ਗੁਰਦਾਸਪੁਰ/ਚੰਡੀਗੜ੍ਹ, 25 ਸਤੰਬਰ, 2017 : ਗੁਰਦਾਸਪੁਰ ਉਪ-ਚੋਣ ਲਈ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਚੋਣ ਰਣਨੀਤੀ ਤੈਅ ਕਰਦਿਆਂ ਪਾਰਟੀ ਦੇ ਪ੍ਰਮੁੱਖ ਆਗੂਆਂ, ਵਿਧਾਇਕਾਂ, ਅਹੁਦੇਦਾਰਾਂ ਅਤੇ ਵਰਕਰਾਂ-ਵਲੰਟੀਅਰਾਂ ਦੀ ਬ੍ਰਿਗੇਡ ਪਿੰਡਾਂ ਅਤੇ ਸ਼ਹਿਰਾਂ ਵਿਚ ਉਤਾਰ ਦਿੱਤੀ ਹੈ।
ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਪਾਰਟੀ ਦੇ ਵਿਧਾਇਕਾਂ ਅਤੇ ਅਹੁਦੇਦਾਰਾਂ ਦੀ ਬੈਠਕ ਗੁਰਦਾਸਪੁਰ ਵਿਖੇ ਸਥਾਪਿਤ ਕੀਤੇ ਮੁੱਖ ਦਫ਼ਤਰ ‘ਚ ਹੋਈ, ਜਿਸ ਦੌਰਾਨ ‘ਚੋਣ ਟਿਪਸ‘ ਦੇ ਕੇ ਸਮੁੱਚੀ ਸਟੇਟ ਲੀਡਰਸ਼ਿਪ ਨੂੰ ਸਥਾਨਕ ਟੀਮਾਂ ਦੇ ਸਹਿਯੋਗ ਨਾਲ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਅਤੇ ਗਲੀ ਮੁਹੱਲਿਆਂ ‘ਚ ਝੋਕ ਦਿੱਤਾ ਗਿਆ।
ਇਸ ਮੌਕੇ ਗੁਰਦਾਸਪੁਰ ਲੋਕ ਸਭਾ ਸੀਟ ਲਈ ‘ਆਪ‘ ਦੇ ਉਮੀਦਵਾਰ ਮੇਜਰ ਜਨਰਲ (ਰਿਟਾਇਰਡ) ਸੁਰੇਸ਼ ਕੁਮਾਰ ਖਜੂਰੀਆਂ ਨੂੰ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਭਰਵੇਂ ਹੁੰਗਾਰੇ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਲੋਕ ਸਭਾ ਚੋਣ ਦੀ ਤੁਲਨਾ ਪਿਛਲੀ ਵਿਧਾਨ ਸਭਾ ਚੋਣ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਦੋਵੇਂ ਚੋਣਾਂ ‘ਚ ਜਿੱਥੇ ਵੱਡਾ ਬੁਨਿਆਦੀ ਫ਼ਰਕ ਹੁੰਦਾ ਹੈ, ਉੱਥੇ ਪਿਛਲੇ 6 ਮਹੀਨਿਆਂ ਦੌਰਾਨ ਪੰਜਾਬ ਦੇ ਲੋਕਾਂ ਦੀ ਸੋਚ ਅਤੇ ਸਮਝ ‘ਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ।
ਮਾਨ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ 6 ਮਹੀਨੇ ਪਹਿਲਾਂ ਚੁਣੀ ਗਈ ਸਰਕਾਰ ਤੋਂ ਲੋਕਾਂ ਦਾ ਮੋਹ ਪੂਰੀ ਤਰਾਂ ਭੰਗ ਹੋ ਗਿਆ ਹੋਵੇ। ਕੈਪਟਨ ਅਮਰਿੰਦਰ ਸਿੰਘ ਘਰ-ਘਰ ਸਰਕਾਰੀ ਨੌਕਰੀ, 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਗੰਨੇ ਦੇ ਬਕਾਏ, ਨੌਜਵਾਨਾਂ ਨੂੰ ਸਮਾਰਟ ਫ਼ੋਨ ਅਤੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ ਵਾਲੇ ਆਪਣੇ ਲਿਖਤ ਚੋਣ ਵਾਅਦੇ ਤੋਂ ਭੱਜ ਗਏ ਹਨ, ਇਸ ਲਈ ਹੁਣ ਲੋਕ ਕਾਂਗਰਸ ਨੂੰ ਭਜਾਉਣ ਲਈ ਪੂਰੀ ਤਰਾਂ ਨਾਲ ਕਮਰ ਕੱਸੀ ਬੈਠੇ ਹਨ। ਦੂਜੇ ਪਾਸੇ ਭਾਜਪਾ ਅਤੇ ਅਕਾਲੀ ਦਲ ਦੇ 10 ਸਾਲਾਂ ਦੇ ਮਾਫ਼ੀਆ ਰਾਜ ਨੂੰ ਪੰਜਾਬ ਦੀ ਜਨਤਾ ਅਗਲੇ ਕਈ ਦਹਾਕਿਆਂ ਤੱਕ ਭੁੱਲ ਨਹੀਂ ਸਕਦੀ। ਭਾਜਪਾ ਦੀ ਕੇਂਦਰ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਦੇਸ਼ ਅਤੇ ਦੇਸ਼ ਦੇ ਹਰ ਵਰਗ ਨੂੰ ਠਿੱਬੀ ਲਗਾਈ ਹੈ, ਉਸ ਤੋਂ ਦੁਖੀ ਵਪਾਰੀ, ਦੁਕਾਨਦਾਰ, ਮੁਲਾਜ਼ਮ ਅਤੇ ਕਿਸਾਨ, ਮਜ਼ਦੂਰ ਵਰਗ ਭਾਜਪਾ ਨੂੰ ਵੋਟ ਤਾਂ ਦੂਰ ਭਾਜਪਾ ਦਾ ਨਾਂ ਲੈ ਕੇ ਵੀ ਰਾਜ਼ੀ ਨਹੀਂ।
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਸਾਰੇ ਆਗੂਆਂ ਅਤੇ ਵਰਕਰਾਂ-ਵਲੰਟੀਅਰਾਂ ਨੂੰ ਮੋਰਚੇ ‘ਚ ਡਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਨਾਪਾਕ ਸਿਆਸੀ ਗੱਠਜੋੜ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜਨਤਾ ਨੂੰ ਕਾਂਗਰਸ ਅਤੇ ਭਾਜਪਾ ਵੱਲੋਂ ਕੀਤੀਆਂ ਗਈਆਂ ਵਾਅਦਾ ਖਿਲਾਫੀਆਂ ਵਿਰੁੱਧ ਡਟਣ ਦਾ ਹੋਕਾ ਘਰ-ਘਰ ਜਾ ਕੇ ਦੇਵੇਗੀ।
ਖਹਿਰਾ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਕੋਲ ‘ਆਪ‘ ਉਮੀਦਵਾਰ ਮੇਜਰ ਜਨਰਲ ਖਜੂਰੀਆਂ ਦਾ ਕੋਈ ਤੋੜ ਨਹੀਂ ਹੈ ਕਿਉਂਕਿ ਦੋਵੇਂ ਪਾਰਟੀਆਂ ਦੇ ਉਮੀਦਵਾਰ ਮੌਕਾਪ੍ਰਸਤ ਅਤੇ ਪੈਰਾਸ਼ੂਟਰ ਹਨ। ਸੁਨੀਲ ਜਾਖੜ ਅਬੋਹਰ ਤੋਂ ਲਿਆ ਕੇ ਥਾਪਿਆ ਗਿਆ ਹੈ ਜਦਕਿ ਸਵਰਨ ਸਲਾਰੀਆ ਮੁੰਬਈ ਤੋਂ ਆਇਆ ਪ੍ਰਵਾਸੀ ਪੰਛੀ ਹੈ, ਦੋਵਾਂ ਦਾ ਗੁਰਦਾਸਪੁਰ ਅਤੇ ਪਠਾਨਕੋਟ ਦੀ ਜਨਤਾ ਦੇ ਰੋਜ਼ਮੱਰਾ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।