ਸ਼ਰਨਾਰਥੀਆਂ ਨੂੰ ਦਹਿਸ਼ਤ ਪ੍ਰਭਾਵਿਤ ਸ਼ਰਨਾਰਥੀਆਂ ਦਾ ਦਰਜਾ ਦੇ ਕੇ ਪੂਰੀ ਮਦਦ ਦੇਣ ਦੀ ਕੀਤੀ ਮੰਗ
ਅਵਨੀਤ ਕੌਰ ਭਾਟੀਆ ਨੇ ਅਕਾਲੀ ਦਲ ਛੱਡਿਆ, 'ਜਾਗੋ' ਵਿੱਚ ਹੋਈ ਸ਼ਾਮਿਲ
'ਜਾਗੋ' ਦੀ 'ਯੂਥ ਕੌਰ ਬ੍ਰਿਗੇਡ' ਦੀ ਬਣੀ ਪ੍ਰਧਾਨ
ਅਕਾਲੀ ਦਲ ਨੇ ਕਮੇਟੀ ਚੋਣ ਵਿੱਚ ਦੇਰੀ ਲਈ ਹਾਈਕੋਰਟ ਦਾ ਰੁਖ਼ ਕੀਤਾ : ਜੀਕੇ
ਨਵੀਂ ਦਿੱਲੀ 22 ਅਗਸਤ 2020: ਅਫ਼ਗ਼ਾਨਿਸਤਾਨ ਤੋਂ ਵਿਸਥਾਪਿਤ ਹੋਏ ਹਿੰਦੂ ਅਤੇ ਸਿੱਖਾਂ ਨੂੰ ਲੈ ਕੇ 'ਜਾਗੋ' ਪਾਰਟੀ ਨੇ ਯੂਨਾਈਟਿਡ ਨੇਸ਼ਨ ਦੇ ਦਿੱਲੀ ਦਫ਼ਤਰ ਨੂੰ ਪੱਤਰ ਭੇਜਿਆ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਯੂਨਾਈਟਿਡ ਨੇਸ਼ਨ ਦੇ ਸਕੱਤਰ ਜਰਨਲ ਨੂੰ ਭੇਜੇ ਗਏ ਪੱਤਰ ਵਿੱਚ ਅਫ਼ਗ਼ਾਨਿਸਤਾਨ ਤੋਂ ਵਿਸਥਾਪਿਤ ਹੋਏ ਹਿੰਦੂ ਅਤੇ ਸਿੱਖਾਂ ਨੂੰ ਦਹਿਸ਼ਤ ਪ੍ਰਭਾਵਿਤ ਸ਼ਰਨਾਰਥੀ ਦਾ ਦਰਜਾ ਅਤੇ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦੱਸਿਆ ਕਿ ਵੀਰਵਾਰ ਨੂੰ ਅਫ਼ਗ਼ਾਨਿਸਤਾਨ ਤੋਂ ਆਖ਼ਰੀ ਸ਼ਰਨਾਰਥੀਆਂ ਦਾ ਜਥਾ ਵੀ ਵਾਪਸ ਪਰਤ ਆਇਆ ਹੈ। ਹੁਣ ਸਾਡੀ ਜਾਣਕਾਰੀ ਅਨੁਸਾਰ ਅਫ਼ਗ਼ਾਨਿਸਤਾਨ ਵਿੱਚ ਇਤਿਹਾਸਕ ਗੁਰਦਵਾਰਿਆਂ ਅਤੇ ਹੋਰ ਘੱਟਗਿਣਤੀ ਲੋਕਾਂ ਦੇ ਧਾਰਮਿਕ ਸਥਾਨ ਲਾਵਾਰਿਸ ਹਾਲਾਤ ਵਿੱਚ ਰਹਿ ਗਏ ਹਨ । ਨਾਲ ਹੀ ਸ਼ਰਨਾਰਥੀਆਂ ਦੀ ਵਪਾਰਕ ਅਤੇ ਘਰੇਲੂ ਜਾਇਦਾਦਾਂ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਹੈ। ਇਸ ਲਈ ਅਸੀਂ ਯੂਨਾਈਟਿਡ ਨੇਸ਼ਨ ਨੂੰ ਇਸ ਵੱਲ ਵੀ ਧਿਆਨ ਦੇਣ ਦੀ ਅਪੀਲ ਕੀਤੀ ਹੈ। ਕਿਉਂਕਿ ਇਹਨਾਂ ਜਾਇਦਾਦਾਂ ਉੱਤੇ ਕੋਈ ਵੀ ਕਬਜ਼ਾ ਕਰ ਸਕਦਾ ਹੈ।
ਇਸ ਮੌਕੇ ਇਸਤਰੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਜਨਰਲ ਸਕੱਤਰ ਅਤੇ ਪੱਤਰਕਾਰ ਤੇ ਰੰਗਕਰਮੀ ਅਵਨੀਤ ਕੌਰ ਭਾਟੀਆ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਸਣੇ 'ਜਾਗੋ' ਵਿੱਚ ਸ਼ਾਮਿਲ ਹੋਈ। ਜੀਕੇ ਅਤੇ ਕੌਰ ਬ੍ਰਿਗੇਡ ਦੀ ਪ੍ਰਧਾਨ ਮਨਦੀਪ ਕੌਰ ਬਖ਼ਸ਼ੀ ਨੇ ਅਵਨੀਤ ਅਤੇ ਹੋਰਨਾਂ ਨੂੰ ਸਿਰੋਪਾਉ ਪਾਕੇ ਪਾਰਟੀ ਵਿੱਚ ਸ਼ਾਮਿਲ ਕੀਤਾ। ਜੀਕੇ ਨੇ ਅਵਨੀਤ ਨੂੰ ਪਾਰਟੀ ਦੀ ਨਵੀਂ ਇਕਾਈ 'ਯੂਥ ਕੌਰ ਬ੍ਰਿਗੇਡ' ਦਾ ਪ੍ਰਧਾਨ ਅਤੇ ਕੌਰ ਬ੍ਰਿਗੇਡ ਦਾ ਮੀਡੀਆ ਸਲਾਹਕਾਰ ਨਿਯੁਕਤ ਕਰਨ ਦਾ ਐਲਾਨ ਕੀਤਾ। ਜੀਕੇ ਨੇ ਕਿਹਾ ਕਿ 'ਜਾਗੋ' ਪਾਰਟੀ ਔਰਤਾਂ ਨੂੰ ਸਿਆਸਤ ਅਤੇ ਪ੍ਰਬੰਧ ਵਿੱਚ ਵਿਆਪਕ ਹਿੱਸੇਦਾਰੀ ਦੇਣ ਲਈ ਤਿਆਰ ਹੈ, ਇਸ ਲਈ ਦਿਨੋਂ ਦੀਨ ਔਰਤਾਂ ਦੀ ਗਿਣਤੀ ਪਾਰਟੀ ਵਿੱਚ ਵੱਧ ਰਹੀ ਹੈ। ਅਵਨੀਤ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਉਸ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਉਹ ਨਿਭਾਵੇਗੀ। ਅੱਜ ਤੱਕ ਇਹ ਮੰਨਿਆ ਜਾਂਦਾ ਹੈ ਕਿ ਔਰਤਾਂ ਲਈ ਸਿਆਸਤ ਅੱਛਾ ਖੇਤਰ ਨਹੀਂ ਹੈ, ਪਰ ਉਹ ਇਸ ਗੱਲ ਨੂੰ ਝੂਠਲਾਉਣ ਲਈ ਇਸ ਖੇਤਰ ਵਿੱਚ ਆਈ ਹੈ।
ਜੀਕੇ ਨੇ ਬਾਦਲ ਦਲ ਵੱਲੋਂ 19 ਅਗਸਤ ਨੂੰ ਦਿੱਲੀ ਹਾਈਕੋਰਟ ਵਿੱਚ ਦਿੱਲੀ ਕਮੇਟੀ ਚੋਣ ਨੂੰ ਲੈ ਕੇ ਦਰਜ ਕੀਤੀ ਗਈ ਪਟੀਸ਼ਨ ਨੂੰ ਚੋਣ ਵਿੱਚ ਦੇਰੀ ਕਰਨ ਦੀ ਕੋਸ਼ਿਸ਼ ਦੱਸਦੇ ਹੋਏ ਤੰਜ ਕੱਸਿਆ ਕਿ ਆਪਸ ਵਿੱਚ ਸ਼ਕਤੀਆਂ ਨੂੰ ਲੈ ਕੇ ਲੜ ਰਹੇ ਲੋਕਾਂ ਨੂੰ ਚੋਣ ਵਿੱਚ ਹੋਣ ਵਾਲੇ ਆਪਣਾ ਹਾਲ ਦਾ ਪਤਾ ਹੈ। ਇਸ ਲਈ ਹਾਰ ਨੂੰ ਕੁੱਝ ਸਮਾਂ ਲਈ ਟਾਲਣ ਦੀ ਇਹ ਕੋਸ਼ਿਸ਼ ਹੈ। ਪਰ 25 ਅਗਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ 'ਜਾਗੋ' ਪਾਰਟੀ ਵੀ ਇਸ ਕੇਸ ਵਿੱਚ ਦਾਖਲ ਹੋਣ ਦਾ ਬੇਨਤੀ ਪੱਤਰ ਦਰਜ ਕਰੇਗੀ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ, ਸੂਬਾ ਪ੍ਰਧਾਨ ਚਮਨ ਸਿੰਘ, ਧਰਮ ਪ੍ਰਚਾਰ ਮੁੱਖੀ ਬੀਬੀ ਤਰਵਿੰਦਰ ਕੌਰ ਖ਼ਾਲਸਾ, ਕਾਨੂੰਨੀ ਸਲਾਹਕਾਰ ਐਡਵੋਕੇਟ ਪਰਮਿੰਦਰ ਸਿੰਘ ਗੋਈਂਦੀ, ਬੁਲਾਰੇ ਗੁਰਵਿੰਦਰ ਪਾਲ ਸਿੰਘ, ਕੌਰ ਬ੍ਰਿਗੇਡ ਦੀ ਸੰਯੋਜਕ ਬੀਬੀ ਹਰਪ੍ਰੀਤ ਕੌਰ ਆਦਿਕ ਮੌਜੂਦ ਸਨ।