ਪਠਾਨਕੋਟ/ਗੁਰਦਾਸਪੁਰ/ਚੰਡੀਗੜ੍ਹ, 7 ਅਕਤੂਬਰ, 2017 : ਸਿਹਤ ਅਤੇ ਸੰਸਦੀ ਮਾਮਲਿਆਂ ਸਬੰਧੀ ਮੰਤਰੀ ਬ੍ਰਹਮ ਮੋਹਿੰਦਰਾ ਨੇ ਕਿਹਾ ਹੈ ਕਿ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਵੱਲੋਂ ਨੋਟਬੰਦੀ ਤੇ ਜੀ.ਐਸ.ਟੀ ਨੂੰ ਗਲਤ ਤਰੀਕੇ ਨਾਲ ਲਾਗੂ ਕਰਨ ਦਾ ਵੱਡੇ ਪੱਧਰ 'ਤੇ ਵਿਰੋਧ ਕਰਨ ਤੋਂ ਬਾਅਦ ਕੇਂਦਰ 'ਚ ਭਾਜਪਾ ਸਰਕਾਰ ਆਪਣੇ ਕਦਮ ਤੋਂ ਪਿੱਛੇ ਹੱਟ ਗਈ ਹੈ।
ਪਾਰਟੀ ਉਮੀਦਵਾਰ ਸੁਨੀਲ ਜਾਖੜ ਦੀ ਹੱਕ 'ਚ ਇਥੇ ਚੋਣ ਮੀਟਿੰਗਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਹਿੰਦਰਾ ਨੇ ਕਿਹਾ ਕਿ ਰਾਹੁਲ ਵੱਲੋਂ ਜੀ.ਐਸ.ਟੀ ਨੂੰ ਗਲਤ ਤੇ ਤਾਨਾਸ਼ਾਹੀ ਤਰੀਕੇ ਨਾਲ ਲਾਗੂ ਕਰਨ ਵਿਰੁੱਧ ਲਗਾਤਾਰ ਅਵਾਜ਼ ਚੁੱਕੇ ਜਾਦ ਤੋਂ ਬਾਅਦ ਵਿੱਤ ਮੰਤਰੀ ਅਰੂਨ ਜੇਤਲੀ ਨੂੰ ਇਸ 'ਤੇ ਮੁੜ ਵਿਚਾਰ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।
ਇਸ ਲੜੀ ਹੇਠ, ਭਾਜਪਾ ਸਰਕਾਰ ਵੱਲੋਂ ਜੀ.ਐਸ.ਟੀ ਰੇਟਾਂ 'ਤੇ ਮੁੜ ਵਿਚਾਰ ਕਰਕੇ ਖੁਦ ਸਵੀਕਾਰ ਕੀਤਾ ਗਿਆ ਹੈ ਕਿ ਜੀ.ਐਸ.ਟੀ ਲਾਗੂ ਕਰਨ ਦੇ ਮੁੱਦੇ 'ਤੇ ਉਹ ਪੂਰੀ ਤਰ੍ਹਾਂ ਨਾਲ ਗਲਤ ਹੈ। ਇਹ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਲਏ ਗਏ ਪੱਖ ਨੂੰ ਵੀ ਸਾਬਤ ਕਰਦਾ ਹੈ, ਜਿਸ ਕਾਰਨ ਭਾਜਪਾ ਨੂੰ ਲੋਕਾਂ ਦੀਆਂ ਤਕਲੀਫਾਂ 'ਤੇ ਆਖਿਰਕਾਰ ਧਿਆਨ ਦੇਣਾ ਹੀ ਪਿਆ।
ਮੋਹਿੰਦਰਾ ਨੇ ਕਿਹਾ ਕਿ ਗੁਰਦਾਸਪੁਰ ਜਿਮਨੀ ਚੋਣ ਕੇਂਦਰ 'ਚ ਭਾਜਪਾ ਸਰਕਾਰ ਦੇ ਅੰਤ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਚੋਣਾਂ 2019 ਆਮ ਚੋਣਾਂ ਦੀ ਦਿਸ਼ਾ ਤੈਅ ਕਰਨਗੀਆਂ ਤੇ ਕਾਂਗਰਸ ਦੀ ਵਾਪਿਸੀ ਦਾ ਐਲਾਨ ਹੋਣਗੀਆਂ। ਸੀਨੀਅਰ ਕਾਂਗਰਸੀ ਆਗੂ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਇਨ੍ਹਾਂ ਤਿੰਨ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਖਤਮ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ 'ਚ ਕਾਂਗਰਸ ਨੇ ਪਹਿਲਾਂ ਹੀ ਆਪਣੀ ਵਾਪਿਸੀ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਹੈ। ਗੁਰਦਾਸਪੁਰ 'ਚ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 2017 ਵਿਧਾਨ ਸਭਾ ਚੋਣਾਂ ਦਾ ਨਤੀਜਾ ਦੁਹਰਾਏਗੀ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਕਾਂਗਰਸ ਵੱਡੇ ਅੰਤਰ ਤੋਂ ਇਹ ਚੋਣ ਜਿੱਤੇਗੀ ਤੇ ਇਹ ਭਾਜਪਾ ਸਰਕਾਰ ਦੀਆਂ ਗਲਤ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਫਤਵਾ ਹੋਵੇਗਾ।