ਅਸ਼ੋਕ ਵਰਮਾ
ਬਠਿੰਡਾ, 10 ਅਗਸਤ 2020: ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਸੀ. ਪੀ. ਆਈ (ਐਮ.ਐਲ.) ਲਿਬਰੇਸ਼ਨ ਅਤੇ ਪੰਜਾਬ ਕਿਸਾਨ ਯੂਨੀਅਨ ਨੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਅਤੇ ਬੈਂਕਾਂ ਦੇ ਕਰਜ਼ਿਆਂ ਦੇ ਮੱਕੜ-ਜਾਲ ਵਿੱਚ ਫਸੀਆਂ ਦਲਿਤ ਤੇ ਗਰੀਬ ਔਰਤਾਂ ਦੇ ਕਰਜੇ ਮੁਆਫ ਕਰਨ ਲਈ ਬਠਿੰਡਾ ’ਚ ਰੋਸ ਰੈਲੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਲੈਕੇ ਤਿੱਖੇ ਸ਼ਬਦੀ ਹਮਲੇ ਕੀਤੇ। ਆਗੂਆਂ ਨੇ ਦੋਸ਼ ਲਾਏ ਕਿ ਸਰਕਾਰਾਂ ਵੱਡੇ ਘਰਾਣਿਆਂ ਨੂੰ ਕਰੋੜਾਂ ਦੇ ਗੱਫੇ ਵੰਡਣ ਲੱਗੀਆਂ ਹੋਈਆਂ ਹਨ ਪਰ ਗਰੀਬ ਪ੍ਰੀਵਾਰਾਂ ਵਾਰੀ ਖਜਾਨੇ ਨੂੰ ਸੱਪ ਸੁੰਘ ਜਾਂਦਾ ਹੈ। ਬੁਲਾਰਿਆਂ ਨੇ ਕਰਜਾ ਖਤਮ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਰੋਸ ਮੁਜਾਹਰਾ ਕਰ ਰਹੇ ਲੋਕਾਂ ਨੇ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਆਖਿਆ ਕਿ ਰਿਜ਼ਰਵ ਬੈਂਕ ਦੇ ਹਦਾਇਤਾਂ ਦੇ ਉਲਟ ਪ੍ਰਾਈਵੇਟ ਕੰਪਨੀਆਂ ਦੀ ਪਿੱਠ ਥਾਪੜੀ ਜਾ ਰਹੀ ਹੈ ਜਿਸ ਨੂੰ ਉਹ ਬਰਦਾਸ਼ ਨਹੀਂ ਕਰਨਗੇ। ਕਿਸਾਨ ਮਜਦੂਰ ਆਗੂਆ ਨੇ ਇਸ ਮੌਕੇ ਮੰਗ ਕੀਤੀ ਕਿ ਕਿਸ਼ਤ ਵਸੂਲਣ ਤੇ ਜਿਹੜੀ 31 ਅਗਸਤ ਤੱਕ ਲਾਈ ਰੋਕ ਨੂੰ 31 ਮਾਰਚ 2021 ਤੱਕ ਕਰਕੇ ਅਮੀਰਾਂ ਦੀ ਤਰਾਂ ਗਰੀਬਾਂ ਦਾ ਵੀ ਕਰਜ਼ਾ ਮੁਆਫ ਕੀਤਾ ਜਾਵੇ।
ਰੈਲੀ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ, ਸੂਬਾ ਸਕੱਤਰ ਕਾਮਰੇਡ ਹਰਵਿੰਦਰ ਸੇਮਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਲਾਕਡਾਊਨ ਕਾਰਣ ਅਮੀਰਾਂ ਨੂੰ ਪਏ ਘਾਟੇ ਨੂੰ ਪੂਰਾ ਕਰਨ ਲਈ 68 ਹਜ਼ਾਰ ਕਰੋੜ ਰੁਪਏ ਵੱਟੇ ਖਾਤੇ ਪਾ ਦਿੱਤੇ ਗਏ ਹਨ ਪਰ ਗਰੀਬਾਂ ਨੂੰ ਕਰੋਨਾ ਸੰਕਟ ਰਾਹਤਾਂ ਪ੍ਰਤੀ ਉਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ ਹੈ । ਉਨਾਂ ਕਿਹਾ ਕਿ ਗਰੀਬਾਂ ਤੋਂ ਜ਼ਬਰੀ ਕਰਜ਼ੇ ਵਸੂਲਣ ਦਾ ਸਿਲਸਿਲਾ ਤੁਰੰਤ ਬੰਦ ਕਰਨ। ਲੌਕਡਾਊਨ ਸਮੇਂ ਦੇ ਘਰੇਲੂ ਬਿਜਲੀ ਬਿੱਲ ਮੁਆਫ ਅਤੇ ਬਿਜਲੀ ਦਾ ਨਿੱਜੀਕਰਨ ਰੋਕਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਅਮੀਰ ਪੱਖੀ ਨੀਤੀਆਂ ਕਰਕੇ ਵਧੀ ਮਹਿੰਗਾਈ ਤੇ ਬੇਰੋਜ਼ਗਾਰੀ ਕਾਰਣ ਦੇਸ਼ ਦੇ ਕਰੋੜਾਂ ਗਰੀਬ ਪਰਿਵਾਰ ਪ੍ਰਾਈਵੇਟ ਫਾੲਨਿਾਂਸ ਕੰਪਨੀਆਂ ਦੇ ਕਰਜਿਆਂ ਦੇ ਮੱਕੜ ਜਾਲ ਵਿੱਚ ਫਸ ਚੁੱਕੇ ਹਨ ਜਿੱਥੋਂ ਉਨਾਂ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਦਿਖਾਈ ਦੇ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਸਿਆਸੀ ਲੋਕਾਂ ਦੀ ਕਥਿਤ ਸਰਪ੍ਰਸਤੀ ਹੇਠ ਚਲ ਰਹੇ ਨਸ਼ਿਆਂ ਦੇ ਕਾਲੇ ਕਾਰੋਬਾਰ ਵਜੋਂ ਜ਼ਹਿਰੀਲੀ ਸ਼ਰਾਬ ਨੇ ਵੱਡੀ ਗਿਣਤੀ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਨਾਂ ਕਿਹਾ ਕਿ ਕਰੋਨਾ ਬਿਮਾਰੀ ਦੀ ਆੜ ਹੇਠ ਮੋਦੀ ਸਰਕਾਰ ਦੇਸ਼ ਨੂੰ ਦੇਸ਼ੀ-ਵਿਦੇਸ਼ੀ ਪ੍ਰਾਈਵੇਟ ਕੰਪਨੀਆਂ ਕੋਲ ਕੌਡੀਆਂ ਦੇ ਭਾਅ ਵੇਚਣ ਅਤੇ ਭਾਰਤੀ ਸੰਵਿਧਾਨ ਨੂੰ ਬਦਲਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਉਨਾਂ ਕਿਹਾ ਕਿ ਇਸ ਸਮੇਂ ਮਤੇ ਪਾਸ ਕਰਕੇ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਦੇ ਸਮਗੱਲਰਾਂ ਨੂੰ ਫੜਨ ਦੀ ਆੜ ’ਚ ਕਿਸਾਨਾਂ ਦੇ ਘਰਾਂ ਵਿੱਚ ਛਾਪੇ ਰੋਕੇ ਜਾਣ, ਕਿਰਤ ਕਾਨੂੰਨ ਖਤਮ ਕਰਨੇ ਬੰਦ ਤੇ ਕੰਮ ਦੇ ਘੰਟੇ 6 ਕੀਤੇ ਜਾਣ ਅਤੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਖਿਲਾਫ ਪਾਸ ਆਰਡੀਨੈਂਸ ਰੱਦ ਹੋਣ। ਇਸ ਮੌਕੇ ਜਿਲਾ ਪ੍ਰਧਾਨ ਪਿ੍ਰਤਪਾਲ ਸਿੰਘ ਰਾਮਪੁਰਾ, ਸੂਬਾ ਆਗੂ ਮੱਖਣ ਸਿੰਘ ਕਰਮਗੜ, ਜਸਵੰਤ ਸਿੰਘ ਖਾਲਸਾ, ਮਨਪ੍ਰੀਤ ਕੌਰ ਗੁਰਤੇਜ ਮਹਿਰਾਜ ਅਤੇ ਕਰਮਜੀਤ ਕੌਰ ਨੇ ਸੰਬੋਧਨ ਕਰਦਿਆਂ ਇਸ ਮੁੱਦੇ ਦੇ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ।