ਗਰਮੀ ਕਾਰਨ ਬੇਹੋਸ਼ ਹੋਈ ਔਰਤ ਆਗੂ
ਅਸ਼ੋਕ ਵਰਮਾ
ਬਠਿੰਡਾ, 05 ਜੁਲਾਈ 2020: ਅੱਤ ਦੀ ਗਰਮੀ ਅਤੇ ਹੁੰਮਸ ਦੇ ਬਾਵਜੂਦ ਅੱਜ ਵੱਡੀ ਗਿਣਤੀ ਔਰਤਾਂ ਨੇ ਕਰਜਾ ਮੁਕਤੀ ਮੰਚ ਦੀ ਅਗਵਾਈ ਹੇਠ ਧਰਨਾ ਦਿੱਤਾ ਅਤੇ ਜੋਰਦਾਰ ਨਾਅਰੇਬਾਜੀ ਦੌਰਾਨ ਔਰਤਾਂ ਸਿਰ ਚੜਿਆ ਕਰਜਾ ਮੁਆਫ ਕਰਨ ਦੀ ਮੰਗ ਕੀਤੀ। ਇਸ ਮੌਕੇ ਗਰਮੀ ਨਾਂ ਸਹਾਰਦਿਆਂ ਪਿੰਡ ਭੁੱਚੋ ਕਲਾਂ ਤੋਂ ਧਰਨੇ ’ਚ ਸ਼ਾਮਲ ਹੋਣ ਆਈ ਸ਼ਿੰਦਰ ਕੌਰ ਬੇਹੋਸ਼ ਹੋ ਗਈ ਜਿਸ ਨੂੰ ਹੋਰਨਾਂ ਔਰਤਾਂ ਨੇ ਸੰਭਾਲਿਆ। ਇਸ ਮੌਕੇ ਔਰਤਾਂ ਨੇ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਆਖਿਆ ਕਿ ਗਰੀਬ ਔਰਤਾਂ ਇਸ ਗਰਮ ਮੌਸਮ ’ਚ ਸੜਕਾਂ ਤੇ ਰੁਲ ਰਹੀਆਂ ਹਨ ਪਰ ਨੇਤਾਵਾਂ ਨੂੰ ਉਨਾਂ ਦੇ ਦੁੱਖ ਸੁਣਨ ਦੀ ਵਿਹਲ ਨਹੀਂ ਹੈ। ਉਨਾਂ ਆਖਿਆ ਕਿ ਮਾਈਕਰੋ ਫਾਇਨਾਂਸ ਕੰਪਨੀਆਂ ਨੇ ਉਨਾਂ ਨੂੰ ਚੱਕਰਵਿਊ ’ਚ ਫਸਾ ਦਿੱਤਾ ਹੈ ਜਿੱਥੋਂ ਬਾਹਰ ਆਉਣ ਦਾ ਕੋਈ ਰਾਹ ਨਹੀਂ ਦਿਖਾਈ ਦੇ ਰਿਹਾ ਹੈ। ਔਰਤਾਂ ਨੇ ਕਿਹਾ ਕਿ ਕਿਹਾ ਪੰਜਾਬ ਸਰਕਾਰ ਵੱਡੇ ਘਰਾਣਿਆਂ ਦੇ ਕਰਜੇ ਮੁਆਫ ਕਰ ਰਹੀ ਹੈ ਪਰ ਉਨਾਂ ਦੇ ਕਰਜੇ ਬਾਰੇ ਚੁੱਪ ਕਰਕੇ ਬੈਠੀ ਹੈ।
ਔਰਤ ਕਰਜਾ ਮੁਕਤੀ ਮੰਚ ਵਿੱਚ ਸ਼ਾਮਲ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ ਨੇ ਦੱਸਿਆ ਔਰਤਾਂ ਦੇ ਕਰਜ਼ੇ ਦੇ ਮਸਲੇ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ ਪਰ ਜਦੋਂ ਮਸਲਾ ਹੱਲ ਨਾਂ ਹੋਇਆ ਤਾਂ ਔਰਤ ਕਰਜਾ ਮੁਕਤੀ ਮੰਚ ਦੀ ਅਗਵਾਈ ਦੇ ਹੇਠਾਂ ਡੀਸੀ ਬਠਿੰਡਾ ਦਫਤਰ ਦਾ ਘਿਰਾਓ ਕਰਨਾ ਪਿਆ ਹੈ। ਬੁਲਾਰਿਆਂ ਨੇ ਦੱਸਿਆ ਕਿ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀ ਚੁੱਪ ਤੋੜਨ ਲਈ ਛੇ ਜੁਲਾਈ ਨੂੰ ਡੀਸੀ ਬਠਿੰਡਾ ਦਫਤਰ ਅੱਗੇ ਧਰਨਾ ਦਿੱਤਾ ਗਿਆ ਸੀ ਪਰ ਜ਼ਿਲਾ ਪ੍ਰਸ਼ਾਸਨ ਨੇ ਔਰਤਾਂ ਦੇ ਕਰਜੇ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਉਨਾਂ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਤੇ ਪ੍ਰਾਈਵੇਟ ਬੈਂਕਾਂ ਵਾਲੇ ਲਗਾਤਾਰ ਔਰਤਾਂ ਦੇ ਕਰਜਾ ਭਰਨ ਲਈ ਦਬਾਅ ਪਾ ਰਹੇ ਹਨ। ਉਨਾਂ ਆਖਿਆ ਕਿ ਜਿੰਨਾਂ ਔਰਤਾਂ ਤੋਂ ਕਰਜ਼ਾ ਵਾਪਸ ਨਹੀਂ ਹੋਏ ਉਨਾਂ ਦੇ ਘਰ ਦਾ ਸਮਾਨ ਚੱਕ ਕੇ ਲਿਜਾਣ ਦਾ ਪ੍ਰਾਈਵੇਟ ਕੰਪਨੀਆਂ ਵਾਲੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਨਾਂ ਨੂੰ ਰੋਕਣ ਲਈ ਔਰਤਾਂ ਨੂੰ ਦੁਬਾਰਾ ਡੀਸੀ ਦਫਤਰ ਅੱਗੇ ਆਉਣਾ ਪਿਆ ਹੈ।
ਆਪਣੇ ਕਰਜ਼ਾ ਮਾਫੀ ਦੇ ਫਾਰਮ ਡੀ ਸੀ ਦਫ਼ਤਰ ਜਮਾਂ ਕਰਾਉਣ ਲਈ ਪੁੱਜੀਆਂ ਵੱਡੀ ਗਿਣਤੀ ਪਿੰਡਾਂ ਅਤੇ ਸ਼ਹਿਰਾਂ ਦੀ ਦੀਆਂ ਕਰਜ਼ਾ ਪੀੜਤ ਔਰਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਔਰਤਾਂ ਦੇ ਕਰਜੇ ਤੇ ਲੀਕ ਮਾਰੀ ਜਾਵੇ। ਉਨਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੇ ਔਰਤਾਂ ਦੇ ਕਰਜੇ ਮਸਲੇ ਵੱਲ ਨਾ ਧਿਆਨ ਦਿੱਤਾ ਤਾਂ ਤਿੱਖਾ ਸੰਘਰਸ ਕੀਤਾ ਜਾਏਗਾ ਜਿਸ ਲਈ ਸਰਕਾਰ ਜਿੰਮੇਵਾਰ ਹੋਏਗੀ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਸੂਬਾ ਕਮੇਟੀ ਮੈਂਬਰ ਸੁਖਪਾਲ ਸਿੰਘ ਖਿਆਲੀਵਾਲਾ ਕਿਰਤੀ ਕਿਸਾਨ ਯੂਨੀਅਨ ਦੇ ਪਿੰਡ ਭੁੱਚੋ ਖੁਰਦ ਪ੍ਰਧਾਨ ਸੁਖਮੰਦਰ ਸਿੰਘ ਸਰਾਭਾ, ਦਿਹਾਤੀ ਮਜਦੂਰ ਸਭਾ ਜਿਲਾ ਬਠਿੰਡਾ ਦੇ ਜਨਰਲ ਸਕੱਤਰ ਪ੍ਰਕਾਸ ਸਿੰਘ ਨੰਦਗੜ, ਜਮਹੂਰੀ ਕਿਸਾਨ ਸਭਾ ਦੇ ਜਿਲਾ ਜਨਰਲ ਸਕੱਤਰ ਸਕੱਤਰ, ਦਰਸ਼ਨ ਫੁੱਲੋ ਮਿੱਠੀ , ਔਰਤ ਕਰਜਾ ਮੁਕਤੀ ਸੰਘਰਸ਼ ਕਮੇਟੀ ਦੇ ਆਗੂ ਰਾਣੀ ਸੰਧੂ, ਸ਼ਿੰਦਰ ਕੌਰ, ਸਰੋਜ ਰਾਣੀ ਬਠਿੰਡਾ, ਅਮਰਜੀਤ ਕੌਰ ਬਠਿੰਡਾ ਅਤੇ ਦਰਸਨ ਕੌਰ ਜੈ ਸਿੰਘ ਵਾਲਾ ਹਾਜਰ ਸਨ।