ਪਠਾਨਕੋਟ, 1 ਅਕਤੂਬਰ 2017 : ਆਪ ਆਗੂ ਜੋਗਿੰਦਰ ਸਿੰਘ ਛੀਨਾ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਫੈਸਲੇ ਦਾ ਸੁਆਗਤ ਕਰਨ ਮਗਰੋਂ ਪੱਤਰਕਾਰਾਂ ਵੱਲੋਂ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਦੇ ਬਾਰੇ ਪੁੱਛੇ ਗਏ ਪ੍ਰਸ਼ਨ 'ਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਪ੍ਰਭਾਰੀ ਪ੍ਰਭਾਤ ਝਾ ਨੇ ਬੇਬਾਕੀ ਨਾਲ ਕਿਹਾ ਕਿ ਪੰਜਾਬ ਦੇ ਸੀ.ਐਮ. ਕੈਪਟਨ ਅਮਰਿੰਦਰ ਸਿੰਘ ਨੇ ਇਕ ਤੀਰ ਨਾਲ ਦੋ ਸ਼ਿਕਾਰ ਕਰ ਦਿੱਤੇ। ਕਾਂਗਰਸ ਦਾ ਹਾਰਨਾ ਤੈਅ ਹੈ, ਸੋ ਕੈਪਟਨ ਨੇ ਜਿੱਥੇ ਗੁਰਦਾਸਪੂਰ ਦੇ ਸਾਬਕਾ ਸਾਂਸਦ ਰਹੇ ਅਤੇ ਸਾਬਕਾ ਸੂਬਾ ਪ੍ਰਧਾਨ ਰਹੇ ਪ੍ਰਤਾਪ ਸਿੰਘ ਬਾਜਵਾ ਦੀ ਸਹਿਮਤੀ ਦੇ ਬਿਨ੍ਹਾਂ ਟਿਕਟ ਦੇਕੇ ਉਨ੍ਹਾਂ ਨੂੰ ਅਪਣੇ ਗ੍ਰਹਿ ਖੇਤਰ ਵਿਚ ਹਾਸ਼ੀਏ 'ਤੇ ਧਕੇਲ ਦਿੱਤਾ, ਦੂਜੇ ਪਾਸੇ ਜਾਖੜ ਨੂੰ ਗੁਰਦਾਸਪੂਰ ਤੋਂ ਜਿੱਥੇ ਕਾਂਗਰਸ ਦੀ ਹਾਰ ਤੈਅ ਹੈ, ਨੂੰ ਉਮੀਦਵਾਰ ਬਣਾਕੇ ਉਸਨੂੰ ਵੀ ਪੰਜਾਬ ਦੀ ਰਾਜਨੀਤੀ ਤੋਂ ਖਤਮ ਕਰਨ ਦਾ ਕਾਰਜ ਕਰ ਦਿੱਤਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਸਾਬਕਾ ਸੂਬਾ ਪ੍ਰਧਾਨ ਰਹੇ ਹਨ ਅਤੇ ਚੋਣ ਲੜ ਰਹੇ ਸੁਨੀਲ ਜਾਖੜ ਮੌਜੂਦਾ ਸੂਬਾ ਕਾਂਗਰਸ ਪ੍ਰਧਾਨ ਹਨ, ਪਰ ਇਹ ਵੀ ਜਗਜਾਹਿਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਤਾਪ ਸਿੰਘ ਬਾਜਵਾ ਦੇ ਨਾਲ-ਨਾਲ ਸੁਨੀਲ ਜਾਖੜ ਦੇ ਨਾਲ ਵੀ ਛੱਤੀਸ ਦਾ ਆਂਕੜਾ ਰਿਹਾ ਹੈ। ਸ਼੍ਰੀ ਝਾ ਨੇ ਕਿਹਾ ਕਿ ਭਾਜਪਾ ਉਮੀਦਵਾਰ ਸ਼੍ਰੀ ਸਵਰਣ ਸਲਾਰੀਆ ਦੀ ਜਿੱਤ ਵੋਟਰਾਂ ਨੇ ਹੀ ਪੱਕੀ ਕੀਤੀ ਹੋਈ ਹੈ, ਲੇਕਿਨ ਸੁਨੀਲ ਜਾਖੜ ਨੂੰ ਉਸਦੀ ਅਪਣੀ ਹੀ ਪਾਰਟੀ ਦੇ ਆਗੂ ਪਲੀਤਾ ਫੇਰਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਪ੍ਰਤਾਪ ਸਿੰਘ ਬਾਜਵਾ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਪ੍ਰਸ਼ਨ 'ਤੇ ਸ਼੍ਰੀ ਝਾ ਨੇ ਕਿਹਾ ਕਿ ਇਹ ਹਾਲੇ ਬੜੀ ਦੂਰ ਦੀ ਗੱਲ ਹੈ, ਪਰ ਜੇਕਰ ਅਜਿਹਾ ਕੁੱਝ ਹੋਇਆ ਤਾਂ ਉਹ ਵੀ ਜਨਤਾ ਦੇ ਸਾਹਮਣੇ ਹੀ ਆਏਗਾ। ਸ਼੍ਰੀ ਝਾ ਨੇ ਨੋਟਬੰਦੀ ਦੇ ਸਵਾਲ 'ਤੇ ਪੱਤਰਕਾਰਾਂ ਨੂੰ ਸਪੱਸ਼ਟ ਕੀਤਾ ਕਿ ਭਾਜਪਾ ਦੀ ਸਹੀ ਪਰਿਭਾਸ਼ਾ ਇਹ ਹੈ ਕਿ ਗਰੀਬ ਦੇ ਚੇਹਰੇ 'ਤੇ ਮੁਸਕਾਨ, ਭਾਜਪਾ ਦੀ ਇਹੋ ਪਹਿਚਾਣ।