ਨਵਾਂਸ਼ਹਿਰ 05 ਅਗਸਤ 2020: ਅੱਜ ਟਰਾਂਸਪੋਰਟ ਵਰਕਰਜ ਐਸੋਸੀਏਸ਼ਨਾਂ ਦੀ ਤਾਲਮੇਲ ਕਮੇਟੀ ਦੇ ਦੇਸ਼ ਵਿਆਪੀ ਸੱਦੇ ਉੱਤੇ ਨਿਊ ਆਟੋ ਵਰਕਰਜ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਪਣੀਆਂ ਮੰਗਾਂ ਤੇ ਅਧਾਰਤ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ, ਕੇਂਦਰੀ ਟਰਾਂਸਪੋਰਟ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਭੇਜੇ ਗਏ ।ਇਸ ਮੌਕੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਪੁਨੀਤ ਕਲੇਰ ਬਛੌੜੀ ਅਤੇ ਮੀਤ ਪ੍ਰਧਾਨ ਬਿੱਲਾ ਗੁੱਜਰ ਨਵਾਂਸ਼ਹਿਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਨਵੀਂ ਟਰਾਂਸਪੋਰਟ ਨੀਤੀ ਛੋਟੇ ਅਤੇ ਦਰਮਿਆਨੇ ਟਰਾਂਸਪੋਰਟਰਾਂ ਲਈ ਘਾਤਕ ਹੈ ।ਉਹਨਾਂ ਕਿਹਾ ਕਿ ਕੋਵਿਡ19ਦੇ ਚੱਲਦਿਆਂ ਸਰਕਾਰ ਵੱਲੋਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ, ਰੋਡ ਟੈਕਸ ਅਤੇ ਟੋਲ ਟੈਕਸ ਅਤੇ ਹੋਰ ਟੈਕਸਾਂ ਵਿਚ ਕੀਤੇ ਵਾਧੇ ਅਤੇ ਸਵਾਰੀਆਂ ਦੀ ਗਿਣਤੀ ਦੀ ਸੀਮਾ ਘਟਾਉਣ ਕਾਰਨ ਟਰਾਂਸਪੋਰਟ ਦਾ ਕਾਰੋਬਾਰ ਭਾਰੀ ਸੰਕਟ ਵਿਚੋਂ ਲੰਘ ਰਿਹਾ ਹੈ ।ਗੈਰ ਜਥੇਬੰਦਕ ਸੈਕਟਰ ਟਰਾਂਸਪੋਰਟ ਨਾਲ ਸਬੰਧਤ ਵਰਕਰ ਬਿਨਾਂ ਸੋਸ਼ਲ ਸਕਿਓਰਿਟੀ, ਭਲਾਈ ਸਕੀਮਾਂ ਅਤੇ ਕਿਰਤ ਕਾਨੂੰਨਾਂ ਦੀਆਂ ਸਹੂਲਤਾਂ ਤੋਂ ਸੇਵਾਵਾਂ ਦੇ ਰਹੇ ਹਨ ।ਪੁਲਸ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਅਕਤੂਬਰ ਮਹੀਨੇ ਤੱਕ 10ਹਜਾਰ ਰੁਪਏ ਪ੍ਰਤੀ ਮਹੀਨਾ ਪ੍ਰਤੀ ਆਟੋ ਦੇਣ,, ਮੋਟਰ ਵਹੀਕਲ ਐਕਟ2019 ਰੱਦ ਕਰਨ, ਪੈਟਰੋਲ/ਡੀਜ਼ਲ /ਸੀ ਐਨ ਜੀ ਦੀਆਂ ਕੀਮਤਾਂ ਵਿਚ ਵਾਧਾ ਵਾਪਸ ਲੈਣ ਅਤੇ ਅਸੰਗਠਿਤ ਟਰਾਂਸਪੋਰਟ ਵਰਕਰਾਂ ਨੂੰ ਸਮਾਜਿਕ ਸੁਰੱਖਿਆ ਦੇ ਅਧੀਨ ਲਿਆਉਣ ਦੀ ਮੰਗ ਕੀਤੀ ।ਇਸ ਮੌਕੇ ਭੁਪਿੰਦਰ ਸਿੰਘ ਭਿੰਦਾ, ਤਰਨਜੀਤ, ਅਨਿਲ ਕੁਮਾਰ, ਮਲਕੀਤ, ਲਖਵੀਰ ਲੰਗੜੋਆ,ਅਮਰਜੀਤ ਅਲੀ ਪੁਰ ਵੀ ਮੌਜੂਦ ਸਨ ।