ਅਸ਼ੋਕ ਵਰਮਾ
ਬਠਿੰਡਾ, 05 ਜੁਲਾਈ 2020: ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਲਕੇ ਬਠਿੰਡਾ ਸ਼ਹਿਰੀ ਵਿੱਚ ਡੈਮੋਕਰੈਟਿਕ ਟੀਚਰਜ ਫਰੰਟ ਨੇਂ ਭਰਾਤਰੀ ਅਧਿਆਪਕ ਜੱਥੇਬੰਦੀਆਂ ਦੀ ਹਮਾਇਤ ਨਾਲ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਮੁਲਾਜਮਾਂ ਤੇ ਲਗਾਤਾਰ ਕੀਤੇ ਜਾ ਰਹੇ ਆਰਥਿਕ ਹਮਲਿਆਂ ਖਿਲਾਫ ਮੋਟਰਸਾਇਕਲ ਮਾਰਚ ਕੱਢਿਆ ਜਿਸ ’ਚ ਵੱਡੀ ਗਿਣਤੀ ਔਰਤ ਅਧਿਆਪਕਾਂ ਵੀ ਸ਼ਾਮਲ ਹੋਈਆਂ। ਅੱਜ ਦੇ ਰੋਸ ਮਾਰਚ ਦੀ ਅਗਵਾਈ ਕਰ ਰਹੇ ਡੀਟੀਐੱਫ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ, ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਅਤੇ ਸੂਬਾਈ ਆਗੂ ਨਵਚਰਪ੍ਰੀਤ ਨੇ ਕੀਤੀ ਜਿੰਨਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਰੇਲਵੇ ਕੋਇਲਾ ਖਾਣਾਂ, ਖਣਿੱਜ ਅਤੇ ਮੁਨਾਫੇ ਵਾਲੇ ਸਾਰੇ ਜਨਤਕ ਖੇਤਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੌਂਪ ਕੇ ਤੇਜੀ ਨਾਲ ਨਿੱਜੀਕਰਨ ਦੇ ਰਾਹ ਤੇ ਚੱਲ ਰਹੀਆਂ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਐਕਟ 2020 ਲਿਆ ਕੇ ਖੇਤੀ ਖੇਤਰ ਅਤੇ ਆਰਥਿਕ ਸੰਕਟ ਦਾ ਸ਼ਿਕਾਰ ਕਿਸਾਨੀ ਦਾ ਗਲਾ ਘੁੱਟਣ ਰਾਹ ਅਖਤਿਆਰ ਕਰ ਲਿਆ ਹੈੈ ਜਦੋਂਕਿ ਕਿਰਤ ਕਾਨੂੰਨਾਂ ਵਿੱਚ ਸੋਧ ਕਰਕੇ ਕਿਰਤੀਆਂ ਦੀ ਲੁੱਟ ਵਧਾ ਦਿੱਤੀ ਹੈ ।
ਐਸ.ਐਸ.ਏ./ਰਮਸਾ ਦੇ ਸੂਬਾ ਸਕੱਤਰ ਹਰਜੀਤ ਜੀਦਾ, ਜਿਲਾ ਪ੍ਰਧਾਨ ਅਪਰ ਅਪਾਰ ਸਿੰਘ ਤੇ ਈਟੀਟੀ ਨਵਨਿਯੁਕਤ ਯੂਨੀਅਨ ਦੇ ਰਾਮਭਜਨ ਸਿੰਘ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਦਿਆਰਥੀ ਦੋਖੀ, ਭਗਵੇਂਕਰਨ ਅਤੇ ਸਿੱਖਿਆ ਖੇਤਰ ਵਿੱਚ ਨਿੱਜੀਕਰਨ ਦਾ ਰਾਹ ਮੋਕਲਾ ਕਰਨ ਵਾਲੀ ਹੈ। 6060 ਮਾਸਟਰ ਕਾਡਰ ਯੁਨੀਅਨ ਤੋਂ ਵਿਕਾਸ ਗਰਗ, ਅਧਿਆਪਕ ਦਲ ਤੋਂ ਜਗਤਾਰ ਸਿੰਘ ਬਾਠ, 5178 ਅਧਿਆਪਕ ਯੂਨਿਅਨ ਦੇ ਜਿਲਾ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਬੀ.ਐੱਡ. ਫਰੰਟ ਦੇ ਆਗੂ ਦਵਿੰਦਰ ਬਠਿੰਡਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜਮਾ ਤੇ ਲਗਾਤਾਰ ਆਰਥਿਕ ਕਟੌਤੀਆਂ ਕਰਕੇ ਮੁਲਾਜਮਾ ਤੇ ਆਰਥਿਕ ਹੱਲੇ ਬੋਲ ਰਹੀ ਹੈ। ਪਹਿਲਾਂ 200 ਰੁਪਏ ਦਾ ਵਿਕਾਸ ਟੈਕਸ ਥੋਪਿਆ ਗਿਆ, ਫਿਰ ਮੋਬਾਇਲ ਭੱਤੇ ਵਿੱਚ ਕਟੌਤੀ ਅਤੇ ਨਵੇਂ ਭਰਤੀ ਹੋਣ ਵਾਲੇ ਮੁਲਾਜਮਾਂ ਨੂੰ ਕੇਂਦਰੀ ਪੈਟਰਨ ਤੇ ਤਨਖਾਹ ਦੇਣ ਦੇ ਫੈਸਲੇ ਨੇ ਅਧਿਆਪਕਾਂ ਨੂੰ ਸੜਕਾਂ ਤੇ ਅਉਣ ਲਈ ਮਜਬੂਰ ਕੀਤਾ ਹੈ।
ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾਈ ਪ੍ਰਧਾਨ ਜਗਸੀਰ ਸਹੋਤਾ, ਸਰਕਾਰੀ ਸਕੂਲ਼ ਲੈਬਾਰਟਰੀ ਸਟਾਫ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਕਰੋਨਾ ਦੀ ਬੇਲੋੜੀਆਂ ਅਤੇ ਬੇਵਕਤੀ ਮੀਟਿੰਗਾਂ ਕਰਕੇ ਅਧਿਆਪਕਾਂ ਨੂੰ ਬਿਨਾਂ ਸਾਧਨਾਂ ਦੇ ਪ੍ਰੀਖਆਵਾਂ ਲੈਣ , ਰਾਸ਼ਣ ਵੰਡਣ ਅਤੇ ਜ਼ੁਬਾਨੀ ਹੁਕਮਾਂ ਰਾਹੀਂ ਕੇਂਦਰ ਦੀਆਂ ਹਦਾਇਤਾਂ ਦੇ ਉਲਟ ਸਕੂਲ ਜਾਣ ਲਈ ਮਜ਼ਬੂਰ ਕਰਕੇ ਤਣਾਅ ਪੈਦਾ ਕੀਤਾ ਹੋਇਆ ਹੈ । ਉਨਾਂ ਕਿਹਾ ਕਿ ਫੈਸਲਿਆਂ ਦਾ ਵਿਰੋਧ ਕਰਨ ਵਾਲਿਆਂ ਦੀਆਂ ਬਦਲੀਆਂ ਅਤੇ ਮੁਅੱਤਲੀਆਂ ਕੀਤੀਆਂ ਜਾ ਰਹੀਆਂ ਹਨ ਜਿਨਾਂ ’ਚ ਐਸਐਸਏ ਰਮਸਾ ਦੇ ਪ੍ਰਧਾਨ ਦੀਦਾਰ ਮੁੱਦਕੀ ,ਸੁਖਵਿੰਦਰ ਸਿੰਘ ਚਾਹਲ , ਵਿੱਦਿਆ ਦੇਵੀ ਐਚ ਟੀ ਗੁਰਬਚਨ ਸਿੰਘ ਬਲਾਕ ਪ੍ਰਧਾਨ ਡੀ.ਟੀ.ਐੱਫ. ਅਤੇ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਸ਼ਾਮਲ ਹਨ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਦੇ ਸਿੱਖਿਆ ਵਿਰੋਧੀ ਫੈਸਲਿਆਂ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ। ਮਾਰਚ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੌਮ (ਮਾਲਵਾ ਜ਼ੋਨ) ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ ਅਤੇ ਡੀ.ਟੀ.ਐੱਫ. ਦੇ ਸਾਬਕਾ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਜੀਦਾ ਵੀ ਹਾਜਰ ਸਨ।