ਵਿਭਾਗ ਦੇ ਕਰੋਨਾ ਯੋਧੇ ਘਰ ਘਰ ਜਾ ਕੇ ਕਰੋਨਾ ਤੋਂ ਬਚਾਓ ਸਬੰਧੀ ਕਰਨਗੇ ਜਾਗਰੂਕ
ਐਸ.ਐਸ.ਪੀ. ਵੱਲੋਂ ਲੋਕਾਂ ਨੂੰ ਮਹਾਂਮਾਰੀ ਦੀ ਰੋਕਥਾਮ ਲਈ ਸਾਵਧਾਨੀਆਂ ਵਰਤਣ ਅਤੇ ਸਹਿਯੋਗ ਦੀ ਅਪੀਲ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 15 ਜੂਨ 2020: ਫਰੀਦਕੋਟ ਦੇ ਐਸ.ਐਸ.ਪੀ. ਸ: ਸਵਰਨਦੀਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਅਤੇ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਸਾਵਧਾਨੀਆਂ ਵਰਤਣ ਲਈ ਚਲਾਈ ਮਿਸ਼ਨ ਫਤਿਹ ਮੁਹਿੰਮ ਤਹਿਤ ਫਰੀਦਕੋਟ ਜਿਲ੍ਹੇ ਵਿੱਚ ਜਿੱਥੇ ਵੱਧ ਤੋਂ ਵੱਧ ਲੋਕਾਂ ਨੂੰ ਸਾਵਧਾਨੀਆਂ ਵਰਤਣ ਪ੍ਰਤੀ ਜਾਗਰੂਕ ਕੀਤਾ ਜਾਵੇਗਾ, ਉੱਥੇ ਹੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਸਖਤੀ ਵਰਤੀ ਜਾਵੇਗੀ।
ਐਸ.ਐਸ. ਪੀ. ਸ: ਸਵਰਨਦੀਪ ਸਿੰਘ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਪੂਰੇ ਸੰਸਾਰ ਨੂੰ ਆਪਣੇ ਪਕੜ ਵਿੱਚ ਲੈ ਰਿਹਾ ਹੈ ਤੇ ਇਸ ਤੋਂ ਬਚਾਓ ਦਾ ਇਕੋਂ ਇਕ ਤਰੀਕਾ ਸਾਵਧਾਨੀਆਂ ਵਰਤਣਾ ਅਤੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਅਤੇ ਹਦਾਇਤਾਂ ਦੀ ਪਾਲਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਜਵਾਨਾਂ ਅਤੇ ਅਧਿਕਾਰੀਆਂ ਵੱਲੋਂ ਜਿੱਥੇ ਪਹਿਲਾਂ ਹੀ ਲੋਕਾਂ ਨੂੰ ਇਸ ਸਬੰਧੀ ਵੱਡੀ ਪੱਧਰ ਤੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ 20 ਜੂਨ ਨੂੰ ਵਿਭਾਗ ਦੇ ਵੱਡੀ ਗਿਣਤੀ ਵਿੱਚ ਕਰੋਨਾ ਯੋਧੇ ਜਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਲੀਆਂ, ਮੁਹੱਲਿਆਂ ਅਤੇ ਘਰਾਂ ਤੱਕ ਜਾ ਕੇ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ, ਸਮੇਂ ਸਮੇਂ ਤੇ ਹੱਥ ਧੋਣ ਅਤੇ ਲੋੜ ਤੋਂ ਬਿਨਾਂ ਘਰ ਤੋਂ ਬਾਹਰ ਨਾ ਨਿਕਲਣ ਪ੍ਰਤੀ ਜਾਗਰੂਕ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ, ਸਾਵਧਾਨੀਆਂ ਦਾ ਵੱਧ ਤੋਂ ਵੱਧ ਪਾਲਣ ਕਰਨ ਤਾਂ ਜੋ ਇਸ ਮਹਾਂਮਾਰੀ ਨੂੰ ਖਤਮ ਕਰਕੇ ਇਸ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ ਅਤੇ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਹਰ ਸਮੇਂ ਜਿਲ੍ਹੇ ਦੇ ਲੋਕਾਂ ਦੀ ਸੇਵਾ ਲਈ ਹਾਜ਼ਰ ਹੈ ਤੇ ਜਿਲ੍ਹੇ ਵਿੱਚ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਚੁੱਕਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਜਿਲ੍ਹਾ ਵਾਸੀਆਂ ਦੀ ਜਾਨ ਮਾਲ ਦੀ ਰਾਖੀ, ਸੁਰੱਖਿਆ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹੈ।