ਗੁਰਦਾਸਪੁਰ/ਬਟਾਲਾ, 25 ਸਤੰਬਰ, 2017 : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਮੁੱਦੇ 'ਤੇ ਬਾਦਲਾਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਅਕਾਲੀ ਸਰਕਾਰ ਬਣਨ 'ਤੇ ਕਰਜ਼ਾ ਮੁਆਫ ਕਰਨ ਦੇ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਇਸ ਵਾਅਦੇ ਤੋਂ ਪਲਟਦਿਆਂ ਕਿਸਾਨਾਂ ਨਾਲ ਸਰਾਸਰ ਧੋਖਾ ਕੀਤਾ।
ਬਟਾਲਾ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਨਵੰਬਰ, 2006 ਦੇ ਇਕ ਅਖ਼ਬਾਰ ਵਿੱਚ ਛਪੀ ਖਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿੱਚ ਆਉਣ 'ਤੇ ਖੇਤੀ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਲਗਾਤਾਰ ਦੋ ਵਾਰ ਸਰਕਾਰ ਬਣਾ ਲੈਣ ਤੋਂ ਬਾਅਦ ਵੀ ਅਕਾਲੀਆਂ ਨੇ ਕਿਸਾਨਾਂ ਨੂੰ ਫੁੱਟੀ ਕੌਡੀ ਨਹੀਂ ਦਿੱਤੀ ਅਤੇ ਹੁਣ ਉਹ ਕਿਹੜੇ ਮੂੰਹ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਅਲੋਚਨਾ ਕਰ ਰਹੇ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਜੇਕਰ ਬਾਦਲ ਮੰਨਦੇ ਹਨ ਕਿ ਕਰਜ਼ਾ ਮੁਆਫੀ ਦੀ ਦੋ ਲੱਖ ਰੁਪਏ ਦੀ ਰਾਸ਼ੀ ਘੱਟ ਹੈ ਤਾਂ ਫੇਰ ਇਨ੍ਹਾਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਪੰਜਾਬ ਦੇ ਕਿਸਾਨਾਂ ਦਾ ਪੱਖ ਰੱਖਣ ਲਈ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਸਰਕਾਰੀ ਖਜ਼ਾਨੇ ਵਿੱਚ ਦੁਆਨੀ ਵੀ ਨਹੀਂ ਛੱਡ ਕੇ ਗਏ ਪਰ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਾਅਦਾ ਪੁਗਾਉਂਦਿਆਂ 10.25 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਜਿਨ੍ਹਾਂ ਵਿੱਚ8.25ਲੱਖ ਕਿਸਾਨਾਂ ਦੇ ਸਮੁੱਚੇ ਕਰਜ਼ੇ 'ਤੇ ਲਕੀਰ ਫੇਰ ਦਿੱਤੀ ਹੈ।
ਬਟਾਲਾ ਵਿੱਚ ਪੀਣ ਵਾਲੇ ਦੂਸ਼ਿਤ ਪਾਣੀ ਨਾਲ 37 ਲੋਕ ਦੇ ਮਾਰੇ ਜਾਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਸ ਮਸਲੇ 'ਤੇ ਨਾ ਸਿਰਫ ਉਨ੍ਹਾਂ ਨੇ ਰੋਸ ਧਰਨਾ ਦਿੱਤਾ ਸੀ ਸਗੋਂ ਇਸ ਨੂੰ ਵਿਧਾਨ ਸਭਾ ਵਿੱਚ ਵੀ ਚੁੱਕਿਆ ਸੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੰਸਦ ਵਿੱਚ ਉਠਾਉਣਗੇ।
ਸ੍ਰੀ ਜਾਖੜ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਬਾਵਜੂਦ ਬਾਦਲ ਨਾਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲਣ ਗਏ ਸਨ ਕਿਉਂਕਿ ਮੇਰੇ ਲਈ ਪੰਜਾਬ ਦੇ ਹਿੱਤ ਸਭ ਤੋਂ ਉਪਰ ਹਨ ਪਰ ਬਾਦਲਾਂ ਨੇ ਆਪਣੀ ਸਰਕਾਰ ਵੇਲੇ ਫੰਡ ਖਰਚਣ ਵਿੱਚ ਕਾਂਗਰਸੀ ਵਿਧਾਇਕਾਂ ਦੇ ਹਲਕਿਆਂ ਨਾਲ ਸਰਾਸਰ ਬੇਇਨਸਾਫੀ ਕੀਤੀ।
ਸ੍ਰੀ ਜਾਖੜ ਨੇ ਵਰਕਰਾਂ ਨਾਲ ਵਾਅਦਾ ਕੀਤਾ ਕਿ ਜਿੱਥੇ ਉਹ ਗੁਰਦਾਸਪੁਰ ਲਈ ਕੇਂਦਰੀ ਗਰਾਂਟਾਂ ਲਈ ਜਦੋ-ਜਹਿਦ ਕਰਨਗੇ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਜੋ ਉਨ੍ਹਾਂ ਨੂੰ ਆਪਣੇ 'ਲਾਡਲੇ' ਵਜੋਂ ਸਤਿਕਾਰ ਦਿੰਦੇ ਹਨ, ਪਾਸੋਂ ਵੀ ਖਿੱਤੇ ਦੇ ਵਿਕਾਸ ਲਈ ਵਾਧੂ ਫੰਡ ਲਿਆਉਣਗੇ।
ਬਟਾਲਾ ਅਤੇ ਇਸ ਤੋਂ ਪਹਿਲਾਂ ਗੁਰਦਾਸਪੁਰ ਚੋਣ ਦਫ਼ਤਰ ਵਿਖੇ ਸ੍ਰੀ ਜਾਖੜ ਨੇ ਭਾਜਪਾ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਅਤੇ ਮੁਲਕ ਨੂੰ ਫਿਰਕੂ ਲੀਹਾਂ 'ਤੇ ਵੰਡਣ ਦੀਆਂ ਚਾਲਾਂ ਦੀ ਕਰੜੀ ਅਲੋਚਨਾ ਕੀਤੀ। ਉਨ੍ਹਾਂ ਨੇ ਮਹਿੰਗਾਈ ਖਾਸ ਤੌਰ 'ਤੇ ਤੇਲ ਦੀਆਂ ਕੀਮਤਾਂ ਵਿੱਚ ਬੇਲੋੜੇ ਵਾਧਾ ਅਤੇ ਨੋਟਬੰਦੀ ਲਈ ਕੇਂਦਰ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਕਿਉਂ ਜੋ ਨੋਟਬੰਦੀ ਦੇ ਫੈਸਲੇ ਨੂੰ ਲਾਗੂ ਕਰਨ ਨਾਲ ਦੇਸ਼ ਭਰ ਵਿੱਚ 200 ਲੋਕਾਂ ਨੂੰ ਮੌਤ ਦਾ ਮੂੰਹ ਵੇਖਣਾ ਪਿਆ।
ਗੁਰਦਾਸਪੁਰ ਦੇ ਚੋਣ ਦਫ਼ਤਰ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਸੰਬਧੋਨ ਕਰਦਿਆਂ ਸ੍ਰੀ ਜਾਖੜ ਨੇ ਉਨ੍ਹਾਂ ਨੂੰ ਮੌਜੂਦਾ ਹਾਲਤਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਵੋਟ ਪਾਉਣ ਦਾ ਸੱਦਾ ਦਿੱਤਾ ਕਿਉਂ ਜੋ ਦਿੱਲੀ ਵਿੱਚ ਬੈਠੇ ਭਾਜਪਾ ਸਰਕਾਰ ਦੇ ਹਾਕਮ ਲੋਕਾਂ ਨੂੰ ਕਿਹੜਾ ਧਰਮਾ ਅਪਨਾਉਣ ਅਤੇ ਕੀ ਖਾਣ-ਪਹਿਨਣ ਦੀਆਂ ਪੱਟੀਆਂ ਪੜ੍ਹਾ ਰਹੇ ਹਨ।
ਲੋਕਾਂ ਨਾਲ ਹੋਈ ਹਰੇਕ ਬੇਇਨਸਾਫੀ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਅਹਿਦ ਲੈਂਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਇਕ ਧਰਮ ਨਿਰਪੱਖ ਪਾਰਟੀ ਹੈ ਜਦਕਿ ਇਸ ਦੇ ਉਲਟ ਭਾਜਪਾ ਸਮੁੱਚੇ ਮੁਲਕ ਦੀ ਫਿਰਕੂ ਸਦਭਾਵਨਾ ਲਈ ਵੱਡਾ ਖ਼ਤਰਾ ਹੈ।
ਇਸ ਮੀਟਿੰਗ ਵਿੱਚ ਵਿਧਾਇਕ ਪਰਗਟ ਸਿੰਘ, ਬਰਿੰਦਰਮੀਤ ਸਿੰਘ ਪਾਹੜਾ ਅਤੇ ਫਤਹਿਜੰਗ ਬਾਜਵਾ ਵੀ ਹਾਜ਼ਰ ਸਨ ਜਦਕਿ ਬਟਾਲਾ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਸ੍ਰੀ ਜਾਖੜ ਨੂੰ ਉਮੀਦਵਾਰ ਬਣਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ। ਈਸਾਈ ਭਾਈਚਾਰੇ ਦੇ ਮੈਂਬਰਾਂ ਨਾਲ ਮੀਟਿੰਗ ਮੌਕੇ ਵਿਧਾਇਕ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਵੀ ਹਾਜ਼ਰ ਸਨ।