← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 05 ਜੁਲਾਈ 2020: ਸਰਕਾਰੀ ਬਹੁਤਕਨੀਕੀ ਕਾਲਜ ਬਠਿੰਡਾ ਦੀ ਕੌਮੀ ਸੇਵਾ ਯੋਜਨਾ ਇਕਾਈ ਅਤੇ ਰੈੱਡ ਰਿਬਨ ਕਲੱਬ ਦੀ ਅਗਵਾਈ ’ਚ ਐਚਆਈਵੀ / ਏਡਜ਼ ਜਾਗਰੂਕਤਾ ਅਤੇ ਖੂਨਦਾਨ ਸਬੰਧੀ ਕਾਲਜ ਦੇ ਸਾਹਿਤਕ ਕਲੱਬ ਵੱਲੋਂ ਆਨਲਾਈਨ ਕੁਇਜ਼ ਮੁਕਾਬਲੇੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਕਾਲਜ ਦੇ ਵੱਖੋ-ਵੱਖਰੇ ਵਿਭਾਗਾਂ ਦੇ 21 ਵਿਦਿਆਰਥੀਆਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿੱਚ ਇਲੈਕਟ੍ਰੀਕਲ ਵਿਭਾਗ ਦੀ ਵਿਦਿਆਰਥਣ ਬੱਬਲਦੀਪ ਕੌਰ ਨੇ ਪਹਿਲਾ, ਕੰਪਿਊਟਰ ਵਿਭਾਗ ਦੇ ਵਿਦਿਆਰਥੀ ਕਮਲ ਚੰਦਰ ਨੇ ਦੂਜਾ ਅਤੇ ਫਾਰਮੇਸੀ ਵਿਭਾਗ ਦੇ ਵਿਦਿਆਰਥੀ ਰਾਜਦੀਪ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਐਚ ਆਈ ਵੀ ਏਡਜ਼ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਖੂਨਦਾਨ ਸਬੰਧੀ ਪ੍ਰੇਰਿਤ ਕਰਨਾ ਸੀ। ਉਹਨਾਂ ਦੱਸਿਆ ਕਿ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਜਿਸ ਵਿੱਚ ਕਾਲਜ ਦੇ ਵਿਦਿਆਰਥੀ ਵਧ ਚੜ ਕੇ ਹਿੱਸਾ ਲੈਂਦੇ ਹਨ। ਉਹਨਾਂ ਦੱਸਿਆ ਕਿ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਕਰਵਾਏ ਗਏ ਇੰਟਰ-ਪਾਲੀਟੈਕਨਿਕ ਕੁਇਜ਼ ਮੁਕਾਬਲਿਆਂ ਵਿੱਚ ਕਾਲਜ ਦੇ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਸਿੱਧੂ ਨੇ ਦੂਜਾ ਸਥਾਨ ਅਤੇ ਕਾਲਜ ਦੀਆਂ ਵਿਦਿਆਰਥਣਾਂ ਪਰਮਿੰਦਰ ਕੌਰ ਅਤੇ ਸੇਜ਼ਲ ਸ਼ਰਮਾਂ ਨੇ ਕੰਸੋਲੇਸ਼ਨ ਪ੍ਰਾਈਜ਼ ਜਿੱਤ ਕੇ ਕਾਲਜ ਦਾ ਮਾਣ ਵਧਾਇਆ ਹੈ। ਉਹਨਾਂ ਇਹ ਵੀ ਦੱਸਿਆ ਕਿ ਕਾਲਜ ਵੱਲੋਂ ਕੋਵਿਡ-19 ਦੇ ਸਮੇਂ ਦੌਰਾਨ ਵੀ ਲਗਾਤਾਰ ਵਿਦਿਆਰਥੀਆਂ ਦੇ ਆਨਲਾਈਨ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਕਿ ਵਿਦਿਆਰਥੀ ਆਪਣੇ ਪਰਿਵਾਰ ਅਤੇ ਸਮਾਜ ਦੀ ਸਿਹਤ ਸਬੰਧੀ ਚੇਤਨ ਰਹਿਣ। ਉਹਨਾਂ ਸਾਹਿਤਕ ਕਲੱਬ ਨੂੰ ਇਹ ਆਨਲਾਈਨ ਮੁਕਾਬਲਾ ਕਰਵਾਉਣ ਤੇ ਵਧਾਈ ਦਿੱਤੀ। ਨਵਰੀਤ ਕੌਰ ਨੇ ਮੁਕਾਬਲਿਆਂ ਦੀ ਦੇਖ-ਰੇਖ ਕੀਤੀ।
Total Responses : 267