ਪਠਾਨਕੋਟ , 5 ਅਕਤੂਬਰ, 2017 :
ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਗੁਰਦਾਸਪੁਰ ਉਪ ਚੋਣ ਲੜ ਰਹੇ ਕਾਂਗਰਸ ਅਤੇ ਭਾਜਪਾ-ਅਕਾਲੀ ਦਲ ਗੱਠਜੋੜ ਦੇ ਉਮੀਦਵਾਰਾਂ ਨੂੰ 'ਪੈਰਾਸ਼ੂਟ' ਕਰਾਰ ਦਿੰਦੇ ਹੋਏ ਕਿਹਾ ਕਿ ਗੁਰਦਾਸਪੁਰ-ਪਠਾਨਕੋਟ ਦੇ ਲੋਕ ਕਾਂਗਰਸ ਅਤੇ ਭਾਜਪਾ ਤੋਂ ਕੋਈ ਉਮੀਦ ਨਾ ਰੱਖਣ ਕਿਉਂਕਿ ਹੈਲੀਕਾਪਟਰਾਂ ਵਾਲਿਆਂ ਨੂੰ ਆਮ ਜਨਤਾ ਦੀਆਂ ਦੁੱਖ-ਤਕਲੀਫਾਂ ਕਦੇ ਨਜ਼ਰ ਨਹੀਂ ਆ ਸਕਦੀਆਂ।
ਭਗਵੰਤ ਮਾਨ ਪਠਾਨਕੋਟ ਅਤੇ ਭੋਅ ਹਲਕਿਆਂ ਦੇ ਪਿੰਡਾਂ 'ਚ ਪਾਰਟੀ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਖਜੂਰੀਆ ਦੇ ਹੱਕ ਵਿਚ ਚੋਣ ਰੈਲੀਆਂ ਕਰ ਰਹੇ ਸਨ। ਇਸ ਮੌਕੇ ਉਨਾਂ ਨਾਲ ਪਾਰਟੀ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ, ਸਟੇਟ ਸਕੱਤਰ ਗੁਲਸ਼ਨ ਛਾਬੜਾ ਅਤੇ ਵਿਧਾਇਕ ਨਾਜਰ ਸਿੰਘ ਮਾਨਸ਼ਹੀਆਂ ਮੌਜੂਦ ਸਨ। ਨੌਸ਼ਹਿਰਾ ਨਲਬੰਦਾ ਵਿਖੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੇਜਰ ਜਨਰਲ ਖਜੂਰੀਆ ਨੂੰ ਪਾਰਟੀ ਨੇ ਇਸ ਲਈ ਚੁਣਿਆ ਹੈ ਕਿਉਂਕਿ ਉਹ ਪਠਾਨਕੋਟ ਦੇ ਵਸ਼ਿੰਦੇ ਹਨ ਅਤੇ 24 ਘੰਟੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ 'ਚ ਸ਼ਰੀਕ ਰਹਿਣਗੇ। ਜਦਕਿ ਭਾਜਪਾ ਦੇ ਸਵਰਨ ਸਲਾਰੀਆ 3000 ਕਿਲੋਮੀਟਰ ਦੂਰ ਮੁੰਬਈ ਅਤੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ 300 ਕਿਲੋਮੀਟਰ ਦੂਰ ਅਬੋਹਰ ਤੋਂ ਆਏ ਹਨ, ਜਿੰਨਾਂ ਨੇ ਚੋਣ ਜਿੱਤਣ ਤੋਂ ਬਾਅਦ ਕਦੇ ਨਜ਼ਰ ਨਹੀਂ ਆਉਣਾ। ਭਗਵੰਤ ਮਾਨ ਨੇ ਜਾਖੜ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਜਾਖੜ ਨੂੰ ਪਹਿਲਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਅਤੇ ਫਿਰ ਉਸਦੇ ਆਪਣੇ ਸ਼ਹਿਰ ਅਬੋਹਰ ਦੇ ਲੋਕ ਰੱਦ ਕਰ ਚੁੱਕੇ ਹਨ, ਕਾਂਗਰਸ ਨੇ ਉਸਨੂੰ ਗੁਰਦਾਸਪੁਰ ਤੋਂ ਟਿਕਟ ਦੇ ਕੇ ਗੁਰਦਾਸਪੁਰ ਅਤੇ ਪਠਾਨਕੋਟ ਦੇ 13 ਲੱਖ ਤੋਂ ਵੱਧ ਵੋਟਰਾਂ ਨੂੰ ਟਿੱਚ ਦੱਸਿਆ ਹੈ। ਮਾਨ ਨੇ ਪੁੱਛਿਆ ਕਿ ਕਾਂਗਰਸ ਨੂੰ ਇੱਥੋਂ ਇਕ ਵੀ ਯੋਗ ਆਗੂ ਨਜ਼ਰ ਨਹੀਂ ਆਇਆ। ਜਾਖੜ ਆਪਣੇ ਇਲਾਕੇ ਦਾ ਵਿਕਾਸ ਨਹੀਂ ਕਰ ਸਕਿਆ ਪਰ ਅੱਜ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਵਿਕਾਸ ਦੇ ਸਬਜ਼ਬਾਗ ਦਿਖਾ ਰਿਹਾ ਹੈ। ਮਾਨ ਨੇ ਕਿਹਾ ਕਿ ਹਾਲ ਹੀ ਦੌਰਾਨ ਆਏ ਸਰਵੇ 'ਚ ਅਬੋਹਰ ਪੰਜਾਬ ਦਾ ਸਭ ਤੋਂ ਗੰਦਾ ਸ਼ਹਿਰ ਦੱਸਿਆ ਗਿਆ ਹੈ, ਜਦਕਿ ਜਾਖੜ ਪਰਿਵਾਰ ਉਸ ਹਲਕੇ ਦੀ 4 ਦਹਾਕਿਆਂ ਤੋਂ ਨੁਮਾਇੰਦਗੀ ਕਰ ਰਿਹਾ ਹੈ। ਇਸ ਲਈ ਜਾਖੜ ਤੋਂ ਕੋਈ ਉਮੀਦ ਨਾ ਰੱਖੋ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ ਕਿਉਂਕਿ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਭਾਜਪਾ ਉਮੀਦਵਾਰ ਨੂੰ ਵਿਵਾਦਗ੍ਰਸਤ ਦੱਸਦਿਆਂ ਮਾਨ ਨੇ ਕਿਹਾ ਕਿ ਜੋ ਵਿਅਕਤੀ ਚੋਣ ਕਮਿਸ਼ਨ ਨੂੰ ਜਾਣਕਾਰੀ ਦੇਣ 'ਚ ਫਰੇਬ ਕਰ ਸਕਦਾ ਹੈ, ਲੋਕ ਉਸ ਕੋਲੋਂ ਕੀ ਉਮੀਦ ਰੱਖ ਸਕਦੇ ਹਨ। ਮਾਨ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਲਾਰੀਆ ਨੇ ਆਪਣੇ ਕਾਲੇ ਕਾਰਨਾਮਿਆਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਸੱਚ ਨੂੰ ਜਿਆਦਾ ਦੇਰ ਛੁਪਾਇਆ ਨਹੀਂ ਜਾ ਸਕਦਾ। ਮਾਨ ਨੇ ਚੋਣ ਕਮਿਸ਼ਨ ਕੋਲੋਂ ਇਸ ਮੁੱਦੇ ਦਾ ਸਖਤ ਨੋਟਿਸ ਲੈਣ ਦੀ ਮੰਗ ਕੀਤੀ। ਮਾਨ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁਕਰੀਆਂ ਪਾਰਟੀਆਂ ਹਨ। ਇਸ ਲਈ ਲੋਕ ਦੋਵਾਂ ਨੂੰ ਮੂੰਹ ਨਾ ਲਗਾਉਣ ਅਤੇ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇ ਕੇ ਫਰਕ ਸਮਝਣ। ਮਾਨ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਵਲੋਂ ਸਿਹਤ, ਸਿੱਖਿਆ ਅਤੇ ਜਨ ਸਿਹਤ ਸੇਵਾਵਾਂ 'ਚ ਕੀਤੇ ਰਿਕਾਰਡ ਕੰਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਵੀ ਹੈ। ਦਿੱਲੀ ਦੀ ਸਰਕਾਰ ਦਾ ਦੋ ਸਾਲ ਦਾ ਕਾਰਜਕਾਲ ਇਸ ਦਾ ਮੂੰਹ ਬੋਲਦਾ ਸਬੂਤ ਹੈ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਲੋਕਤੰਤਰ 'ਚ ਲੋਕ ਮਾਲਕ ਹੁੰਦੇ ਹਨ। ਗੁਰਦਾਸਪੁਰ ਹਲਕੇ ਦੇ ਲੋਕਾਂ ਕੋਲ ਅੱਜ ਅਲੱਖ ਜਗਾਉਣ ਦਾ ਸੁਨਹਿਰਾ ਮੌਕਾ ਹੈ ਕਿ ਜਦੋਂ ਭਾਜਪਾ ਅਤੇ ਕਾਂਗਰਸ ਨੇ ਚੋਣ ਵਾਅਦੇ ਪੂਰੇ ਨਹੀਂ ਕੀਤੇ ਤਾਂ ਉਹ ਵੋਟ ਨਹੀਂ ਦੇਣਗੇ। ਅਮਨ ਅਰੋੜਾ ਨੇ ਦੋਵਾਂ ਪਾਰਟੀਆਂ ਨੂੰ ਸਬਕ ਸਿਖਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵਾਅਦਿਆਂ ਤੋਂ ਭੱਜਣ ਵਾਲਿਆਂ ਨੂੰ ਚਪੇੜ ਮਾਰਨ ਦਾ ਸਹੀ ਮੌਕਾ ਹੈ। ਅਰੋੜਾ ਨੇ ਅਪੀਲ ਕੀਤੀ ਕਿ ਉਹ ਕਾਂਗਰਸ ਤੋਂ ਘਰ-ਘਰ ਸਰਕਾਰੀ ਨੌਕਰੀ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਮਾਫ, 2500 ਰੁਪਏ ਪੈਨਸ਼ਨ, ਬੇਰੁਜ਼ਗਾਰੀ ਭੱਤੇ ਅਤੇ ਸਮਾਰਟ ਫੋਨ ਬਾਰੇ ਵੋਟਾਂ ਮੰਗਣ ਆਉਂਦੇ ਕਾਂਗਰਸੀ ਆਗੂਆਂ ਨੂੰ ਬੇਝਿਜਕ ਹੋ ਕੇ ਪੁੱਛਣ ਜਦਕਿ ਭਾਜਪਾ-ਅਕਾਲੀ ਦਲ ਵਾਲਿਆਂ ਨੂੰ 15-15 ਲੱਖ ਰੁਪਏ ਖਾਤਿਆਂ 'ਚ ਪਾਉਣ, 2 ਕਰੋੜ ਨੌਕਰੀਆਂ ਦੇਣ, ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਨ ਵਰਗੇ ਵਾਅਦਿਆਂ ਦੇ ਨਾਲ-ਨਾਲ ਨੋਟਬੰਦੀ ਅਤੇ ਜੀਐਸਟੀ ਵਰਗੇ ਜਨ ਵਿਰੋਧੀ ਫੈਸਲਿਆਂ ਦਾ ਹਿਸਾਬ ਮੰਗਣ।
ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਭੋਅ ਹਲਕੇ ਦੇ ਪਿੰਡ ਕੋਠੀ ਪੰਡਤਾ ਵਾਲੀ, ਮਲਕਪੁਰ, ਨਰੋਟ ਮਹਿਰਾ ਅਤੇ ਸੁਜਾਨਪੁਰ 'ਚ ਜਨ ਰੈਲੀਆਂ ਨੂੰ ਸੰਬੋਧਨ ਕੀਤਾ। ਇਨਾਂ ਰੈਲੀਆਂ ਨੂੰ ਵਿਧਾਇਕ ਹਰਪਾਲ ਸਿੰਘ ਚੀਮਾ, ਸੀਨੀਅਰ ਆਗੂ ਡਾ. ਬਲਵੀਰ ਸਿੰਘ, ਜਸਵੰਤ ਸਿੰਘ ਗੱਜਣਮਾਜਰਾ, ਰਾਜਵਿੰਦਰ ਘੁੱਲੀ ਨੇ ਵੀ ਸੰਬੋਧਨ ਕੀਤਾ।
ਇਨਾਂ ਮੌਕਿਆਂ ਉਪਰ ਸਥਾਨਕ ਆਗੂ ਗੋਤਮ, ਬਲਵੀਰ ਸਿੰਘ, ਰਾਜ ਕੁਮਾਰ, ਦੀਦਾਰ ਸਿੰਘ, ਗੁਰਦਿਆਲ ਸਿੰਘ ਸੈਣੀ, ਅਮਰੀਕ ਸਿੰਘ ਪੱਪੂ, ਬਿਕਰਮ ਸਿੰਘ, ਗੁਰਨਾਮ ਸਿੰਘ, ਗੱਜਣ ਕੁਮਾਰ, ਕਾਬਲ ਸਿੰਘ, ਹਕੀਕਤ ਰਾਏ, ਐਡਵੋਕੇਟ ਨਰਿੰਦਰ, ਜ਼ਿਲ੍ਹਾ ਪ੍ਰਧਾਨ ਨਰਿੰਦਰ ਭੋਲਾ, ਐਡਵੋਕੇਟ ਸਿਮਰਨ, ਐਚਐਸ ਪੰਨੂ, ਸਾਰਥਕ ਮਹਾਜਨ, ਰਜੇਸ਼ ਕੁਮਾਰ ਰਾਜੂ, ਠਾਕੁਰ ਪ੍ਰਭਾਵ ਸਿੰਘ, ਮੈਡਮ ਮਧੂ ਬਾਲਾ, ਨਸੀਬ ਚੰਦ, ਜੋਗਿੰਦਰ ਸਲਾਰੀਆ, ਅਸ਼ਵਨੀ ਕੁਮਾਰ ਅਤੇ ਹੋਰ ਆਗੂ ਮੌਜੂਦ ਸਨ।