ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਸੋਰਸ ਸੈਗਰੀਗੇਸ਼ਨ ਚੈਕ ਕੀਤੀ ਗਈ-ਜੀ.ਬੀ. ਸ਼ਰਮਾਂ
ਹਰੀਸ਼ ਕਾਲੜਾ
ਕੀਰਤਪੁਰ ਸਾਹਿਬ, 17 ਅਗਸਤ 2020: ਕਰੋਨਾ ਮਹਾਂਮਾਰੀ ਉਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਗਰ ਪੰਚਾਇਤ ਕੀਰਤਪੁਰ ਸਾਹਿਬ ਵਲੋਂ ਵਿਸੇਸ਼ ਮੁਹਿੰਮ ਅਰੰਭੀ ਗਈ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਹੋਰਡਿੰਗ ਲਗਾਏ ਗਏ ਹਨ, ਇਸਦੇ ਨਾਲ ਹੀ ਸ਼ਹਿਰ ਵਿੱਚ ਸੋਰਸ ਸੈਗਰੀਗੇਸ਼ਨ ਚੈਕ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਕਰੋਨਾ ਨੂੰ ਹਰਾਉਣ ਲਈ ਚੋਗਿਰਦੇ ਦੀ ਸਫਾਈ ਨੂੰ ਯਕੀਨੀ ਬਣਾਉਣ।
ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਕਾਰਜ ਸਾਧਕ ਅਫਸਰ ਜੀ ਬੀ ਸ਼ਰਮਾਂ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਦੀ ਟੀਮ ਜਿਸ ਵਿੱਚ ਮਨਦੀਪ ਸਿੰਘ ਸੀ. ਐਫ.,ਅਨੂ ਅਤੇ ਹੋਰਨਾਂ ਨੇ ਨਗਰ ਦੇ ਵਾਰਡ ਨੰ: 6,7 ਅਤੇ 10 ਵਿੱਚ ਘਰ ਘਰ ਜਾ ਕੇ ਸੋਰਸ ਸੈਗਰੀਗੇਸ਼ਨ ਚੈਕ ਕੀਤੀ ਅਤੇ ਲੋਕਾਂ ਨੂੰ ਘਰ ਵਿੱਚ 2 ਕੂੜੇਦਾਨ ਲਗਾਉਣ ਤੇ ਹੋਮ ਕੰਪੋਸਟਿੰਗ ਸਬੰਧੀ ਜਾਗਰੂਕ ਕੀਤਾ ਗਿਆ।
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਇਸ ਦੋਰਾਨ ਲੋਕਾ ਨੂੰ ਕੋਵਿਡ ਦੀਆਂ ਸਾਵਧਾਨੀਆਂ ਜਿਵੇਂ ਕਿ ਵਾਰ ਵਾਰ ਹੱਥ ਧੋਣਾ, ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਉਥੇ ਵਾਤਾਵਰਣ ਅਤੇ ਪੋਣ ਪਾਣੀ ਦੀ ਸਾਂਭ ਸੰਭਾਲ ਲਈ ਪਲਾਸਟਿਕ ਦੇ ਲਿਫਾਫੇ, ਡਿਸਪੋਜਲ ਬਰਤਨ ਆਦਿ ਨਾ ਵਰਤਨ ਲਈ ਵੀ ਜਾਗਰੂਕ ਕੀਤਾ ਗਿਆ। ਉਹਨਾਂ ਹੋਰ ਦੱਸਿਆ ਕਿ ਲੋਕਾ ਨੂੰ ਘਰਾਂ ਵਿੱਚ ਨੀਲੇ ਅਤੇ ਹਰੇ ਦੋ ਕੂੜਾਦਾਨ ਰੱਖਣ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖਰਾ ਪਾਉਣ ਅਤੇ ਗਿੱਲੇ ਕੂੜੇ ਨੂੰ ਪਿੱਟ ਵਿੱਚ ਕੰਪੋਸਟ ਖਾਦ ਬਣਾਉਣ ਦੀ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਤਾਂ ਜੋ ਲੋਕ ਜਿਥੇ ਆਪਣਾ ਆਲਾ ਦੁਆਲਾ ਸਾਫ ਸੁਧਰਾ ਰੱਖ ਸਕਣ। ਉਥੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਢੁੱਕਵੇਂ ਉਪਰਾਲੇ ਵੀ ਕਰਨ। ਉਹਨਾਂ ਕਿਹਾ ਕਿ ਆਲਾ ਦੁਆਲਾ ਸਾਫ ਸੁਧਰਾ ਰੱਖਣ ਨਾਲ ਕਿਸੇ ਵੀ ਤਰ੍ਹਾਂ ਦੇ ਰੋਗਾਣੂ ਨਹੀਂ ਪਨਪਦੇ ਸਗੋਂ ਬੀਮਾਰੀਆਂ ਵੀ ਘੱਟ ਫੈਲਦੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਾਰੇ ਪੂਰੀਤਰ੍ਹਾਂ ਜਾਗਰੂਕ ਹੋਣ ਕਿਉਂਕਿ ਲੋਕਾਂ ਦੀ ਸਾਂਝੇਦਾਰੀ ਨਾਲ ਹੀ ਕਰੋਨਾ ਉਤੇ ਫਤਿਹ ਹਾਸਲ ਕੀਤੀ ਜਾ ਸਕਦੀ ਹੈ।