ਫਿਰੋਜ਼ਪੁਰ 05 ਅਗਸਤ 2020 : 'ਗੈੱਟ ਵੈੱਲ ਸੂਨ' ਸ਼ਬਦ ਅਸੀਂ ਅਕਸਰ ਹੀ ਕਿਸੇ ਦੀ ਤੰਦਰੁਸਤੀ ਦੀ ਕਾਮਨਾ ਲਈ ਵਰਤਦੇ ਹਾਂ ਹੈ। ਹੁਣ ਇਹ ਸ਼ਬਦ ਪੰਜਾਬ ਸਰਕਾਰ ਦੀ ਤੰਦਰੁਸਤੀ ਲਈ ਵਰਤਿਆ ਜਾ ਰਿਹਾ ਹੈ ਕਿਉਕਿ ਪੰਜਾਬ ਦੇ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪਿਛਲੇ ਸਾਢੇ ਤਿੰਨ ਸਾਲ ਤੋਂ ਬਿਮਾਰ ਹੈ ਅਤੇ ਇਕਾਂਤਵਾਸ ਵਿਚ ਹੈ।ਇਸ ਲਈ ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮਾਂ ਵੱਲੋਂ ਕੀਤੇ ਫੈਸਲੇ ਅਨੁਸਾਰ ਅੱਜ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀ ਤੰਦਰੁਸਤੀ ਲਈ ਮੁੱਖ ਮੰਤਰੀ ਪੰਜਾਬ ਨੂੰ 'ਗੈੱਟ ਵੈੱਲ ਸੂਨ' ਦੇ ਕਾਰਡ ਅਤੇ ਕਾਹੜੇ ਦੇ ਪੈਕਟ ਭੇਜ ਕੇ ਅਰਦਾਸ ਕੀਤੀ ਤਾਂ ਜੋ ਉਹ ਠੀਕ ਹੋ ਕੇ ਕੱਚੇ ਮੁਲਾਜ਼ਮਾਂ ਦੀ ਗੱਲ ਸੁਣ ਸਕਣ । ਪ੍ਰੈਸ ਬਿਆਨ ਜਾਰੀ ਕਰਦੇ ਹੋਏ ਜਥੇਬੰਦੀ ਦੇ ਆਗੂ ਸਰਬਜੀਤ ਸਿੰਘ, ਜਨਕ ਸਿੰਘ, ਵਰਿੰਦਰ ਸਿੰਘ ਰਜਿੰਦਰ ਸਿੰਘ ਸੰਧਾ, ਸੁਨੀਲ ਕੁਮਾਰ, ਕੁਲਨਾਇਕ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ 2018 ਤੋਂ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਵਿਭਾਗ ਵਿਚ ਪੱਕਾ ਕਰ ਦਿੱਤਾ ਸੀ ਪ੍ਰੰਤੂ ਅਧਿਆਪਕਾਂ ਤੋਂ ਪਹਿਲਾ ਕੰਮ ਕਰ ਰਹੇ ਦਫਤਰੀ ਕਰਮਚਾਰੀਆ ਨੂੰ ਅਣਗੋਲਿਆ ਕੀਤਾ ਗਿਆ ਸੀ। ਆਗੂਆ ਨੇ ਕਿਹਾ ਕਿ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਵੱਲੋਂ ਮੰਨਜ਼ੂਰੀ ਦਿੱਤੀ ਜਾ ਚੁੱਕੀ ਹੈ ਪਰ ਉਸਦੇ ਬਾਵਜੂਦ ਵੀ ਸਰਕਾਰ ਸਮਾਂ ਟਪਾ ਰਹੀ ਹੈ।
ਬੀਤੇ ਦਿਨੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਜਿਸ ਦੌਰਾਨ ਉਨਾਂ ਕਿਹਾ ਕਿ ਸਰਕਾਰ ਦੇ ਹਾਲਾਤ ਠੀਕ ਨਹੀ ਹਨ ਜਿਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸਰਕਾਰ ਠੀਕ ਨਹੀ ਹੈ। ਕੱਚੇ ਮੁਲਾਜ਼ਮਾਂ ਨੇ Get Well Soon ਅਤੇ ਕਾਹੜੇ ਦੇ ਪੈਕਟਾਂ ਨਾਲ ਮੀਡੀਆ ਦੇ ਰੂਬਰੂ ਹੋਣ ਉਪਰੰਤ ਇਹ ਕਾਰਡ ਤੇ ਕਾਹੜੇ ਦੇ ਪੈਕਟ ਮੁੱਖ ਮੰਤਰੀ ਪੰਜਾਬ ਨੂੰ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਭੇਜੇ ਅਤੇ ਮੁਲਾਜ਼ਮਾਂ ਵੱਲੋਂ ਸਪੱਸ਼ਟ ਐਲਾਨ ਕੀਤਾ ਗਿਆ ਕਿ ਜੇਕਰ ਜਲਦ ਹੀ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਮੁਲਾਜ਼ਮ ਸਘੰਰਸ਼ ਨੂੰ ਹੋਰ ਵਧਾਉਣਗੇ।ਇਸ ਮੌਕੇ ਪਰਵੀਨ ਕੁਮਾਰ, ਪਵਨ ਮੈਦਾਨ, ਲਵਦੀਪ, ਸੁਖਦੇਵ ਸਿੰਘ, ਚਰਨਪਾਲ ਸਿੰਘ, ਰਾਜ ਪੁਰੀ, ਦਲਜਿੰਦਰ ਸਿੰਘ ਆਦਿ ਮੈਂਬਰ ਮੋਜੂਦ ਸਨ।