ਅਸ਼ੋਕ ਵਰਮਾ
ਬਠਿੰਡਾ, 13 ਮਈ 2020: ਕੋਵਿਡ-19 ਦੇ ਚੱਲਦਿਆਂ ਲਾਕਡਾਊਨ ਦੌਰਾਨ ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪ੍ਰੇਰਨਾ, ਵਿਕਾਸ ਅਤੇ ਭਵਿੱਖ ਦੀ ਸਿੱਖਿਆ ਯੋਜਨਾਬੰਦੀ ਲਈ ਮਾਈਕਰੋਸਾਫ਼ਟ ਟੀਮਜ਼ ਦੁਆਰਾ ਆਨਲਾਈਨ ਅਲੂਮਨੀ ਇੰਟਰੈਕਸ਼ਨ ਸੈਸ਼ਨ ਕਰਵਾਇਆ ਗਿਆ। ਜਿਸ ਤਹਿਤ ਐਗਰੀਕਲਚਰ ਵਿਭਾਗ ਦੇ ਅਲੂਮਨੀ(ਪੁਰਾਣੇ ਵਿਦਿਆਰਥੀ) ਖੇਤੀਬਾੜੀ ਵਿਕਾਸ ਅਫ਼ਸਰ ( ਏ. ਡੀ ਓ.), ਜੋਬਨਦੀਪ ਸਿੰਘ, ਗਿੱਦੜਬਾਹਾ ਨੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੂੰ ਆਨਲਾਈਨ ਭਾਸ਼ਣ ਦਿੱਤਾ। ਇਸ ਭਾਸ਼ਣ ਦਾ ਉਦੇਸ਼ ਵਿਦਿਆਰਥੀਆਂ ਨੂੰ ਖੇਤੀਬਾੜੀ ਦੀ ਮਹੱਤਤਾ ਅਤੇ ਸੰਭਾਵਨਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨਾਂ ਨੂੰ ਗਰੈਜੂਏਸ਼ਨ ਤੋਂ ਬਾਅਦ ਦੇ ਭਵਿੱਖ ਦੇ ਮੌਕਿਆਂ ਬਾਰੇ ਜਾਣਕਾਰੀ ਦੇਣਾ ਸੀ।
. ਜੋਬਨਦੀਪ ਸਿੰਘ ਨੇ ਬਾਬਾ ਫ਼ਰੀਦ ਕਾਲਜ ਤੋਂ ਸ਼ੁਰੂ ਹੋਏ ਆਪਣੇ ਸਫ਼ਰ ਨੂੰ ਸਾਂਝੇ ਕਰਦਿਆਂ ਉਦਾਹਰਨਾਂ ਰਾਹੀਂ ਦੱਸਿਆ ਕਿ ਉਹ ਖੇਤੀਬਾੜੀ ਵਿਕਾਸ ਅਫ਼ਸਰ (ਏ.ਡੀ.ਓ.) ਦੇ ਅਹੁਦੇ ਤੱਕ ਕਿਵੇਂ ਪਹੁੰਚੇ। ਉਨਾਂ ਨੇ ਵਿਦਿਆਰਥੀਆਂ ਨੂੰ ਕੈਰੀਅਰ ਦੇ ਵੱਖ-ਵੱਖ ਮੌਕਿਆਂ ਨਾਲ ਜਾਣੂ ਕਰਵਾ ਕੇ ਖੇਤੀਬਾੜੀ ਵਿਚ ਡਿਗਰੀ ਪ੍ਰਾਪਤ ਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ । ਉਨਾਂ ਨੇ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਨ ਲਈ ਨਿਰੰਤਰ ਤਿਆਰੀ ਦੀ ਮਹੱਤਤਾ ਅਤੇ ਪ੍ਰਮੁੱਖ ਨੁਕਤਿਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਨੇ ਪ੍ਰਤੀਯੋਗੀ ਪ੍ਰੀਖਿਆਵਾਂ ਸੰਬੰਧੀ ਅਲੂਮਨੀ ਨੂੰ ਪ੍ਰਸ਼ਨ ਪੁੱਛ ਕੇ ਆਪਣੀਆਂ ਤਮਾਮ ਸ਼ੰਕਾਵਾਂ ਨੂੰ ਦੂਰ ਕੀਤਾ। ਉਨਾਂ ਨੇ ਏ.ਡੀ.ਓ ਦੇ ਅਹੁਦੇ ਅਤੇ ਇਸ ਵਿੱਚ ਸ਼ਾਮਲ ਜ਼ਿੰਮੇਵਾਰੀਆਂ ਬਾਰੇ ਆਪਣੇ ਤਜਰਬੇ ਨੂੰ ਵੀ ਸਾਂਝਾ ਕੀਤਾ । ਅਲੂਮਨੀ ਨੇ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ-ਨਾਲ ਅਧਿਐਨ ਨਾਲ ਜੁੜੇ ਬਹੁਤ ਸਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ।
ਇਹ ਅਲੂਮਨੀ ਭਾਸ਼ਣ ਵਿਦਿਆਰਥੀਆਂ ਅਤੇ ਫੈਕਲਟੀ ਦੋਵਾਂ ਲਈ ਇੱਕ ਅਹਿਮ ਤਜਰਬਾ ਸੀ। ਇਸ ਅਲੂਮਨੀ ਸੈਸ਼ਨ ਨੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਉਤਸ਼ਾਹਿਤ ਕੀਤਾ ਅਤੇ ਉਨਾਂ ਨੂੰ ਜ਼ਿੰਦਗੀ ਵਿੱਚ ਕੱੁਝ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਐਗਰੀਕਲਚਰ ਵਿਭਾਗ ਦੇ ਮੁਖੀ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਆਪਣੇ ਅਨੁਭਵ ਸਾਂਝੇ ਕਰਨ ਲਈ ਅਲੂਮਨੀ ਦਾ ਧੰਨਵਾਦ ਕੀਤਾ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਅਲੂਮਨੀ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।