ਐਸ.ਏ.ਐਸ. ਨਗਰ, 17 ਅਗਸਤ 2020: ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵਲੋਂ ਮੁਹਾਲੀ ਦੇ ਨੌਲੇਜ ਸਿਟੀ ਸੈਕਟਰ 81 ਵਿਖੇ ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ ਦੀ ਇਮਾਰਤ ਦੀ ਉਸਾਰੀ ਦਾ ਵਰਚੂਅਲੀ ਉਦਘਾਟਨ ਕੀਤਾ ਗਿਆ ਹੈ। ਇਸ ਸਬੰਧੀ ਘੋਸ਼ਣਾ ਮੁਹਾਲੀ ਵਿਖੇ ਆਯੋਜਿਤ ਕੀਤੇ ਗਏ 74ਵੇਂ ਆਜ਼ਾਦੀ ਦਿਵਸ ਮੌਕੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਕੀਤੀ ਗਈ।
ਕੋਵਿਡ-19 ਲਾਕਡਾਊਨ ਦੌਰਾਨ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਵਲੋਂ 31 ਕਰੋੜ ਰੁਪਏ ਦੀ ਲਾਗਤ ਨਾਲ 1 ਏਕੜ ਰਕਬੇ ਵਿਚ ਬਣਨ ਵਾਲੀ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਾਇੰਸ, ਟੈਕਨਾਲੋਜੀ ਅਤੇ ਵਾਤਾਵਰਣ, ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਲੋਕ ਸ਼ੇਖਰ ਆਈ.ਏ.ਐੱਸ. ਨੇ ਦਿੱਤੀ।
ਉਸ ਸਮੇਂ ਦੇ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਅਨੁਸਾਰ ਇਸ ਦੇ ਸੰਸਥਾਪਕ ਸੀਈਓ ਡਾ. ਐਸਐਸ ਮਰਵਾਹਾ ਦੇ ਸੰਕਲਪ ਅਧਾਰਿਤ, ਕੈਨੇਡਾ ਦੇ ਸੱਸਕੈਟੂਨ ਜਿਹੇ ਕਲੱਸਟਰ ਸੰਕਲਪ ਦੇ ਅਧਾਰ ‘ਤੇ ਬਣੀ, ਪੀਬੀਟੀਆਈ ਸਾਰੇ ਭਾਈਵਾਲਾਂ ਲਈ ਇੱਕ ਵਰਦਾਨ ਸਾਬਤ ਹੋਈ ਹੈ। ਇਹ ਜਾਣਕਾਰੀ ਪੀਬੀਟੀਆਈ ਦੇ ਕਾਰਜਕਾਰੀ ਅਧਿਕਾਰੀ ਡਾ. ਅਜੀਤ ਦੂਆ ਨੇ ਸਾਂਝੀ ਕੀਤੀ ਜੋ ਇਸ ਦੀ ਸ਼ੁਰੂਆਤ ਤੋਂ ਹੀ ਇਸ ਦੇ ਭਾਈਵਾਲ ਰਹੇ ਹਨ। ਮੁਹਾਲੀ ਵਿਖੇ ਨੌਲੇਜ ਸਿਟੀ ਵੀ ਇਸ ਦੂਰ-ਅੰਦੇਸ਼ੀ ਦਾ ਨਤੀਜਾ ਹੈ।
ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਅਤੇ ਟੈਕਨਾਲੋਜੀ ਦੀ ਬੇਸਮੈਂਟ ਤੋਂ ਸ਼ੁਰੂਆਤ ਕਰਦਿਆਂ, ਪੀਬੀਟੀਆਈ ਨੇ ਪਿਛਲੇ ਸਾਲਾਂ ਦੌਰਾਨ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ, ਜਿਨ੍ਹਾਂ ਵਿੱਚ ਸਾਇੰਸ ਅਤੇ ਟੈਕਨਾਲੋਜੀ ਮੰਤਰਾਲੇ, ਵਣਜ ਅਤੇ ਉਦਯੋਗ ਮੰਤਰਾਲੇ, ਮਿਨੀਸਟਰੀ ਆਫ਼ ਫੂਡ ਪ੍ਰੋਸੈਸਿੰਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਅਤੇ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਬਾਰੇ ਮੰਤਰਾਲਾ ਸ਼ਾਮਲ ਹਨ, ਦੇ ਸਹਿਯੋਗ ਨਾਲ ਕਈ ਗੁਣਾ ਵਿਕਾਸ ਕੀਤਾ।
ਪੀਬੀਟੀਆਈ ਦੇ ਸਿਰ ਪੰਜਾਬ ਦੀ ਪਹਿਲੀ ਜਨਤਕ ਖੇਤਰ ਦੀ ਬਹੁ-ਖੇਤਰੀ ਐਨਏਬੀਐਲ ਦੁਆਰਾ ਪ੍ਰਮਾਣਿਤ ਲੈਬ ਹੋਣ ਦਾ ਸਿਹਰਾ ਹੈ ਜਿਸ ਵਿਚ ਆਪਣੇ ਖੇਤਰ ਦੇ 2500 ਮਾਪਦੰਡ ਸ਼ਾਮਲ ਹਨ। ਇਹ 2015 ਵਿਚ ਪਰਮਾਣੂ ਤਕਨੀਕਾਂ ਅਧਾਰਤ ਹਨੀ ਐਥੰਟੀਸਿਟੀ ਟੈਸਟਿੰਗ ਫੈਸੀਲਿਟੀ ਵਾਲੀ ਭਾਰਤ ਦੀ ਪਹਿਲੀ ਲੈਬ ਹੈ ਅਤੇ ਇਹ ਰਾਸ਼ਟਰੀ ਅਤੇ ਸੂਬਾ ਪੱਧਰੀ ਮਾਨਤਾ ਪ੍ਰਾਪਤ ਕਰਨ ਵਾਲੀ ਸੂਬੇ ਦੀ ਪਹਿਲੀ ਲੈਬ ਹੈ, ਜਿਸ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, ਸੀਡਜ਼ ਐਕਟ, ਵਾਟਰ ਐਕਟ ਅਤੇ ਏਅਰ ਐਕਟ ਅਧੀਨ ਰੈਫਰਲ ਸਟੇਟਸ ਅਤੇ ਹਨੀ ਲਈ ਰਾਸ਼ਟਰੀ ਰੈਫਰੈਂਸ ਲੈਬਾਰਟਰੀ ਵਜੋਂ ਐਫਐਸਐਸਏਆਈ ਦੀ ਮਨਜ਼ੂਰੀ ਸ਼ਾਮਲ ਹੈ।
ਡਾ. ਦੁਆ ਨੇ ਦੱਸਿਆ ਕਿ ਪੀਬੀਟੀਆਈ ਨੇ ਪ੍ਰਤੀ ਦਿਨ 1000 ਟੈਸਟਾਂ ਦੀ ਸਮਰੱਥਾ ਵਾਲੇ ਰਿਕਾਰਡ ਸਮੇਂ ਵਿੱਚ ਕੋਵਿਡ -19 ਟੈਸਟਿੰਗ ਲੈਬ ਦੀ ਸਥਾਪਨਾ ਕੀਤੀ ਹੈ ਅਤੇ ਗੈਰ-ਮੈਡੀਕੋ ਪ੍ਰਯੋਗਸ਼ਾਲਾਵਾਂ ਦੁਆਰਾ ਟੈਸਟਿੰਗ ਸਮਰੱਥਾ ਵਧਾਉਣ ਲਈ ਸੂਬੇ ਦੇ ਉੱਦਮ ਵਿੱਚ ਯੋਗਦਾਨ ਪਾਇਆ ਹੈ। ਕੋਵਿਡ-19 ਲਾਕਡਾਉਨ ਦੌਰਾਨ ਪੀਬੀਟੀਆਈ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਜ਼ਰੂਰੀ ਵਿਸ਼ਲੇਸ਼ਣ ਸੇਵਾਵਾਂ ਨੇ ਪੰਜਾਬ ਤੋਂ ਚੌਲਾਂ ਦੇ ਨਿਰਯਾਤ ਨੂੰ ਸੰਭਵ ਬਣਾਇਆ।
ਵਿਸ਼ਲੇਸ਼ਣ ਸੇਵਾਵਾਂ ਤੋਂ ਇਲਾਵਾ, ਪੀਬੀਟੀਆਈ ਸਲਾਹ-ਮਸ਼ਵਰੇ, ਹੁਨਰ ਵਿਕਾਸ, ਮਨੁੱਖੀ ਸਰੋਤ ਵਿਕਾਸ ਅਤੇ ਸਟਾਰਟ-ਅੱਪਸ ਸਬੰਧੀ ਸੇਵਾਵਾਂ ਵੀ ਪ੍ਰਦਾਨ ਕਰ ਰਿਹਾ ਹੈ। ਵਿਗਿਆਨਕ ਅਤੇ ਉਦਯੋਗਿਕ ਖੋਜ ਸੰਗਠਨ ਵਜੋਂ ਮਾਨਤਾ ਮਿਲਣ ਤੋਂ ਬਾਅਦ, ਇਸ ਨੇ ਸੂਬੇ ਦੇ ਮਹੱਤਵਪੂਰਣ ਉਦਯੋਗਾਂ ਦੁਆਰਾ ਸਹਾਇਤਾ ਪ੍ਰਾਪਤ ਵੱਖ ਵੱਖ ਪ੍ਰਾਜੈਕਟਾਂ ਦੇ ਨਾਲ ਨਾਲ ਸੂਬੇ ਦੇ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ, ਜਿਸ ਵਿੱਚ ਡੀ.ਡਬਲਯੂ.ਐੱਸ.ਐੱਸ. ਲਈ ਪੇਂਡੂ ਜਲ ਸਪਲਾਈ ਸਕੀਮਾਂ ਦਾ ਮੁਲਾਂਕਣ ਕੀਤਾ ਗਿਆ, ਜਿਸ ਦੇ ਅਧਾਰ 'ਤੇ ਆਰਓ ਸਿਸਟਮ ਦੇ ਤਕਨਾਲੋਜੀ ਅਤੇ ਕਾਰਜਾਂ ਦੇ ਸੰਚਾਲਨ ਸੰਬੰਧੀ ਫੈਸਲੇ ਲਏ ਗਏ। ਪੂਰੇ ਭਾਰਤ ਵਿੱਚ ਲੈਬਾਂ ਦੀ ਸਥਾਪਨਾ ਅਤੇ ਕਾਰਜ ਪ੍ਰਣਾਲੀਆਂ ਲਈ ਭਾਈਵਾਲ ਵਜੋਂ, ਪੀਬੀਟੀਆਈ ਨੇ ਪੰਜਾਬ ਐਫਡੀਏ ਅਤੇ ਡੀਡਬਲਯੂਐਸਐਸ ਲੈਬਾਂ ਅਤੇ ਰਾਜ ਦੀਆਂ ਹੋਰ ਫੂਡ ਲੈਬਾਂ ਦਾ ਤਕਨੀਕੀ ਤੌਰ ‘ਤੇ ਸਮਰਥਨ ਕੀਤਾ ਹੈ। ਇਸ ਨੇ ਖੁਰਾਕ ਪ੍ਰਮਾਣਿਕਤਾ ਉੱਤੇ ਸਾਂਝੇ ਤੌਰ ‘ਤੇ ਕੰਮ ਕਰਨ ਲਈ ਯੂ ਐਨ-ਐਫਏਓ ਆਈਏਈਏ ਨਾਲ ਅੰਤਰਰਾਸ਼ਟਰੀ ਸੰਪਰਕ ਵੀ ਸਥਾਪਤ ਕੀਤਾ ਹੈ।
ਪੀਬੀਟੀਆਈ ਨੂੰ ਆਪਣੇ ਡੋਮੇਨ ਵਿਚ ਮਿਲੀ ਸਫਲਤਾ ਨੂੰ ਧਿਆਨ ਵਿਚ ਰੱਖਦਿਆਂ, ਸੂਬਾ ਸਰਕਾਰ ਨੇ 2019 ਵਿਚ ਇਸ ਨੂੰ ਖੇਤੀ, ਖੁਰਾਕ, ਪਾਣੀ ਅਤੇ ਵਾਤਾਵਰਣ ਸੈਕਟਰ ਵਿਚ ਸੂਬਾ ਵਿਸ਼ਲੇਸ਼ਣ ਏਜੰਸੀ ਵਜੋਂ ਨੋਟੀਫਾਈ ਕੀਤਾ ਅਤੇ ਮਿਸ਼ਨ ਬਾਇਓਟੈਕ ਪੰਜਾਬ ਨੂੰ ਚਲਾਉਣ ਦੀ ਜ਼ਿੰਮੇਵਾਰੀ ਵੀ ਸੌਂਪੀ। ਪੰਜਾਬ ਸਟੇਟ ਬਾਇਓਟੈਕ ਕਾਰਪੋਰੇਸ਼ਨ ਨੇ ਵੀ 2019 ਵਿੱਚ ਪੀਬੀਟੀਆਈ ਤੋਂ ਕੰਮ ਕਰਨਾ ਸ਼ੁਰੂ ਕੀਤਾ ਜਿਸ ਵਿਚ ਲਾਈਫ ਸਾਇੰਸਜ਼ ਪਾਰਕ ਸਥਾਪਤ ਕਰਨ ਦੇ ਨਾਲ ਨਾਲ ਡੀਬੀਟੀ-ਬੀਆਈਆਰਏਸੀ ਦੇ ਸਹਿਯੋਗ ਨਾਲ ਸੈਕੰਡਰੀ ਐਗਰੀਕਲਚਰ ਐਂਟਰਪ੍ਰੀਨੀਓਰੀਅਲ ਨੈਟਵਰਕ ਸਥਾਪਤ ਕਰਨਾ ਸ਼ਾਮਲ ਹੈ।
ਦੇਸ਼ ਅਤੇ ਪੰਜਾਬ ਦੇ ਉਦਯੋਗ, ਨਿਰਯਾਤ ਕਰਨ ਵਾਲੇ, ਵਪਾਰੀ, ਕਿਸਾਨ, ਮਧੂ ਮੱਖੀ ਪਾਲਕ, ਉੱਦਮੀਆਂ, ਸਟਾਰਟ-ਅੱਪਸ ਅਤੇ ਰੈਗੂਲੇਟਰ ਆਪਣੇ ਘਰ-ਘਰ ਇਹਨਾਂ ਸਹੂਲਤਾਂ ਦੀ ਉਪਲੱਬਧਤਾ ਦਾ ਲਾਭ ਲੈ ਰਹੇ ਹਨ। ਇਸ ਨਾਲ ਨਾ ਸਿਰਫ ਉਪਭੋਗਤਾਵਾਂ ਨੂੰ ਸੈਂਪਲ ਦੇਸ਼ ਦੇ ਹੋਰ ਹਿੱਸਿਆਂ ਜਾਂ ਭਾਰਤ ਤੋਂ ਬਾਹਰ ਭੇਜਣ ਵਿਚ ਆਪਣਾ ਸਮਾਂ ਬਚਾਉਣ ਵਿਚ ਸਹਾਇਤਾ ਮਿਲੀ ਹੈ, ਨਾਲ ਹੀ ਸੂਬੇ ਤੋਂ ਪੈਸਾ ਬਾਹਰ ਜਾਣ ਤੋਂ ਵੀ ਬਚਾਇਆ ਗਿਆ ਹੈ।
ਡਾ. ਦੁਆ ਨੇ ਦੱਸਿਆ ਕਿ ਨੌਲੇਜ ਸਿਟੀ ਵਿਚ ਪੀਬੀਟੀਆਈ ਦੀ ਨਵੀਂ ਇਮਾਰਤ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕੀਤੀ ਗਈ ਹੈ। ਅੱਗੇ ਸ਼੍ਰੀ ਅਲੋਕ ਸ਼ੇਖਰ ਨੇ ਦੱਸਿਆ ਕਿ ਨਵੀਂ ਸਹੂਲਤ ਵਿੱਚ ਮੌਜੂਦਾ ਸਹੂਲਤਾਂ ਦੇ ਵਿਸਥਾਰ ਤੋਂ ਇਲਾਵਾ ਪਲੱਗ ਐਂਡ ਪਲੇ ਸੁਵਿਧਾ, ਕਾਮਨ ਇੰਸਟ੍ਰੂਮੈਂਟੇਸ਼ਨ ਸਹੂਲਤ, ਸਕਿੱਲ ਅੱਪ ਗਰੇਡਿਸ਼ਨ ਸੈਂਟਰ ਅਤੇ ਪੀਬੀਟੀਆਈ-ਪੀਪੀਸੀਬੀ ਜੁਆਇੰਟ ਇਨਵਾਰਿਨਮੈਂਟ ਰਿਸੋਰਸ ਸੈਂਟਰ ਸਥਾਪਤ ਕਰਨ ਦੀ ਵਿਵਸਥਾ ਰੱਖੀ ਗਈ ਹੈ। ਇਹ ਪਹਿਲਕਦਮੀ ਪੰਜਾਬ ਵਿਚ ਲਾਇਫ ਸਾਇੰਸ ਅਤੇ ਬਾਇਓਟੈਕਨਾਲੌਜੀ ਖੇਤਰ ਵਿਚ ਉਦਯੋਗ ਨੂੰ ਨਿਰਯਾਤ ਅਤੇ ਆਕਰਸ਼ਤ ਕਰਨ ਲਈ ਕੀਤੀ ਗਈ ਹੈ।