਮ ਪਟਿਆਲਾ ਤੋਂ ਇੱਕ ਹੋਰ ਰੇਲ ਗੱਡੀ ਉਤਰ ਪ੍ਰਦੇਸ਼ ਦੇ ਗੌਂਡਾ ਜ਼ਿਲ੍ਹੇ ਲਈ ਰਵਾਨਾ ਹੋਈ। ਇਸ ਰੇਲ ਗੱਡੀ ਵਿੱਚ ਗਏ 1212 ਮੁਸਾਫਿਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਲੈਕੇ ਰੇਲ ਗੱਡੀ ਵਿੱਚ ਚੜ੍ਹਾਉਣ ਤੱਕ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ। ਡਾਕਟਰੀ ਨਿਰੀਖਣ, ਟਿਕਟਾਂ ਦੀ ਵੰਡ, ਖਾਣਾ ਅਤੇ ਰੇਲ ਗੱਡੀ ਵਿੱਚ ਚੜ੍ਹਾਉਣ ਤੱਕ ਹਰੇਕ ਸਥਾਨ 'ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾ ਦੀ ਪਾਲਣਾ ਕਰਦਿਆ ਆਪਸੀ ਦੂਰੀ ਨੂੰ ਬਰਕਰਾਰ ਰੱਖਿਆ ਗਿਆ, ਜਿਸ ਸਕਦਾ ਯਾਤਰਾ ਦੀ ਸ਼ੁਰੂਆਤ ਬੜੀ ਸੁਰੱਖਿਅਤ ਹੋਈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 6 ਮਈ ਤੋਂ ਪਟਿਆਲਾ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਲਈ ਰੇਲਾਂ ਅਤੇ ਬੱਸਾਂ ਰਾਹੀਂ ਪ੍ਰਵਾਸੀਆਂ ਨੂੰ ਭੇਜਿਆ ਜਾ ਰਿਹਾ ਹੈ ਅਤੇ ਅੱਜ ਪਟਿਆਲਾ ਰੇਲਵੇ ਸਟੇਸ਼ਨ ਤੋਂ 18ਵੀਂ ਰੇਲ ਗੱਡੀ ਯੂ.ਪੀ. ਦੇ ਗੌਂਡਾ ਜ਼ਿਲ੍ਹੇ ਲਈ ਰਵਾਨਾ ਹੋਈ ਹੈ ਜਿਸ ਵਿੱਚ 1212 ਯਾਤਰੀਆਂ ਨੂੰ ਉਨ੍ਹਾਂ ਦੇ ਜੱਦੀ ਜ਼ਿਲ੍ਹੇ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀਆਂ ਦੀ ਸੁਰੱਖਿਅਤ ਘਰ ਵਾਪਸੀ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਹਰੇਕ ਵਿਅਕਤੀ ਦੇ ਫੋਨ ਉਤੇ ਸੰਦੇਸ਼ ਦੇ ਕੇ ਉਸ ਨੂੰ ਘਰਾਂ ਤੋਂ ਉਸਦੀ ਵਾਰੀ ਨਾਲ ਬੁਲਾਇਆ ਜਾ ਰਿਹਾ ਹੈ ਅਤੇ ਪੂਰੀ ਸਿਹਤ ਜਾਂਚ ਤੋਂ ਬਾਅਦ ਹੀ ਯਾਤਰਾਂ ਲਈ ਭੇਜਿਆ ਜਾ ਰਿਹਾ ਹੈ।
ਇਸ ਮੌਕੇ ਰੇਲਵੇ ਸਟੇਸ਼ਨ 'ਤੇ ਪ੍ਰਬੰਧਾਂ ਨੂੰ ਦੇਖ ਰਹੇ ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਡਾ. ਇਸ਼ਮਿਤ ਵਿਜੈ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ) ਸ. ਜਗਨੂਰ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।