ਕਈ ਮਰੀਜ਼ਾਂ ਦੀ ਮੌਤ ਦਾ ਕਾਰਨ ਡਰ ਅਤੇ ਘਬਰਾਹਟ : ਡਾ. ਮਨਜੀਤ ਸਿੰਘ
ਸਿਹਤ ਅਧਿਕਾਰੀਆਂ ਨਾਲ ਕੀਤਾ ਸੋਹਾਣਾ ਦੇ ‘ਕੰਟੇਨਮੈਂਟ’ ਜ਼ੋਨ ਦਾ ਦੌਰਾ
ਮੋਹਾਲੀ, 29 ਅਗੱਸਤ 2020 : ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ‘ਕੋਰੋਨਾ ਵਾਇਰਸ’ ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਰੂ ਬੀਮਾਰੀ ਨਾਲ ਬਿਹਤਰ ਅਤੇ ਵਧੇਰੇ ਅਸਰਦਾਰ ਢੰਗ ਨਾਲ ਲੜਨ ਲਈ ਅਪਣੇ ਅੰਦਰ ‘ਚੜਦੀ ਕਲਾ’ ਵਾਲੀ ਭਾਵਨਾ ਪੈਦਾ ਕਰਨ ਅਤੇ ਅਪਣਾ ਮਨੋਬਲ ਤੇ ਹੌਸਲਾ ਉੱਚਾ ਰੱਖਣ। ਉਨਾਂ ਕਿਹਾ, ‘ਇਸ ਰੋਗ ਨਾਲ ਲੜਨ ਦੀ ਸਰੀਰਕ ਸਮਰੱਥਾ ਪੈਦਾ ਕਰਨ ਅਤੇ ਮੌਤ ਦਰ ਦੀ ਗਿਣਤੀ ਘਟਾਉਣ ਦੇ ਮੰਤਵ ਨਾਲ ਮਰੀਜ਼ ਦਾ ਮਾਨਸਿਕ ਪੱਧਰ ੳੱਚਾ ਹੋਣਾ ਬਹੁਤ ਜ਼ਰੂਰੀ ਹੈ ਕਿਉੁਂਕਿ ਬਹੁਤੀਆਂ ਮੌਤਾਂ ਦਾ ਕਾਰਨ ਮਰੀਜ਼ ਅੰਦਰ ਜੋਸ਼ ਅਤੇ ਹੌਸਲੇ ਦੀ ਭਾਵਨਾ ਦੀ ਬਜਾਏ ਅਤੇ ਡਰ ਅਤੇ ਘਬਰਾਹਟ ਦੀ ਭਾਵਨਾ ਪੈਦਾ ਹੋਣਾ ਹੈ। ਅੱਜ ਸਮੇਂ ਦੀ ਜ਼ਰੂਰਤ ਹੈ ਕਿ ਮਰੀਜ਼ਾਂ ਨੂੰ ਇਲਾਜ ਦੇ ਨਾਲ-ਨਾਲ ਅਪਣੇ ਮਨਾਂ ਅੰਦਰ ਚੜਦੀ ਕਲਾ ਵਾਲੀ ਭਾਵਨਾ ਵੀ ਪੈਦਾ ਕਰਨੀ ਚਾਹੀਦੀ ਹੈ ਜਿਸ ਲਈ ਪੰਜਾਬੀ ਸਾਰੀ ਦੁਨੀਆਂ ਵਿਚ ਜਾਣੇ ਜਾਂਦੇ ਹਨ।’ ਅੱਜ ਸਿਹਤ ਅਧਿਕਾਰੀਆਂ ਦੀ ਟੀਮ ਨਾਲ ਸੋਹਾਣਾ ਵਿਚ ਬਣਾਏ ਗਏ ‘ਮਾਈਕਰੋ ਕੰਟੇਨਮੈਂਟ ਜ਼ੋਨ’ ਵਿਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਡਾ. ਮਨਜੀਤ ਸਿੰਘ ਨੇ ਘਰਾਂ ਵਿਚ ਅਲੱਗ ਰਹਿ ਰਹੇ ਮਰੀਜ਼ਾਂ ਦੇ ਪਰਵਾਰਕ ਜੀਆਂ ਨੂੰ ਸਮਝਾਉਂਦਿਆਂ ਆਖਿਆ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਇਸ ਬੀਮਾਰੀ ’ਤੇ ਕਾਬੂ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਪ੍ਰਬੰਧਾਂ ਤੇ ਸਹੂਲਤਾਂ ਦੀ ਕੋਈ ਘਾਟ ਨਹੀਂ ਪਰ ਰੋਗੀਆਂ, ਉਨਾਂ ਦੇ ਪਰਵਾਰਕ ਜੀਆਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਬੀਮਾਰੀ ’ਤੇ ਸੌਖਿਆਂ ਕਾਬੂ ਪਾਇਆ ਜਾ ਸਕਦਾ ਹੈ। ਉਨਾਂ ਕਿਹਾ, ‘ਜਦ ਮਰੀਜ਼ ਦਾ ਮਨੋਬਲ ਉੱਚਾ ਹੋਵੇਗਾ ਤਾਂ ਰੋਗ ਨਾਲ ਲੜਨ ਦੀ ਸਮਰੱਥਾ ਅਪਣੇ ਆਪ ਵਧੇਗੀ। ਬੁਲੰਦ ਹੌਸਲੇ ਅਤੇ ਚੜਦੀ ਕਲਾ ਵਾਲੀ ਭਾਵਨਾ ਨਾਲ ਇਸ ਬੀਮਾਰੀ ਵਿਰੁਧ ਚਲਾਇਆ ਗਿਆ ‘ਮਿਸ਼ਨ ਫ਼ਤਿਹ’ ਛੇਤੀ ਹੀ ਕਾਮਯਾਬ ਕੀਤਾ ਜਾ ਸਕਦਾ ਹੈ ਅਤੇ ਆਪਾਂ ਸਾਰੇ ਮਿਲ-ਜੁਲ ਕੇ ਅਪਣੇ ਸਮਾਜ ਨੂੰ ਬੀਮਾਰੀ-ਮੁਕਤ ਅਤੇ ਤੰਦਰੁਸਤ ਬਣਾ ਸਕਦੇ ਹਾਂ।’ ਉਨਾਂ ਸਿਹਤਯਾਬ ਹੋ ਚੁੱਕੇ ਮਰੀਜ਼ਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਖ-ਵੱਖ ਸਾਧਨਾਂ ਜ਼ਰੀਏ ਮਰੀਜ਼ਾਂ ਨੂੰ ਸੁਨੇਹਾ ਦੇਣ ਕਿ ਇਸ ਬੀਮਾਰੀ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਸਗੋਂ ਤਗੜੇ ਹੋ ਕੇ ਇਸ ਦਾ ਮੁਕਾਬਲਾ ਕਰਨ ਦੀ ਲੋੜ ਹੈ। ਉਨਾਂ ਦਿਨ-ਰਾਤ ਅਪਣਾ ਫ਼ਰਜ਼ ਨਿਭਾਉਣ ਵਿਚ ਲੱਗੇ ਹੋਏ ਡਾਕਟਰਾਂ, ਪੈਰਾਮੈਡੀਕਲ ਸਟਾਫ਼ ਅਤੇ ਹੋਰ ਸਿਹਤ ਕਾਮਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵੀ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ-ਨਾਲ ਉਨਾਂ ਨੂੰ ਚੜਦੀ ਕਲਾ ਵਿਚ ਰਹਿਣ ਦਾ ਸਬਕ ਪੜਾਉਣ ਤਾਕਿ ਇਸ ਬੀਮਾਰੀ ’ਤੇ ਛੇਤੀ ਤੋਂ ਛੇਤੀ ਫ਼ਤਿਹ ਪਾਈ ਜਾ ਸਕੇ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾੜਾ-ਮੋਟਾ ਲੱਛਣ ਦਿਸਣ ’ਤੇ ਤੁਰੰਤ ਟੈਸਟ ਕਰਾਇਆ ਜਾਵੇ ਤਾਕਿ ਇਸ ਬੀਮਾਰੀ ਦਾ ਸਹੀ ਸਮੇਂ ਪਤਾ ਲੱਗ ਸਕੇ ਅਤੇ ਅਸਰਦਾਰ ਢੰਗ ਨਾਲ ਇਲਾਜ ਹੋ ਸਕੇ। ਇਸੇ ਮੌਕੇ ਜ਼ਿਲਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਜੀਤ ਕੌਰ, ਰੂਰਲ ਮੈਡੀਕਲ ਅਫ਼ਸਰ ਡਾ. ਸੰਗੀਤ ਪਾਲ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਦਿਨੇਸ਼ ਚੌਧਰੀ, ਗੁਰਵਿੰਦਰਜੀਤ ਸਿੰਘ, ਏ.ਐਸ.ਆਈ ਸਤਨਾਮ ਸਿੰਘ, ਸਿਹਤ ਵਰਕਰ ਗੁਰਚਰਨ ਸਿੰਘ ਆਦਿ ਮੌਜੂਦ ਸਨ।
ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਮੁੜ ਬੇਨਤੀ
ਸਿਵਲ ਸਰਜਨ ਨੇ ਲੋਕਾਂ ਨੂੰ ਮੁੜ ਬੇਨਤੀ ਕੀਤੀ ਕਿ ਬਹੁਤ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੰੁਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਸਿਵਲ ਸਰਜਨ ਨੇ ਦੁਹਰਾਇਆ ਕਿ ਪਾਣੀ, ਸੀਵਰੇਜ ਅਤੇ ਬਿਜਲੀ ਦਾ ਬਿੱਲ ਭਰਨ, ਕਰਜ਼ੇ ਦੀ ਕਿਸ਼ਤ ਭਰਨ, ਵਾਹਨ ਦਾ ਬੀਮਾ ਕਰਵਾਉਣ, ਰਸੋਈ ਗੈਸ ਸਲੰਡਰ ਭਰਵਾਉਣ ਲਈ ਅਦਾਇਗੀ ਕਰਨ, ਮੋਬਾਈਲ ਫ਼ੋਨ ਰੀਚਾਰਜ ਕਰਵਾਉਣ ਜਾਂ ਅਜਿਹੇ ਹੋਰ ਕਈ ਕੰਮ ਘਰ ਵਿਚ ਹੀ ਮੋਬਾਈਲ ਜਾਂ ਕੰਪਿਊਟਰ ’ਤੇ ਆਨਲਾਈਨ ਕੀਤੇ ਜਾ ਸਕਦੇ ਹਨ ਜਿਨਾਂ ਵਾਸਤੇ ਬਾਹਰ ਬਾਜ਼ਾਰ ਵਿਚ ਜਾਣ ਦੀ ਕੋਈ ਲੋੜ ਨਹੀਂ। ਮਾੜੀ-ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਨਾ ਜਾਇਆ ਜਾਵੇ। ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਮਾਹਰ ਡਾਕਟਰ ਦੀ ਸਲਾਹ ਲਈ ਜਾਵੇ।