ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 31 ਅਗਸਤ 2020: ਆਲ ਇੰਡੀਆ ਆਸ਼ਾ ਵਰਕਰ ਅਤੇ ਫੇਸੀਲਿਟੇਟਰ ਯੂਨੀਅਨ (ਏਟਕ) ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਸ਼ਹਿਰ ਦੇ ਕੋਟਕਪੂਰਾ ਚੌਂਕ ’ਚ ਸਿਹਤ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਛਿੰਦਰ ਕੌਰ, ਜ਼ਿਲ੍ਹਾ ਸਕੱਤਰ ਸੁਰਜੀਤ ਕੌਰ, ਕੈਸ਼ੀਅਰ ਸੁਖਜਿੰਦਰ ਕੌਰ, ਮੀਤ ਪ੍ਰਧਾਨ ਸਰਬਜੀਤ ਕੌਰ, ਪ੍ਰੈਸ ਸਕੱਤਰ ਛਿੰਦਰਪਾਲ ਕੌਰ, ਜਸਵੀਰ ਕੌਰ, ਰਾਸ਼ੀ ਮੋਂਗਾ, ਬਲਜੀਤ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ, ਸਿਮਰਜੀਤ ਕੌਰ, ਮੀਨੂੰ ਆਦਿ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਆਸ਼ਾ ਵਰਕਰਾਂ ’ਤੇ ਤਰ੍ਹਾਂ ਤਰ੍ਹਾਂ ਦੀ ਦੁਸ਼ਣਬਾਜੀ ਕੀਤੀ ਗਈ ਹੈ ਜਿਸ ਕਾਰਨ ਵਰਕਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਫੇਸਫੁੱਕ ਪੇਜ਼ ’ਤੇ ਵਾਇਰਲ ਵੀਡੀਓ ’ਚ ਆਸ਼ਾ ਵਰਕਰਾਂ ਖਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਤੇ ਇਲਜਾਮ ਲਗਾਏ ਜਾ ਰਹੇ ਹਨ, ਜਿਸ ਕਾਰਨ ਆਸ਼ਾ ਵਰਕਰਾਂ ਨੂੰ ਪਿੰਡਾਂ ਅਤੇ ਸ਼ਹਿਰਾਂ ’ਚ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ’ਤੇ ਹਮਲੇ ਕੀਤੇ ਜਾ ਰਹੇ ਹਨ, ਆਸ਼ਾ ਵਰਕਰਾਂ ਨੂੰ ਰਿਪੋਰਟ ਲਈ ਘਰਾਂ ’ਚ ਆਉਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਸਰਕਾਰ ਵੱਲੋਂ ਵੀਡੀਓ ਵਾਇਰਲ ਕਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਿਸਦੇ ਰੋਹ ਵਜੋਂ ਅੱਜ ਆਸ਼ਾ ਵਰਕਰਾਂ ਵੱਲੋਂ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਵਾਇਰਲ ਵੀਡੀਓ ਦੀ ਨਿਰੱਪਖ ਉੱਚ ਪੱਧਰੀ ਜਾਂਚ ਕਰਵਾ ਕੇ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਵੀਡੀਓ ਵਾਇਰਲ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।