www.itipunjab.nic.in ਰਾਹੀਂ ਸਿਖਿਆਰਥੀ 18 ਟਰੇਡਾਂ ’ਚੋਂ ਪਸੰਦੀਦਾ ਟਰੇਡ ’ਚ ਲੈ ਸਕਦੇ ਨੇ ਦਾਖਲਾ
ਸਰਕਾਰੀ ਆਈ.ਟੀ.ਆਈ, ਹੁਸ਼ਿਆਰਪੁਰ ’ਚ 664 ਸੀਟਾਂ
ਹੁਸ਼ਿਆਰਪੁਰ, 20 ਅਗਸਤ 2020: ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਨੇ ਆਈ.ਟੀ.ਆਈ. ਦੀਆਂ ਵੱਖ-ਵੱਖ ਟਰੇਡਾਂ ਵਿੱਚ ਦਾਖਲਿਆਂ ਲਈ ਰਜਿਸਟ੍ਰੇਸ਼ਨ ਨੂੰ 26 ਅਗਸਤ ਤੱਕ ਵਧਾ ਦਿੱਤਾ ਹੈ, ਜਿਸ ਨਾਲ ਸਿਖਿਆਰਥੀ ਹੁਸ਼ਿਆਰਪੁਰ ਦੀ ਸਰਕਾਰੀ ਆਈ.ਟੀ.ਆਈ ਵਿਚਲੀਆਂ 18 ਟਰੇਡਾਂ ਵਿਚੋਂ ਆਪਣੀ ਪਸੰਦੀਦਾ ਟਰੇਡ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਛੁੱਕ ਸਿਖਿਆਰਥੀ ਵਿਭਾਗ ਦੀ ਵੈਬਸਾਈਟ www.itipunjab.nic.in ਰਾਹੀਂ ਆਪਣੇ ਆਪ ਨੂੰ ਰਜਿਸਟਰਡ ਕਰਕੇ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਆਈ.ਟੀ.ਆਈ. ਵਿੱਚ ਕਰਾਫਟਮੈਨਸ ਟਰੇਨਿੰਗ ਸਕੀਮ ਤਹਿਤ 516 ਅਤੇ ਡੂਅਲ ਸਿਸਟਮ ਆਫ ਟਰੇਨਿੰਗ ਤਹਿਤ 148 ਸੀਟਾਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਾਨਕ ਆਈ.ਟੀ.ਆਈ. ਵਿਚਲੀਆਂ ਕੁੱਲ 664 ਸੀਟਾਂ 18 ਟਰੇਡਾਂ ਵਿੱਚ ਉਪਲਬੱਧ ਹਨ ਜਿਨ੍ਹਾਂ ਟਰੇਡਾਂ ਵਿੱਚ ਫਿਟਰ, ਟਰਨਰ, ਮਸ਼ੀਨਿਸਟ ਗਰਾਂਈਡਰ, ਮਕੈਨਿਕ ਮੋਟਰ ਵ੍ਹੀਕਲ, ਸੂਚਨਾ ਸੰਚਾਰ ਤਕਨਾਲੋਜੀ ਸਿਸਟਮ ਮੈਂਟੀਨੈਂਸ, ਡਰਾਫਟਸਮੈਨ ਸਿਵਲ, ਮਕੈਨਿਕ ਆਰ.ਏ.ਸੀ, ਮਕੈਨਿਕ ਟਰੈਕਟਰ, ਮਕੈਨਿਕ ਡੀਜਲ, ਸਟੈਨੋਗ੍ਰਾਫੀ ਅਤੇ ਸੈਕਟੇਰੀਅਲ ਅਸਿਸਟੈਂਟ (ਅੰਗਰੇਜੀ), ਕਾਰਪੇਂਟਰ, ਵੈਲਡਰ, ਪਲੰਬਰ ਮਕੈਨਿਕ ਆਟੋ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ, ਮਕੈਨਿਕ ਆਟੋਬਾਡੀ ਰਿਪੇਅਰ ਅਤੇ ਕੰਪਿਊਟਰ ਹਾਰਡਵੇਅਰ ਨੈਟਵਰਕ ਮੈਂਟੀਨੈਂਸ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕਾਰਪੇਂਟਰ, ਵੈਲਡਰ ਅਤੇ ਪਲੰਬਰ ਟਰੇਡ ਵਿੱਚ ਦਾਖਲਾ ਲੈਣ ਲਈ ਉਮੀਦਵਾਰ 8ਵੀਂ ਪਾਸ ਹੋਣਾ ਚਾਹੀਦਾ ਹੈ ਜਦਕਿ ਬਾਕੀ ਟਰੇਡਾਂ ਲਈ 10ਵੀਂ ਪਾਸ। ਬਾਰ੍ਹਵੀਂ ਪਾਸ ਵਿਦਿਆਰਥੀਆਂ ਨੂੰ ਦਾਖਲੇ ਲਈ 3 ਅੰਕ ਵੱਖਰੇ ਤੌਰ ’ਤੇ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਨੂੰ ਜੋ ਕਿ ਇਕ ਜਾਂ ਦੋ ਸਾਲ ਦੀ ਮਿਆਦ ਵਾਲੇ ਹਨ ਲੜਕੀਆਂ ਵੀ ਦਾਖਲਾ ਲੈ ਸਕਦੀਆਂ ਹਨ। ਅਪਨੀਤ ਰਿਆਤ ਨੇ ਦੱਸਿਆ ਕਿ ਡੀ.ਐਸ.ਟੀ ਤਹਿਤ ਆਈ.ਟੀ.ਆਈ. ਵਲੋਂ ਉਘੀਆਂ ਸਨਅਤਾਂ ਨਾਲ ਸਮਝੌਤਾ ਸਹੀਬਧ ਕੀਤਾ ਗਿਆ ਹੈ ਤਾਂ ਜੋ ਲੋੜੀਂਦੀ ਟਰੇਨਿੰਗ ਤੋਂ ਬਾਅਦ ਸਿਖਿਆਰਥੀਆਂ ਲਈ ਰੋਜ਼ਗਾਰ ਦੇ ਮੌਕੇ ਵੀ ਯਕੀਨੀ ਬਣਾਏ ਜਾਣ।
ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵਲੋਂ ਰਜਿਸਟ੍ਰੇਸ਼ਨ ਵੇਲੇ 100 ਰੁਪਏ ਦੀ ਫੀਸ ਵੀ ਆਨਲਾਈਨ ਦਿੱਤੀ ਜਾਵੇਗੀ ਅਤੇ ਅਨੁਸੂਚਿਤ ਜਾਤੀ ਵਿਦਿਆਰਥੀ, ਜਿਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਘੱਟ ਹੈ, ਦੀ ਪੂਰੀ ਟਿਊਸ਼ਨ ਫੀਸ ਮੁਆਫ ਹੈ। ਉਨ੍ਹਾਂ ਕਿਹਾ ਕਿ ਬਾਕੀ ਵਿਦਿਆਰਥੀ ਦਾਖਲਾ ਫੀਸ ਚਾਰ ਕਿਸ਼ਤਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ।
ਰਜਿਸਟ੍ਰੇਸ਼ਨ ਸਬੰਧੀ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਹਰਪਾਲ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਅਗਸਤ ਤੱਕ ਰਜਿਸਟ੍ਰੇਸ਼ਨ ਉਪਰੰਤ 27 ਅਗਸਤ ਨੂੰ ਵੈਰੀਫਿਕੇਸ਼ਨ ਅਤੇ 31 ਅਗਸਤ ਨੂੰ ਨਤੀਜਾ ਐਲਾਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੁੱਣੇ ਗਏ ਉਮੀਦਵਾਰ 3 ਸਤੰਬਰ ਤੱਕ ਆਈ.ਟੀ.ਆਈ. ਵਿਖੇ ਰਿਪੋਰਟ ਕਰ ਸਕਦੇ ਹਨ।