ਆਨਲਾਈਨ ਸਿੱਖਿਆ ਬੱਚਿਆਂ ਤੱਕ ਪਹੁੰਚਾਉਣਾ ਲਈ ਅਧਿਆਪਕਾਂ ਨੂੰ ਕਰਨਾ ਪਿਆ ਕਈ ਮੁਸ਼ਕਿਲਾਂ ਦਾ ਸਾਹਮਣਾ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 27 ਅਗਸਤ 2020: ਕੋਰੋਨਾ ਦੇ ਔਖੇ ਸਮੇਂ ਦੌਰਾਨ ਪੰਜਾਬ ਭਰ ਦੇ ਅਧਿਆਪਕਾਂ ਨੇ ਘਰ ਬੈਠੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਹਾਈਟੈੱਕ ਤਕਨੀਕਾਂ ਦੇ ਹਾਣੀ ਬਣਕੇ ਆਨਲਾਈਨ ਸਿੱਖਿਆ ਦੇਣ ’ਚ ਵੱਡੀ ਭੂਮਿਕਾ ਨਿਭਾਈ ਹੈ,ਜਿਸ ਵਿੱਚ ਮਹਿਲਾ ਅਧਿਆਪਕਾਂ ਵੱਲੋਂ ਵੀ ਵੱਡਾ ਯੋਗਦਾਨ ਪਾਉਂਦੇ ਹੋਏ ਘਰ-ਘਰ ਸਟੂਡੀਓ ਖੋਲ੍ਹੇ ਗਏ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫਸਰ ਬਲਜੀਤ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਕਪਿਲ ਸ਼ਰਮਾ ਅਤੇ ਸੁਖਦਰਸ਼ਨ ਸਿੰਘ ਬੇਦੀ ਵੱਲੋਂ ਆਨਲਾਈਨ ਸਿੱਖਿਆ ਦੇ ਸਬੰਧ ਵਿੱਚ ਗੱਲਬਾਤ ਕਰਦਿਆਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਕੋਰੋਨਾ ਦੇ ਔਖੇ ਸਮੇਂ ਦੌਰਾਨ ਨਵੇਂ ਸ਼ੈਸਨ ਦੇ ਪਹਿਲੇ ਦਿਨ ਤੋਂ ਹੀ ਆਨਲਾਈਨ ਸਿੱਖਿਆ ਦਾ ਮੁੱਢ ਬੰਨ ਦਿੱਤਾ ਸੀ। ਜ਼ਿਲ੍ਹਾ ਸਿੱਖਿਆ ਮੀਡੀਆ ਕੋਆਰਡੀਨੇਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਆਨਲਾਈਨ ਸਿੱਖਿਆ ਦੀ ਸਫਲਤਾ ਲਈ ਹਾਈਟੈੱਕ ਦੀ ਹਰ ਸਾਹੂਲਤ ਦੇ ਅਧਿਆਪਕਾਂ ਨੂੰ ਕਾਬਲ ਬਣਾ ਦਿੱਤਾ ਹੈ, ਮੋਬਾਈਲ ਵਟਸਐਪ, ਯੂ ਟਿਊਬ ਚੈੱਨਲ, ਰੇਡੀਓ, ਦੂਰਦਰਸ਼ਨ, ਐਜੂਕੇਅਰ ਐੱਪ, ਯੂ ਟਿਊਬ ਚੈੱਨਲ ਅਤੇ ਹੋਰ ਅਨੇਕਾਂ ਸਾਧਨਾਂ ਦੀ ਵਰਤੋਂ ਕਰਦਿਆਂ ਨਾ ਸਿਰਫ ਆਨਲਾਈਨ ਪੜ੍ਹਾਈ ’ਚ ਸਫਲਤਾ ਹਾਸਲ ਕੀਤੀ, ਸਗੋਂ ਇਹ ਕਾਰਗੁਜ਼ਾਰੀ ਲਈ ਆਨਲਾਈਨ ਪੇਪਰ ਅਤੇ ਅਨੇਕਾਂ ਕੁਇਜ਼ ਮੁਕਾਬਲੇ ਕਰਵਾਏ ਅਤੇ ਹੁਣ ਦੇਸ਼ ਭਰ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਦੀਆਂ ਅਗੇਤੀਆਂ ਤਿਆਰੀਆਂ ਲਈ ਪੰਜਾਬ ਅਚੀਵਮੈਂਟ ਸਰਵੇ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕਰਨ ਵਾਲੇ ਕਾਫੀ ਈਟੀਟੀ ਅਧਿਆਪਕਾਂ ਨੇ ਬੱਚਿਆਂ ਲਈ ਘਰ ਦਾ ਕੰਮ ਗਰੁੱਪ ’ਚ ਪਾਉਣ ਦੇ ਨਾਲ ਉਸਦੀਆਂ ਰੋਚਕ ਵੀਡੀਓਜ਼ ਬਣਾਕੇ ਭੇਜਣ ਦਾ ਮੁੱਢ ਨਵੇਂ ਸ਼ੈਸਨ ਦੇ ਤੀਜੇ ਦਿਨ ਹੀ ਬੰਨ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸਾਰੇ ਅਧਿਆਪਕ ਖੁਦ ਨਵੀਆਂ ਤਕਨੀਕਾਂ ਨੂੰ ਨਿਰੰਤਰ ਸਿੱਖ ਰਹੇ ਹਨ ਤਾਂ ਜੋ ਬੱਚਿਆਂ ਲਈ ਵਧੀਆ ਸਿੱਖਣ ਸਮੱਗਰੀ ਨਾਲ ਭਰਪੂਰ ਵੀਡਿਓ ਬਣਾਏ ਜਾ ਸਕਣ।