ਇਕ ਮਰੀਜ਼ ਚੰਡੀਗੜ ਯੂਨੀਵਰਸਿਟੀ ਘੜੂੰਆਂ ਦੇ ਕੋਵਿਡ ਕੇਅਰ ਸੈਂਟਰ 'ਚ ਦਾਖ਼ਲ, ਬਾਕੀਆਂ ਨੂੰ ਘਰਾਂ ਵਿਚ ਕੀਤਾ ਇਕਾਂਤਵਾਸ ਐਸ.ਐਮ.ਓ. ਡਾ. ਦਿਲਬਾਗ ਸਿੰਘ ਵਲੋਂ ਲੋਕਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਮੁੜ ਅਪੀਲ
ਮਾਜਰੀ 19 ਅਗਸਤ 2020: ਮੁਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ ਅਧੀਨ ਪੈਂਦੇ ਪਿੰਡ ਮੀਆਂਪੁਰ ਚੰਗਰ, ਹੁਸ਼ਿਆਰਪੁਰ, ਸਿੰਘਪੁਰਾ, ਪੜੌਲ, ਸਿਆਲਵਾ ਅਤੇ ਓਮੈਕਸ ਸਿਟੀ ਵਿਚ ਬੁੱਧਵਾਰ ਨੂੰ 'ਕੋਰੋਨਾ ਵਾਇਰਸ' ਲਾਗ ਦੇ ਸੱਤ ਕੇਸ ਸਾਹਮਣੇ ਆਏ ਜਿਸ ਨਾਲ ਹੁਣ ਤਕ ਸਾਹਮਣੇ ਆਏ ਕੁਲ ਕੇਸਾਂ ਦੀ ਗਿਣਤੀ 85 ਹੋ ਗਈ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ਼ ਸਿੰਘ ਨੇ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਮੀਆਂਪੁਰ ਚੰਗਰ ਵਿਖੇ ਪਾਜ਼ੇਟਿਵ ਆਏ ਮਰੀਜ਼ ਨੂੰ ਘਰ ਵਿਚ ਇਕਾਂਤਵਾਸ ਕੀਤੇ ਜਾਣ ਦੀ ਕਾਰਵਾਈ ਦੀ ਨਿਗਰਾਨੀ ਕੀਤੀ ਅਤੇ ਮਰੀਜ਼ ਦੇ ਪਰਵਾਰ ਨੂੰ ਖ਼ਾਸ ਹਦਾਇਤਾਂ ਦਿਤੀਆਂ ਕਿ ਨਾ ਤਾਂ ਮਰੀਜ਼ 17 ਦਿਨਾਂ ਤਕ ਘਰੋਂ ਬਾਹਰ ਨਿਕਲੇ ਅਤੇ ਨਾ ਹੀ ਕੋਈ ਗੁਆਂਢੀ ਜਾਂ ਰਿਸ਼ਤੇਦਾਰ ਉਨਾਂ ਦੇ ਘਰ ਵਿਚ ਆਵੇ । ਉਨਾਂ ਦੱਸਿਆ ਕਿ ਇਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਲੋੜ ਹੈ। ਪੌਸ਼ਟਿਕ, ਪ੍ਰੋਟੀਨ ਭਰਪੂਰ ਖ਼ੁਰਾਕ ਖਾਣ, ਤਣਾਅ-ਮੁਕਤ ਰਹਿਣ, ਕਸਰਤ ਕਰਨ ਅਤੇ ਹੋਰ ਸਾਵਧਾਨੀਆਂ ਵਰਤ ਕੇ ਮਰੀਜ਼ ਛੇਤੀ ਹੀ ਤੰਦਰੁਸਤ ਹੋ ਜਾਂਦਾ ਹੈ।
ਡਾ. ਦਿਲਬਾਗ਼ ਸਿੰਘ ਨੇ ਦਸਿਆ ਕਿ ਬੁਧਵਾਰ ਨੂੰ ਸਾਹਮਣੇ ਆਏ ਮਾਮਲਿਆਂ ਵਿਚ ਸਾਰੇ ਪੁਰਸ਼ ਹਨ ਅਤੇ ਇਨਾਂ ਦੀ ਉਮਰ 27, 36, 37, 32, 28, 29, 33 ਵਰਿਆਂ ਦੀ ਹੈ ਜਦਕਿ ਇਸ ਬੀਮਾਰੀ ਕਾਰਨ ਦਮ ਤੋੜਨ ਵਾਲਾ 42 ਸਾਲਾ ਮਰੀਜ਼ ਪਿੰਡ ਪਡਿਆਲਾ ਦਾ ਵਸਨੀਕ ਸੀ ਅਤੇ ਉਹ ਮੋਹਾਲੀ ਦੇ ਕਿਸੇ ਨਿਜੀ ਹਸਪਤਾਲ ਵਿਚ ਦਾਖ਼ਲ ਸੀ। ਉਨਾਂ ਦਸਿਆ ਕਿ ਸਿਹਤ ਬਲਾਕ ਬੂਥਗੜ ਅਧੀਨ ਹੁਣ ਤਕ ਸਾਹਮਣੇ ਆਏ 85 ਕੇਸਾਂ ਵਿਚੋਂ 29 ਮਰੀਜ਼ ਸਿਹਤਯਾਬ ਹੋ ਚੁਕੇ ਹਨ ਜਦਕਿ 47 ਮਰੀਜ਼ਾਂ ਦਾ ਘਰਾਂ ਵਿਚ ਇਲਾਜ ਚੱਲ ਰਿਹਾ ਹੈ। ਛੇ ਮਰੀਜ਼ 'ਕੋਵਿਡ ਕੇਅਰ ਸੈਂਟਰਾਂ' ਵਿਚ ਜ਼ੇਰੇ ਇਲਾਜ ਹਨ ਅਤੇ ਹੁਣ ਤਕ ਕੁਲ ਤਿੰਨ ਮੌਤਾਂ ਹੋ ਚੁਕੀਆਂ ਹਨ।
ਐਸ.ਐਮ.ਓ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਇਕ ਦੂਜੇ ਤੋਂ ਦੂਰੀ ਰੱਖਣ, ਵਾਰ ਵਾਰ ਹੱਥ ਧੋਣ ਅਤੇ ਮਾਸਕ, ਕਪੜੇ, ਚੁੰਨੀ, ਪਰਨੇ ਆਦਿ ਨਾਲ ਹਰ ਸਮੇਂ ਮੂੰਹ ਢੱਕ ਕੇ ਰੱਖਣ ਜਿਹੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨਾਂ ਇਹ ਵੀ ਕਿਹਾ ਕਿ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾਵੇ । ਇਸ ਮੌਕੇ ਡਾ. ਵਿਕਾਸ ਰਣਦੇਵ, ਡਾ. ਮਨਜੀਤ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ (ਬੀ.ਈ.ਈ) ਬਲਜਿੰਦਰ ਸੈਣੀ, ਹੈਲਥ ਇੰਸਪੈਕਟਰ (ਐਚ.ਆਈ.) ਗੁਰਤੇਜ ਸਿੰਘ, ਜਗਤਾਰ ਸਿੰਘ, ਸੀਐਚਓ ਜਗਜੀਤ ਕੌਰ ਤੇ ਹੋਰ ਸਿਹਤ ਮੁਲਾਜ਼ਮ ਮੌਜੂਦ ਸਨ।