ਕਰੋਨਾ ਕਾਲ ਚ ਮੀਡੀਏ ਦੀ ਭੂਮਿਕਾ ਬਾਰੇ ਕਾਲਮ ਨਵੀਸ ਮੰਚ ਵਲੋ ਵੈੱਬੀਨਾਰ
ਫਗਵਾੜਾ, 03 ਅਗਸਤ 2020: ਪੰਜਾਬੀ ਕਾਲਮ ਨਵੀਸ ਮੰਚ ਵਲੋ ਕਰੋਨਾ ਕਾਲ ਚ ਦਰਪੇਸ਼ ਸਮੱਸਿਆਵਾਂ ਬਾਰੇ ਕਾਲਮ ਨਵੀਸ, ਬੁੱਧੀਜੀਵੀਆਂ, ਬੁੱਧੀਮਾਨ ਅਤੇ ਚਿੰਤਕਾਂ ਨਾਲ ਲੜੀਵਾਰ ਵੈੱਬੀਨਾਰ ਚਰਚਾ ਦੇ ਸਿਲਸਿਲੇ ਨੂੰ ਅਗੇ ਤੋਰਦਿਆਂ ਇਸ ਐਤਵਾਰ ਨੂੰ ਕਰੋਨਾ ਕਾਲ ਚ ਮੀਡੀਏ ਦੀ ਭੂਮਿਕਾ ਬਾਰੇ ਵੈੱਬੀਨਾਰ ਕੀਤਾ ਗਿਆ ।
ਇਸ ਦੇ ਮੁੱਖ ਵਕਤਾ ਡਾ ਹਰਜਿੰਦਰ ਸਿੰਘ ਵਾਲੀਆ ਸਾਬਕਾ ਮੁੱਖੀ ਪੱਤਰਕਾਰੀ ਜਨ ਸੰਚਾਰ ਵਿਭਾਗ ਅਤੇ ਡਾਇਰੈਕਟਰ ਆਈ ਏ ਐਸ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੀਡੀਆ ਤੇ ਪੱਤਰਕਾਰੀ ਦੇ ਫ਼ਰਕ ਨਿਖੇੜਦਿਆਂ ਕਈ ਅਹਿਮ ਨੁਕਤੇ ਖੜ੍ਹੇ ਕੀਤੇ। ਉਨ੍ਹਾਂ ਕਿਹਾ ਅਜੋਕੀ ਪੱਤਰਕਾਰੀ ਆਪਣੀ ਭੂਮਿਕਾ ਤੇ ਲੋਕ ਸਰੋਕਾਰਾਂ ਸਬੰਧੀ ਆਪਣੀ ਜੁੰਮੇਵਾਰੀ ਤੋਂ ਥਿੜਕ ਗਈ ਹੈ।ਇਸ ਦਾ ਬਹੁਤ ਵੱਡਾ ਹਿੱਸਾ
ਸੱਤਾ ਨੂੰ ਸੁਆਲ ਕਰਨ ਤੇ ਲੋਕ ਸਰੋਕਾਰਾਂ ਸਬੰਧੀ ਉਸ ਦੀ ਜੁਆਬਦੇਹੀ ਕਰਨ ਦੀ ਬਜਾਏ ਉਸਦਾ ਤਰਜਮਾਨ ਬਣਕੇ ਹੀ ਤਰਜੀਹੀ ਏਜੰਡੇ ਤੇ ਇਕ ਤਰਫਾ ਤੇ ਸਨਸਨੀਖੇਜ਼ ਕਰ ਰਿਹਾ ਹੈ। ਕਰੋਨਾ ਕਾਲ ਚ ਉਸ ਦਾ ਇਹ ਰੁਝਾਨ ਹੋਰ ਸਪਸ਼ਟ ਤੇ ਉਭਰਵੇ ਰੂਪ ਚ ਸਾਹਮਣੇ ਆਇਆ ਹੈ। ਮੁਲਕ ਦੀ ਤਾਲਾਬੰਦੀ ਕਰਨ ਤੇ ਇਸ ਨੂੰ ਪੜਾਅ ਵਾਰ ਖੋਲ੍ਹਣ ਦੀ ਸਮਾਂ ਸੀਮਾ, ਵਿਉਤਬੰਦੀ ਤੇ ਇਸ ਦੇ ਸਿੱਟੇ ਬਹੁਤ ਸਾਰੇ ਗੰਭੀਰ ਸੁਆਲਾਂ ਦੇ ਘੇਰੇ ਚ ਹਨ। ਇਨ੍ਹਾਂ ਦੇ ਜੁਆਬ ਨਾ ਤਾਂ ਪ੍ਰਧਾਨ ਮੰਤਰੀ ਤੇ ਉਸਦੀ ਸਰਕਾਰ ਦੇਣ ਨੂੰ ਤਿਆਰ ਹੈ ਤੇ ਨਾ ਹੀ ਭਾਰੂ ਮੀਡੀਆ ਖ਼ਾਸ ਕਰਕੇ ਇਲੈਕਟ੍ਰੋਨਿਕ ਦੀ ਇਸ ਚ ਕੋਈ ਦਿਲਚਸਪੀ ਹੈ। ਉਸ ਦੀ ਤਰਜੀਹੀ ਦਿਲਚਸਪੀ ਤਾਂ ਟੀ ਆਰ ਪੀ ਵਧਾਉਣ ਤੇ ਇਸ ਨੂੰ ਮੁਨਾਫੇ ਚ ਬਦਲਣ ਅਤੇ ਇਸ ਬੀਮਾਰੀ ਨੂੰ ਵਰਤਣ ਚ ਹੈ। ਇਸ ਕਰਕੇ ਉਹ ਇਸ ਬਿਮਾਰੀ ਬਾਰੇ ਸਿਹਤ ਮਾਹਿਰਾਂ ਦੀ ਵਿਗਿਆਨਕ ਰਾਏ ਅਨੁਸਾਰ ਮੁਲਕ ਚ ਜਾਗਰੂਕਤਾ ਪੈਦਾ ਕਰਨ ਦੀ ਬਜਾਏ ਇਸ ਬਾਰੇ ਸਨਸਨੀਜਨਕ ਖੌਫ਼ ਤੇ ਦਹਿਸ਼ਤ ਪੈਦਾ ਕਰ ਤੇ ਵਧਾ ਰਿਹਾ ਹੈ। ਵਾਲੀਆ ਨੇ ਕੇਂਦਰ ਸਰਕਾਰ 'ਤੇ ਵੀ ਗੰਭੀਰ ਸੁਆਲ ਖੜ੍ਹੇ ਕਰਦਿਆ ਸਪੱਸ਼ਟ ਕਿਹਾ ਕਿ ਸਰਕਾਰ ਮੁੱਖ ਤਰਜੀਹ ਕਰੋਨਾ ਨੂੰ ਫੈਲਣ ਤੋ ਰੋਕਣ ਤੇ ਮੁਲਕ ਨੂੰ ਬਜਾਏ ਨਮਸਤੇ ਟਰੰਪ ਤੇ ਮਿਸ਼ਨ ਮਧ ਪ੍ਰਦੇਸ਼ ਰਹੀ ਹੈ। ਇਸ ਦੇ ਪੂਰਾ ਕਰਨ ਬਾਅਦ ਹੀ ਮੁਲਕ ਨੂੰ ਬਿਨਾਂ ਖਬਰਦਾਰ ਕੀਤਿਆਂ ਤੇ ਕੋਈ ਸਮਾਂ ਦਿੱਤਿਆ ਇਕ ਦਮ ਤਾਲਾਬੰਦੀ/ਘਰਬੰਦੀ ਚ ਬੰਦ ਕਰ ਦਿੱਤਾ। ਇਥੋਂ ਤਕ ਇਸ ਦੀ ਮੁੱਢਲੀ ਤਿਆਰੀ ਤੇ ਸੰਭਾਵਤ ਸਿਟਿਆਂ ਦਾ ਅਗਾਉਂ ਅਨੁਮਾਨ ਨਾ ਤਾਂ ਆਪ ਤੇ ਨਾ ਹੀ ਮੁਲਕ ਨੂੰ ਲਾਉਣ ਤੇ ਇਸ ਦੇ ਟਾਕਰੇ ਲਈ ਲੋੜੀਂਦੀ ਰਣਨੀਤੀ ਤੈਅ ਕਰਨ ਦਿੱਤੀ। ਇਸ ਦੇ ਗੰਭੀਰ ਨਾਂਹ ਪੱਖੀ ਸਿੱਟੇ ਤੇ ਇਨ੍ਹਾਂ ਦਾ ਮਾੜਾ ਅਸਰ ਮੁਲਕ ਤੇ ਵਿਸ਼ੇਸ਼ ਕਰਕੇ ਲੇਬਰ ਤੇ ਖਾਸ ਕਰਕੇ ਪ੍ਰਵਾਸੀ ਲੇਬਰ ਨੂੰ ਭੁਗਤਦਿਆਂ ਵਿਦੇਸ਼ਾਂ ਚ ਵੇਖਿਆ ਗਿਆ। ਇਸ ਨੇ ਕੌਮਾਂਤਰੀ ਸ਼ਰਮਿੰਦਗੀ ਦਾ ਮੁਲਕ ਵਿਆਪੀ ਅਹਿਸਾਸ ਪੈਦਾ ਕੀਤਾ।
ਸੁਰਿੰਦਰ ਮਚਾਕੀ, ਰਣਜੀਤ ਧੀਰ ਯੂ ਕੇ, ਵਰਿੰਦਰ ਸ਼ਰਮਾ ਐਮ ਪੀ ਯੂ ਕੇ,ਕੇਹਰ ਸ਼ਰੀਫ ਜਰਮਨੀ, ਡਾ ਸ਼ਿਆਮ ਸੁੰਦਰ ਦੀਪਤੀ, ਐਡਵੋਕੇਟ ਦਰਸ਼ਨ ਸਿੰਘ ਰਿਆੜ, ਜੀ ਐਸ ਗੁਰਦਿੱਤ , ਗੁਰਮੀਤ ਸਿੰਘ ਪਲਾਹੀ ਨੇ ਵੈਬੀਨਾਰ 'ਤੇ ਚਰਚਾ ਅਗੇ ਤੋਰਦਿਆਂ ਕਈ ਗੰਭੀਰ ਨੁਕਤੇ ਜੋੜੇ। ਇਨ੍ਹਾਂ ਅਨੁਸਾਰ ਮੁਲਕ ਦੀਆਂ ਮੁੱਖ ਸਮੱਸਿਆਵਾਂ ਕੀ ਹਨ ? ਇਹ ਵੀ ਹੁਣ ਇਹ ਭਾਰੂ ਮੀਡੀਆ ਹੀ ਤੈਅ ਕਰ ਰਿਹਾ। ਇਸ ਮੁਤਾਬਕ ਕਰੋਨਾ, ਇਸ ਨਾਲ ਵਧ ਰਹੇ ਮਰੀਜ਼ ਤੇ ਮੌਤਾਂ, ਤਾਲਾਬੰਦੀ ਕਾਰਨ ਵਧ ਰਿਹਾ ਆਰਥਿਕ ਸੰਕਟ, ਵੇਚੇ ਜਾ ਰਹੇ ਜਨਤਕ ਅਦਾਰੇ, ਵਧ ਰਹੀ ਬੇਕਾਰੀ, ਖੋਹੇ ਜਾ ਰਹੇ ਰੁਜ਼ਗਾਰ, ਸਾਹੋ ਸਾਹੀ ਹੋ ਰਿਹਾ ਸਿਹਤਤੰਤਰ ਤੇ ਵਖ ਵਖ ਹਿਸਿਆਂ ਚ ਆਇਆ ਹੜ੍ਹ ਤੇ ਇਸ ਨਾਲ ਹੋ ਰਿਹਾ ਜਾਨੀ - ਮਾਲੀ ਨੁਕਸਾਨ ਨਹੀ , ਸੈਲੀਬਰੇਟੀ ਕਰੋਨਾ ਮਰੀਜ਼, ਸੈਲੀਬਰੇਟੀ ਆਤਮ ਹੱਤਿਆ, ਰਾਫੇਲ ਜਹਾਜ਼ ਤੇ ਅਯੁੱਧਿਆ ਚ ਰਾਮ ਮੰਦਰ ਉਸਾਰੀ ਹੀ ਮੁਲਕ ਦੇ ਪ੍ਰਮੁਖ ਮੁੱਦੇ ਹਨ।
ਉਨ੍ਹਾਂ ਤਸੱਲੀ ਪ੍ਰਗਟਾਈ ਕਿ ਮੁਲਕ ਦਾ ਭਾਰੂ ਮੀਡੀਆ ਗੋਦੀ ਤੇ ਮੋਦੀ ਮੀਡੀਆ ਬਣਕੇ ਲੋਕ ਤੇ ਲੋਕ ਸਰੋਕਾਰਾਂ ਨਾਲ ਧਰੋਹ ਕਮਾਅ ਰਿਹਾ ਹੈ ਤੇ ਅਜੇ ਵੀ ਕੁੱਝ ਟੀ ਵੀ ਨਿਊਜ ਚੈਨਲ ਤੇ ਪ੍ਰਿੰਟ ਮੀਡੀਏ ਦਾ ਵੱਡਾ ਹਿੱਸਾ ਇਸ ਲੋਕ ਤੇ ਲੋਕਤੰਤਰ ਵਿਰੋਧੀ ਵਹਿਣ ਚ ਨਹੀਂ ਵਹਿਆ। ਆਰਥਕ ਤੇ ਵਿਚਾਰਧਾਰਕ ਸਮੇਤ ਕਈ ਤਰ੍ਹਾਂ ਦੇ ਸੰਕਟ ਨਾਲ ਜੂਝਦਿਆ ਲੋਕ ਮੁੱਖੀ ਪੱਤਰਕਾਰੀ ਲੋਕ ਸਰੋਕਾਰਾਂ ਨਾਲ ਆਪਣੀ ਵਚਨਬੱਧਤਾ ਨਿਭਾ ਰਹੀ ਹੈ। ਸ਼ੋਸ਼ਲ ਮੀਡੀਆ ਵੀ ਇਸ ਦਿਸ਼ਾ ਚ ਵੱਡੀ ਭੂਮਿਕਾ ਨਿਭਾ ਰਿਹਾ ਹੈ ਪਰ ਇਸ ਨੂੰ ਜੁੰਮੇਵਾਰ ਤੇ ਜੁਆਬਦੇਹ ਬਣਾਉਣ ਲਈ ਨੇਮਬੰਦ ਕਰਨਾ ਜਰੂਰੀ ਹੈ। ਇਸ ਵੈਬੀਨਾਰ ਨੂੰ ਸੂਤਰਬੱਧ ਗੁਰਮੀਤ ਸਿੰਘ ਪਲਾਹੀ ਨੇ ਤੇ ਤਕਨੀਕੀ ਸੰਚਾਲਨ ਪਰਵਿੰਦਰਜੀਤ ਸਿੰਘ ਕੀਤਾ।