ਭੋਆ (ਪਠਾਨਕੋਟ), 30 ਸਤੰਬਰ, 2017 : ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਪਿੰਡ ਬਮਿਆਲ ਦੇ ਲੋਕਾਂ ਲਈ ਇਹ ਸਮਾਂ ਸੱਚਮੁੱਚ ਹੀ ਯਾਦਗਾਰੀ ਹੋ ਨਿੱਬੜਿਆ ਜਦ ਹਲਕਾ ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਿੰਘ ਸਲਾਰੀਆ ਨੇ ਆਪਣੀ ਚੋਣ ਮੁਹਿੰਮ ਦੇ ਦੌਰਾਨ ਪਹਿਲਕਦਮੀਂ ਕਰਦਿਆਂ ਉਕਤ ਪਿੰਡ ਦਾ ਦੌਰਾ ਕੀਤਾ। ਐਨਾ ਹੀ ਸ੍ਰੀ ਸਲਾਰੀਆ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਵੱਲੋਂ ਰੋਕੇ ਗਏ ਪਿੰਡ ਬਮਿਆਲ ਦੇ ਸਬ ਸਟੇਸ਼ਨ ਦਾ ਨਿਰਮਾਣ ਮੁਕੰਮਲ ਕਰਨ ਲਈ ਉਹ ਹਰ ਯਤਨ ਕਰਨਗੇ। ਉਨ੍ਹਾਂ ਦੇ ਇਸ ਐਲਾਨ ਤੋਂ ਬਾਗੋ-ਬਾਗ ਹੋਏ ਪਿੰਡ ਵਾਸੀਆਂ ਨੇ ਆਪਣੇ ਸੰਭਾਵੀ ਲੋਕ ਸਭਾ ਮੈਂਬਰ ਨੂੰ ਨਾ ਸਿਰਫ਼ ਭਰਪੂਰ ਪਿਆਰ ਦਿੱਤਾ ਬਲਕਿ ਉਨ੍ਹਾਂ ਦੇ ਹੱਕ ਵਿੱਚ ਪੂਰੀ ਤਰ੍ਹਾਂ ਭੁਗਤਣ ਦਾ ਵਾਅਦਾ ਵੀ ਕੀਤਾ।
ਪਿੰਡ ਬਮਿਆਲ ਦੇ ਸੱਤਪਾਲ ਵਰਮਾ, ਜਸਪਾਲ ਸਿੰਘ, ਮੇਜਰ ਸਿੰਘ ਪਠਾਣੀਆ, ਕ੍ਰਿਪਾਲ ਸਿੰਘ ਬਮਿਆਲ, ਅਮੀਂ ਚੰਦ ਆਦਿ ਨੇ ਦੱਸਿਆ ਕਿ ਅਕਾਲੀ -ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬਮਿਆਲ ਇਲਾਕੇ ਲਈ ਬਿਜਲੀ ਸਬ ਸਟੇਸ਼ਨ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸ ਲਈ ਸਰਪੰਚ ਨੇ ਆਪਣੀ ਜਮੀਨ ਵਿੱਚ ਥਾਂ ਵੀ ਖੁਦ ਦਿੱਤਾ ਸੀ। ਪਰ ਸੂਬੇ ਵਿੱਚ ਸੱਤਾ ਪਰਿਵਰਤਨ ਹੁੰਦਿਆਂ ਹੀ ਹਲਕੇ ਦੇ ਕਾਂਗਰਸੀ ਵਿਧਾਇਕ ਸਬ ਸਟੇਸ਼ਨ ਬਨਣ ਵਿੱਚ ਰੁਕਾਵਟਾਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਇੰਨ੍ਹਾਂ ਪਿੰਡਾਂ ਦੇ ਲੋਕਾਂ ਦੇ ਮਨ ਵਿੱਚ ਕਾਂਗਰਸ ਪਾਰਟੀ ਖਿਲਾਫ਼ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਬਮਿਆਲ ਦਾ ਸਰਪੰਚ ਭਾਜਪਾਈ ਹੋਣ ਕਾਰਨ ਵਿਧਾਇਕ ਵੱਲੋਂ ਸਰਪੰਚ ਦੇ ਕੰਮਾਂ ਵਿੱਚ ਵੀ ਜਾਣਬੁੱਝ ਕੇ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ। ਜਿਸ ਦਾ ਖਮਿਆਜਾ ਕਾਂਗਰਸ ਪਾਰਟੀ ਨੂੰ ਇੰਨ੍ਹਾਂ ਲੋਕ ਸਭਾ ਜਿਮਨੀ ਚੋਣਾਂ ਵਿੱਚ ਭੁਗਤਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਗਠਜੋੜ ਦੇ ਕਾਰਜਕਾਲ ਦੌਰਾਨ ਹੀ ਇਸ ਹਲਕੇ ਲਈ ਵੱਡੀਆਂ ਸਹੂਲਤਾਂ ਮਿਲੀਆਂ ਹਨ ਜਦਕਿ ਬੀਤੇ 6 ਮਹੀਨੇ ਤੋਂ ਹੋਂਦ ਵਿੱਚ ਆਈ ਕਾਂਗਰਸ ਸਰਕਾਰ ਨੇ ਹਲਕੇ ਦੇ ਇੰਨ੍ਹਾਂ ਪਿੰਡਾਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸੀ ਵਿਧਾਇਕ ਨੇ ਤਾਂ ਇਸ ਇਲਾਕੇ ਨੂੰ ਵਿਸਾਰਿਆ ਹੀ ਸੀ ਅਤੇ ਹੁਣ ਲੋਕ ਸਭਾ ਦੇ ਉਮੀਦਵਾਰ ਸੁਨੀਲ ਜਾਖੜ ਨੇ ਵੀ ਇਸ ਇਲਾਕੇ ਵਿੱਚ ਆਉਣ ਲਈ ਹਾਲੇ ਤੱਕ ਸਮਾਂ ਨਹੀਂ ਕੱਢਿਆ। ਉਨ੍ਹਾਂ ਮੁਤਾਬਿਕ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੇ ਜਿਸ ਤਰ੍ਹਾਂ ਪਹਿਲਕਦਮੀਂ ਕਰਦਿਆਂ ਇੰਨ੍ਹਾਂ ਪਿੰਡਾਂ ਨੂੰ ਆਪਣੇ ਚੋਣ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਸ਼ਾਮਿਲ ਕੀਤਾ ਹੈ, ਇਸ ਤੋਂ ਉਮੀਦ ਬੱਝਦੀ ਹੈ ਕਿ ਉਹ ਵਿਕਾਸ ਦੇ ਮਾਮਲੇ ਵਿੱਚ ਵੀ ਇੰਨ੍ਹਾਂ ਸਰਹੱਦੀ ਪਿੰਡਾਂ ਨੂੰ ਪਹਿਲ ਦੇ ਅਧਾਰ 'ਤੇ ਆਪਣੀ ਸੂਚੀ ਵਿੱਚ ਸ਼ਾਮਿਲ ਕਰਨਗੇ।
ਇਸ ਮੌਕੇ ਲੋਕਾਂ ਵੱਲੋਂ ਦਿੱਤੇ ਪਿਆਰ ਤੋਂ ਪ੍ਰਭਾਵਿਤ ਹੁੰਦਿਆਂ ਉਮੀਦਵਾਰ ਸਵਰਨ ਸਲਾਰੀਆ ਨੇ ਕਿਹਾ ਕਿ ਬੇਸ਼ੱਕ ਕਾਂਗਰਸ ਨੇ ਬਮਿਆਲ ਦੇ ਸਬ ਸਟੇਸ਼ਨ ਦੇ ਨਿਰਮਾਣ ਵਿੱਚ ਅਨੇਕਾਂ ਰੁਕਾਵਟਾਂ ਖੜੀਆਂ ਕੀਤੀਆਂ ਹਨ, ਪਰ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਪਹਿਲਾਂ ਕੰਮ ਹੀ ਇਹ ਹੋਵੇਗਾ ਕਿ ਸਬ ਸਟੇਸ਼ਨ ਦੇ ਨਿਰਮਾਣ ਵਿੱਚ ਆਉਂਦੀ ਹਰ ਰੁਕਾਵਟ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਰਹੱਦੀ ਪਿੰਡ ਦੀ ਦਸ਼ਾ ਸੁਧਾਰਣ ਲਈ ਵਿਆਪਕ ਯੋਜਨਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖੁਦ ਇਸ ਇਲਾਕੇ ਦੇ ਜੰਮਪਲ ਹਨ ਅਤੇ ਇੱਥੋਂ ਦੇ ਲੋਕਾਂ ਦੀ ਹਰ ਦੁੱਖ ਤਕਲੀਫ਼ ਸਮਝਦੇ ਹਨ। ਉਨ੍ਹਾਂ ਕਿਹਾ ਕਿ ਬਾਹਰਲੇ ਹਲਕੇ ਤੋਂ ਨਕਾਰੇ ਹੋਏ ਉਮੀਦਵਾਰ ਨੂੰ ਨਾ ਤਾਂ ਇਸ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਸਮਝ ਹੈ ਅਤੇ ਨਾ ਹੀ ਉਨ੍ਹਾਂ ਇਸ ਹਲਕੇ ਵਿੱਚ ਮੁੜ ਕੇ ਆਉਣਾ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਆਪਣੇ ਜੱਦੀ ਹਲਕੇ ਦੇ ਲੋਕਾਂ ਦਾ ਵਿਸ਼ਵਾਸਪਾਤਰ ਨਹੀਂ ਬਣ ਸਕਿਆ, ਉਹ ਸੈਂਕੜੇ ਕਿਲੋਮੀਟਰ ਦੂਰ ਬੈਠੇ ਇਸ ਹਲਕੇ ਦੇ ਲੋਕਾਂ ਨਾਲ ਕਿੱਥੋਂ ਵਫ਼ਾਦਾਰੀ ਨਿਭਾਵੇਗਾ। ਉਨ੍ਹਾਂ ਵਾਅਦਾ ਕੀਤਾ ਕਿ ਉਹ ਬਮਿਆਲ ਦੇ ਰੁਕੇ ਸਬ ਸਟੇਸ਼ਨ ਦੇ ਨਿਰਮਾਣ ਕਾਰਜ ਨੂੰ ਨੇਪਰੇ ਚੜਵਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣਗੇ।
ਇਸ ਮੌਕੇ ਬੋਲਦਿਆਂ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਕੇਂਦਰ ਵਿੱਚ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਲੈ ਕੇ ਭਾਰਤ ਦਾ ਨਾਮ ਵਿਦੇਸ਼ਾਂ ਵਿੱਚ ਵੀ ਸਤਿਕਾਰ ਨਾਲ ਲਿਆ ਜਾਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਬਲੀਅਤ ਦਾ ਹੀ ਨਤੀਜ਼ਾ ਹੈ ਕਿ ਚੀਨ ਵਰਗੇ ਦੇਸ਼ ਨੂੰ ਵੀ ਆਪਣੀਆਂ ਹਰਕਤਾਂ ਵਿੱਚ ਸੁਧਾਰ ਲਿਆਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹਰ ਵਰਗ ਦਾ ਦਰਦ ਸਮਝਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਵਾਸੀਆਂ ਦੇ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਪੰਜਾਬ ਵਿੱਚ ਸੱਤਾ ਤਾਂ ਹਾਸਿਲ ਕਰ ਲਈ ਪਰ 6 ਮਹੀਨੇ ਦਾ ਸਮਾਂ ਬੀਤ ਜਾਣ 'ਤੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਜ਼ਿਮਨੀ ਚੋਣ ਕਾਂਗਰਸ ਨੂੰ ਸਬਕ ਸਿਖਾਉਣ ਦਾ ਸਹੀ ਮੌਕਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਸੀਮਾ ਦੇਵੀ, ਦੀਕਸ਼ਾ ਸ਼ਰਮਾ, ਨਰਿੰਦਰ ਪ੍ਰਮਾਰ, ਸਿਟੀ ਪ੍ਰਧਾਨ ਤਰਸੇਮ ਲਾਲ, ਸਾਬਕਾ ਸਰਪੰਚ ਸੁਭਾਸ਼ ਚੰਦਰ ਆਦਿ ਵੀ ਹਾਜ਼ਰ ਸਨ।