ਅਸ਼ੋਕ ਵਰਮਾ
ਬਠਿੰਡਾ, 13 ਮਈ 2020: ਮੁਲਕ ਅੰਦਰ ਕੋਰੋਨਾ ਸੰਕਟ ਵੇਲੇ ਸਿਹਤ ਕਾਮਿਆਂ ਨੂੰ ਸਰਕਾਰੀ ਬੇਰੁਖੀ ਤੋਂ ਬਚਾਉਣ ਲਈ ਸਮੁੱਚੇ ਸਿਹਤ ਮਹਿਕਮੇ ਦਾ ਕੰਟਰੋਲ ਸਰਕਾਰੀ ਹੱਥਾਂ ਵਿੱਚ ਲੈਣ ਸਮੇਤ ਸਰਕਾਰੀ ਅਦਾਰਿਆਂ ਵਿਸੇਸ਼ ਕਰਕੇ ਬਿਜਲੀ,ਜਲ-ਸਪਲਾਈ,ਵਿਦਿਆ ਤੇ ਟਰਾਂਸਪੋਰਟ ਮਹਿਕਮੇ ਵਿੱਚੋਂ ਠੇਕਾ ਪ੍ਰਬੰਧ ਖਤਮ ਕਰਕੇ ਪੱਕੇ ਮੁਲਾਜਮ ਭਰਤੀ ਕਰਵਾਉਣ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੀਆਂ 16 ਸੰਘਰਸ਼ਸੀਲ ਜਨਤਕ ਜੱਥੇਬੰਦੀਆਂ ਦੇ ਦਿੱਤੇ ਸੱਦੇ ਤਹਿਤ ਸਬ ਡਿਵੀਜਨਲ ਹਸਪਤਾਲ ਘੁੱਦਾ ਵਿਖੇ ਸੰਕੇਤਕ ਧਰਨਾ ਲਾਇਆ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਅਜੈਪਾਲ ਘੁੱਦਾ, ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਮਹਿੰਗਾ ਸਿੰਘ ਬਾਂਡੀ ਨੇ ਕਿਹਾ ਕਿ ਕਰੋਨਾਂ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਖਾਦ-ਖੁਰਾਕ, ਦਵਾਈਆਂ,ਮਾਸਿਕ, ਹਰ ਇੱਕ ਦੇ ਟੈਸਟ ਕਰਨ, ਪਿੰਡਾਂ ਵਿੱਚ ਡਾਕਟਰੀ ਅਮਲਾ-ਫੈਲਾ ਭੇਜਣ,ਜਨਤਕ ਪੱਧਰ ਤੇ ਲੋਕਾਂ ਨੂੰ ਜਾਗਰਿਤ ਕਰਕੇ ਹਰਕਤ ਵਿੱਚ ਲਿਆਉਣ ਲਈ ਕੁੱਝ ਕਰਨਾ ਤਾਂ ਇੱਕ ਪਾਸੇ ਰਿਹਾ , ਸਰਕਾਰਾਂ ਤਾਂ ਕਰੋਨਾਂ ਮਹਾਮਾਂਰੀ ਵਿਰੁੱਧ ਜਾਨ ਜੋਖਮ ਵਿੱਚ ਪਾਕੇ ਮਰੀਜਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨਰਸਾਂ ਅਤੇ ਸਫਾਈ ਕਾਮਿਆਂ,ਆਸਾ ਵਰਕਰਾਂ ਨੂੰ ਲੋੜੀਦੀਂਆਂ ਕਿੱਟਾਂ ਦੇਣ ਤੋਂ ਵੀ ਪਾਸਾ ਵੱਟ ਰਹੀਆਂ ਹਨ ।
ਆਗੂਆਂ ਨੇ ਕਿਹਾ ਕਿ ਇਸ ਤੋਂ ਵੀ ਅੱਗੇ ਕਰੋਨਾ ਨਾਲ ਲੜੀ ਜਾ ਰਹੀ ਲੜਾਈ ਵਿੱਚ ਪੂਰੀਆਂ ਖਤਰਨਾਕ ਹਾਲਤਾਂ ਵਿੱਚ ਡਿਉਟੀ ਦੇਣ ਵਾਲੇ ਪੁਲਿਸ ਮੁਲਾਜਮਾਂ ਨੂੰ ਵੀ ਬਿਨਾਂ ਸੁਰੱਖਿਆ ਵਾਲੇ ਔਜਾਰਾਂ ਦੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ।ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਰੀਆਂ ਸਿਹਤ ਸੇਵਾਵਾਂ ਦਾ ਸਰਕਾਰੀ ਕਰਨ ਕਰਕੇ ਇਸ ਮਹਿਕਮੇ ਵਿੱਚ ਕੰਮ ਕਰਨ ਵਾਲੇ ਠੇਕਾ ਕਾਮਿਆਂ ਨੂੰ ਪੱਕਾ ਭਰਤੀ ਕੀਤਾ ਜਾਵੇ । ਹੋਰਨਾਂ ਸਰਕਾਰੀ ਅਦਾਰਿਆਂ ਵਿੱਚ ਨਿੱਜੀਕਰਨ , ਸੰਸਾਰੀਕਰਨ ਤੇ ਵਪਾਰੀਕਰਨ ਦੀ ਲਾਗੂ ਕੀਤੀ ਨੀਤੀ ਨੂੰ ਰੱਦ ਕੀਤਾ ਜਾਵੇ । ਡਿਉਟੀ ਕਰਨ ਵਾਲੇ ਪੁਲਿਸ ਮੁਲਾਜਮਾਂ ਦਾ ਕੰਮ ਭਾਰ ਘਟਾਇਆ ਜਾਵੇ ਵਿਸ਼ੇਸ ਕਰਕੇ ਔਰਤ ਮੁਲਾਜਮਾਂ ਦੇ ਰਹਿਣ-ਸਹਿਣ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ । ਆਗੂਆਂ ਨੇ ਕਿਹਾ ਕਿ ਕਰਫਿਉ ਦੌਰਾਨ ਲੋਕਾਂ ’ਤੇ ਜਬਰ ਕਰਨ ਵਾਲੇ ਪੁਲਿਸ ਮੁਲਾਜਮਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ । ਕਰੋਨਾਂ ਮਹਾਮਾਂਰੀ ਦੇ ਵੱਡੇ ਖਰਚਿਆਂ ਦੇ ਪ੍ਰਬੰਧ ਲਈ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਭੂਮੀ-ਪਤੀਆਂ ’ਤੇ ਵਿਸੇਸ਼ ਟੈਕਸ ਲਾਏ ਜਾਣ ।
ਇਸੇ ਦੌਰਾਨ ਕੇਂਦਰ ਸਰਕਾਰ ਵੱਲੋ ਬੇਕਿਰਕ ਤਰੀਕੇ ਨਾਲ ਮੜੇ ਲਾਕਡਾਊਨ ਕਾਰਨ ਵੱਖ ਵੱਖ ਥਾਵਾਂ ਤੇ ਫਸੇ ਪ੍ਰਵਾਸੀ ਮਜਦੂਰਾਂ ਵਲੋਂ ਪੈਦਲ ਹੀ ਆਪਣੇ ਘਰਾਂ ਨੂੰ ਜਾਂਦੇ ਸਮੇਂ ਮਹਾਰਾਸਟਰ ਵਿਖੇ ਰੇਲ ਗੱਡੀ ਹੇਠ ਆਕੇ ਮਾਰੇ ਗਏ 16 ਮਜਦੂਰਾਂ ਸਮੇਤ ਰਾਹਾਂ ਚ ਜਾਂਦੇ ਸਮੇਂ ਥਕਾਵਟ , ਭੁੱਖ ਤੇ ਪੁਲਿਸ ਦੀ ਕੁੱਟ ਕਾਰਨ ਮਾਰੇ ਗਏ ਸਮੂਹ ਮਜਦੂਰਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਦੇ ਵਾਰਸਾਂ ਨੂੰ 50-50 ਲੱਖ ਰੁਪਏ ਮੁਆਵਜਾ ਅਤੇ ਵੱਖ-ਵੱਖ ਰਾਜ ਸਰਕਾਰਾਂ ਵਲੋਂ ਕਰੋਨਾ ਦੀ ਆੜ ਚ ਕਿਰਤ ਕਾਨੂੰਨਾਂ ਚ ਮਜਦੂਰ ਦੋਖੀ ਸੋਧਾਂ ਕਰਨ ਰਾਹੀਂ ਵਿਖਾਵੇ ਮਾਤਰ ਮਜਦੂਰ ਪੱਖੀ ਮਦਾਂ ਨੂੰ ਵੀ ਖਤਮ ਕਰਨ ਦੀ ਸਖਤ ਨਿੰਦਾ ਕਰਦਿਆਂ ਇਹਨਾਂ ਨੂੰ ਤੁਰੰਤ ਵਾਪਸ ਲੈਣ ਦੀਆਂ ਮੰਗਾਂ ਕਰਦੇ ਮਤੇ ਪਾਸ ਕੀਤੇ ਗਏ।
ਇਸ ਮੌਕੇ ਉਪਰੋਕਤ ਮੰਗਾਂ ਦੇ ਹੱਲ ਲਈ ਸਬ ਡਿਵੀਜਨਲ ਹਸਪਤਾਲ ਘੁੱਦਾ ਦੇ ਐੱਸ.ਐੱਮ.ਓ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ । ਇਸ ਮੌਕੇ ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਤੋਂ ਗੁਰਮੀਤ ਸਿੰਘ, ਐਨ. ਐਚ. ਐਮ. ਸਟਾਫ ਨਰਸਜ਼ ਯੂਨੀਅਨ , ਆਸ਼ਾ ਵਰਕਰਜ਼ ਯੂਨੀਅਨ ਤੋਂ ਚਰਨਜੀਤ ਕੌਰ,ਪੰਜਾਬ ਏਡਜ ਕੰਟਰੋਲ ਸੁਸਾਇਟੀ, ਕੰਟਰੈਕਟ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਯੂਨੀਅਨ ਤੋਂ ਅਜੇ ਸ਼ਰਮਾਂ ਤੇ ਡਾਕਟਰ ਰਜਿੰਦਰ ਨੇ ਵੀ ਸੰਬੋਧਨ ਕੀਤਾ ।