ਅਸ਼ੋਕ ਵਰਮਾ
ਬਠਿੰਡਾ, 27 ਅਗਸਤ 2020: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਪੰਜਾਬ ਵਿਚਲੀ ਖਰਾਬ ਕਾਨੂੰਨ ਵਿਵਸਥਾ, ਖਾਸ ਤੌਰ ਤੇ ਔਰਤਾਂ ਨਾਲ ਕੀਤੇ ਜਾ ਰਹੇ ਧੱਕਿਆਂ ਅਤੇ ਪੁਲਿਸ ਦੇ ਵਤੀਰੇ ਨੂੰ ਦੇਖਦਿਆਂ ਡੀਜੀਪੀ ਪੰਜਾਬ ਦੇ ਚੰਡੀਗੜ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਯੂਨੀਅਨ ਦੇ ਸੂਬਾਈ ਆਗੂਆਂ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਆਨਲਾਈਨ ਮੀਟਿੰਗ ਦੌਰਾਨ ਕੀਤਾ ਗਿਆ ਜਿਸ ’ਚ ਸੂਬੇ ਅੰਦਰ ਚੱਲ ਰਹੇ ਮਾੜੇ ਹਲਾਤਾਂ ਬਾਰੇ ਚਰਚਾ ਕੀਤੀ ਗਈ । ਪ੍ਰੈਸ ਬਿਆਨ ਰਾਹੀਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਗੁੰਡਾਗਰਦੀ ਸਿਖਰਾਂ ਤੇ ਹੈ ਅਤੇ ਪੁਲਿਸ ਰਾਜਨੀਤਕ ਲੀਡਰਾਂ ਦੀ ਕਠਪੁਤਲੀ ਬਣ ਚੁਕੀ ਹੈ ਜੋਕਿ ਪੀੜਤ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਗੁੰਡਿਆਂ ਦਾ ਕਥਿਤ ਪੱਖ ਪੂਰ ਰਹੀ ਹੈ । ਉਨਾਂ ਕਿਹਾ ਕਿਹਾ ਕਿ ਸੂਬੇ ਵਿੱਚ ਸਿਆਸੀ ਸਹਿ ਤੇ ਅਨੇਕਾਂ ਔਰਤਾਂ ਨੂੰ ਖੱਜਲ ਖੁਆਰ ਤੇ ਜਲੀਲ ਹੋਣਾ ਪੈ ਰਿਹਾ ਹੈ ਜਿਸ ਦਾ ਯੂਨੀਅਨ ਨੇ ਅੱਜ ਦੀ ਮੀਟਿੰਗ ਵਿੱਚ ਸਖਤ ਸਟੈਂਡ ਲਿਆ ਹੈ ।
ਉਨਾਂ ਕਿਹਾ ਕਿ ਇਸ ਧੱਕੇਸਾਹੀ ਦੇ ਖਿਲਾਫ ਸਖਤ ਫੈਸਲਾ ਲਿਆ ਗਿਆ ਹੈ ਕਿਉਂਕਿ ਪੀੜਤ ਔਰਤਾਂ ਵਿਚ ਯੂਨੀਅਨ ਨਾਲ ਸਬੰਧਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੀ ਸ਼ਾਮਲ ਹਨ । ਹਰਗੋਬਿੰਦ ਕੌਰ ਨੇ ਦੱਸਿਆ ਕਿ ਯੂਨੀਅਨ ਵੱਲੋਂ ਔਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਦੇ ਸਹਿਯੋਗ ਨਾਲ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ 7 ਸਤੰਬਰ ਨੂੰ ਚੰਡੀਗੜ ਵਿਖੇ ਡੀ ਜੀ ਪੀ ਦਫਤਰ ਦੇ ਘਿਰਾਓ ਅਤੇ ਰੋਸ ਪ੍ਰਦਰਸ਼ਨ ’ਚ ਹਜਾਰਾਂ ਔਰਤਾਂ ਇਸ ਸਮੇਂ ਪੁੱਜਣਗੀਆਂ । ਇਸ ਮੌਕੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇ ਕੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਭੰਗ ਕਰਨ ਦੀ ਮੰਗ ਕੀਤੀ ਜਾਵੇਗੀ ਕਿਉਂਕਿ ਜੁਲਮ ਸਭ ਹੱਦਾਂ-ਬੰਨੇ ਪਾਰ ਕਰ ਚੁੱਕਾ ਹੈ । ਅਮਨ ਕਨੂੰਨ ਨਾਂ ਦੀ ਕਿਧਰੇ ਵੀ ਕੋਈ ਚੀਜ ਨਹੀਂ ਹੈ । ਹਰਗੋਬਿੰਦ ਕੌਰ ਨੇ ਦੱਸਿਆ ਕਿ ਉਨਾਂ ਨੇ ਖੁਦ ਸੱਤ-ਅੱਠ ਵਾਰ ਡੀਜੀਪੀ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨਾਂ ਨੇ ਫੋਨ ਹੀ ਨਹੀਂ ਚੁੱਕਿਆ ਤੇ ਨਾ ਹੀ ਭੇਜੇਂ ਗਏ ਮੈਸਿਜਾ ਦਾ ਜਵਾਬ ਦਿੱਤਾ ।
ਉਨਾਂ ਕਿਹਾ ਕਿ ਡੀਜੀਪੀ ਨੇ ਭੇਜੀਆਂ ਗਈਆਂ ਚਿੱਠੀਆਂ ਦਾ ਵੀ ਕੋਈ ਹੁਣ ਤੱਕ ਜਵਾਬ ਨਹੀਂ ਦਿੱਤਾ ਜਿਸ ਕਰਕੇ ਮਜਬੂਰਨ ਜੱਥੇਬੰਦੀ ਨੂੰ ਇਹ ਫੈਸਲਾ ਲੈਣਾ ਪਿਆ ਹੈ । ਹਰਗੋਬਿੰਦ ਕੌਰ ਨੇ ਕਿਹਾ ਕਿ ਪਹਿਲਾ ਮਾਮਲਾ ਜਿਲਾ ਲੁਧਿਆਣਾ ਦੇ ਪਿੰਡ ਰਸੂਲਪੁਰ ਹੈ , ਜਿੱਥੇ ਆਂਗਣਵਾੜੀ ਹੈਲਪਰ ਬਲਜੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸਰੇਆਮ ਸਾਰੇ ਪਿੰਡ ਦੇ ਸਾਹਮਣੇ ਗੁੰਡਾ ਅਨਸਰਾਂ ਨੇ ਮਾਰਕੁੱਟ ਕੀਤੀ ਤੇ ਗਲੀਆਂ ਵਿੱਚ ਘੜੀਸਿਆ। ਪੁਲਸ ਮੌਕੇ ਤੇ ਪਹੁੰਚ ਗਈ ਪਰ ਮੂਕ ਦਰਸ਼ਕ ਬਣੀ ਰਹੀ ਹੁਣ ਹਾਲਾਤ ਇਹ ਹਨ ਕਿ ਪੀੜਤ ਗੁੰਡਿਆਂ ਤੋਂ ਡਰਦੇ ਬਾਹਰ ਹਨ । ਦੂਜਾ ਮਾਮਲਾ ਜਿਲਾ ਫਿਰੋਜਪੁਰ ਦੇ ਪਿੰਡ ਨੂਰੇ ਕੇ ਦਾ ਹੈ ਜਿੱਥੇ ਆਂਗਣਵਾੜੀ ਵਰਕਰ ਸੋਮਾ ਰਾਣੀ ਦੇ ਸੈਟਰ ਵਿਚੋਂ ਸਮਾਨ ਚੋਰੀ ਹੋਣ ਤੋਂ ਬਾਅਦ ਵਰਕਰ ਨੇ ਪੰਚਾਇਤ ਤੇ ਪੁਲਿਸ ਨੂੰ ਇਸ ਦੀ ਰਿਪੋਰਟ ਕੀਤੀ । ਪੁਲਿਸ ਨੇ ਚੋਰਾਂ ਦੀ ਭਾਲ ਕਰਨ ਦੀ ਬਜਾਏ ਵਰਕਰ ਨੂੰ ਵੀ ਥਾਣੇ ਵਿਚ ਸੱਦ ਕੇ ਖੱਜਲ ਖਵਾਰ ਤੇ ਜਲੀਲ ਕੀਤਾ ਤੇ ਕਰੈਕਟਰ ਤੇ ਸਵਾਲ ਖੜੇ ਕੀਤੇ ।
ਉਨਾਂ ਦੱਸਿਆ ਕਿ ਤੀਜਾ ਮਾਮਲਾ ਫਾਜਿਲਕਾ ਜਿਲੇ ਦੇ ਪਿੰਡ ਇਸਲਾਮਵਾਲਾ ਦਾ ਹੈ ਜਿੱਥੇ ਆਂਗਣਵਾੜੀ ਵਰਕਰ ਸਤਵੀਰ ਕੌਰ ਦੇ ਪਰਿਵਾਰ ਦਾ ਗੁਆਂਢੀਆਂ ਦੇ ਨਾਲ ਸਰਕਾਰੀ ਗਲੀ ਦਾ ਮਸਲਾ ਸੀ । ਗਲੀ ਸਾਂਝੀ ਹੈ , ਪਰ ਗੁਆਂਢੀ ਇਕੱਲੇ ਹੀ ਥਾਂ ਤੇ ਕਬਜਾ ਕਰਨਾ ਚਾਹੁੰਦੇ ਹਨ ।ਗੁਆਂਢੀਆਂ ਨੇ ਕਈ ਸੰਗੀਨ ਧਾਰਾਵਾਂ ਲਗਾ ਕੇ ਉਸ ਤੇ ਅਤੇ ਉਸਦੇ ਪਰਿਵਾਰ ਤੇ ਥਾਣਾ ਅਰਨੀਵਾਲਾ ਵਿਖੇ ਝੂਠਾ ਪਰਚਾ ਦਰਜ ਕਰਵਾ ਦਿੱਤਾ ।ਚੌਥਾ ਮਾਮਲਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਦਾ ਹੈ , ਜਿਥੋਂ ਦੀ ਇੱਕ ਵਿਧਵਾ ਔਰਤ ਗੁਰਪ੍ਰੀਤ ਕੌਰ ਤੇ ਉਸ ਦੀ 10 ਸਾਲ ਦੀ ਧੀ ਤੇ ਸਹੁਰੇ ਪਰਿਵਾਰ ਵੱਲੋਂ ਤਸੱਦਦ ਢਾਹਿਆ ਜਾ ਰਿਹਾ ਹੈ ਪਰ 6 ਮਹੀਨੇ ਲੰਘ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ । ਹਰਗੋਬਿੰਦ ਕੌਰ ਨੇ ਕਿਹਾ ਕਿ ਇਹ ਕੁਝ ਉਦਾਹਰਣਾਂ ਹਨ , ਜਦੋਂ ਕਿ ਪੰਜਾਬ ਵਿੱਚ ਹਜਾਰਾਂ ਔਰਤਾਂ ਤੇ ਹੋਰ ਲੋਕ ਵੀ ਪੁਲਿਸ ਦੀ ਕਥਿਤ ਧੱਕੇਸ਼ਾਹੀ ਦਾ ਸ਼ਿਕਾਰ ਹੋਕੇ ਇਸ ਪੀੜਾ ਵਿਚੋਂ ਗੁਜਰ ਰਹੇ ਹਨ ।