← ਪਿਛੇ ਪਰਤੋ
ਫਿਰੋਜ਼ਪੁਰ 05 ਅਗਸਤ 2020 : ਸ਼ਰਾਬ ਮਾਫੀਆ ਦੇ ਜ਼ਹਿਰੀਲੀ ਸ਼ਰਾਬ ਦੇ ਗੋਰਖ ਧੰਦੇ ਕਾਰਨ ਅੰਮ੍ਰਿਤਸਰ, ਤਰਨਤਾਰਨ , ਬਟਾਲਾ ਚ ਸੌ ਤੋਂ ਵੱਧ ਲੋਕ ਮੌਤ ਦੇ ਮੂੰਹ 'ਚ ਚਲੇ ਜਾਣ ਦਾ ਮਾਮਲਾ ਹਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਸੁਰਖੀਆਂ 'ਚ ਰਹਿਣ ਵਾਲੀ ਕੇਂਦਰੀ ਜੇਲ ਫਿਰੋਜ਼ਪੁਰ 'ਚ ਨਜਾਇਜ਼ ਸ਼ਰਾਬ ਜੇਲ੍ਹ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਦੇ ਦੋਸ਼ਾਂ ਚ ਅਾਪਣੇ ਹੀ ਜੇਲ ਦੇ ਇਕ ਅਧਿਕਾਰੀ ਅਤੇ ਕਰਮਚਾਰੀ ਨੂੰ ਕਾਬੂ ਕੀਤਾ ਹੈ। ਇਹ ਵੀ ਸੱਚ ਹੈ ਕਿ ਜੇਲ ਪ੍ਰਸ਼ਾਸ਼ਨ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਤੱਕ ਨਹੀਂ ਕੀਤਾ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਹੈਡਵਾਰਡਰ ਦਰਸ਼ਨ ਸਿੰਘ ਸ਼ਰਾਬ ਰੀਅਲ ਜੂਸ ਦੀਆ ਬੋਤਲਾਂ ਚ ਪਾ ਕੇ ਜੇਲ ਅੰਦਰ ਲੈ ਕੇ ਜਾ ਰਿਹਾ ਸੀ, ਸ਼ੱਕ ਪੈਣ ਤੇ ਜੇਲ ਦੀ ਡਿਓੜੀ 'ਚ ਤਾਇਨਾਤ ਜੇਲ ਮੁਲਾਜ਼ਮਾਂ ਨੇ ਤੁਰੰਤ ਉਕਤ ਹੈੱਡਵਾਰਡਰ ਨੂੰ ਕਾਬੂ ਕਰ ਲਿਆ। ਪੁਛ ਗਿੱਛ ਦੌਰਾਨ ਹੈੱਡਵਾਰਡਰ ਦਰਸ਼ਨ ਸਿੰਘ ਨੇ ਕਬੂਲ ਕੀਤਾ ਕਿ ਉਹ ਸਹਾਇਕ ਸੁਪਰਡੈਂਟ ਨਿਰਪਾਲ ਸਿੰਘ ਦੇ ਕਹਿਣ 'ਤੇ ਇਹ ਸ਼ਰਾਬ ਜੂਸ ਦੀਆਂ ਬੋਤਲਾਂ 'ਚ ਪਾ ਕੇ ਜੇਲ ਅੰਦਰ ਲੈ ਕੇ ਜਾ ਰਿਹਾ ਸੀ। ਇਸ ਮਾਮਲੇ ਸਬੰਧੀ ਜਦੋ ਜੇਲ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਦੋਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
Total Responses : 267