ਅਸ਼ੋਕ ਵਰਮਾ
ਮਾਨਸਾ, 11 ਅਗਸਤ 2020 - ਨੋਵਲ ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਵਾਰ ਸੁਤੰਤਰਤਾ ਦਿਹਾੜਾ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਸਿਹਤ ਸਾਵਧਾਨੀਆਂ ਦੀ ਵਰਤੋਂ ਕਰਕੇ ਮਨਾਇਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਅੱਜ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਕੋਰੋਨਾ ਦੀ ਮਹਾਂਮਾਰੀ ਕਾਰਨ ਸੱਭਿਆਚਾਰਕ ਪ੍ਰੋਗਰਾਮ ਨਹੀਂ ਕਰਵਾਇਆ ਜਾਵੇਗਾ ਅਤੇ ਨਾ ਹੀ ਆਮ ਜਨਤਾ ਦਾ ਇੱਕਠ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੁਤੰਤਰਤਾ ਦਿਹਾੜਾ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਕੇ ਮਨਾਇਆ ਜਾਵੇਗਾ। ਉਨ੍ਹਾਂ ਨਾਲ ਹੀ ਹਦਾਇਤ ਕੀਤੀ ਕਿ ਹਰ ਅਧਿਕਾਰੀ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਅਤੇ ਲਗਨ ਨਾਲ ਨਿਭਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ. ਸਰਦੂਲਗੜ੍ਹ-ਕਮ-ਸਹਾਇਕ ਕਮਿਸ਼ਨਰ (ਜ) ਰਾਜਪਾਲ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀਮਤੀ ਸਰਬਜੀਤ ਕੌਰ, ਐਸ.ਪੀ. ਸਤਨਾਮ ਸਿੰਘ ਤੋਂ ਇਲਾਵਾ ਵੱਖ-ਵੱਖ ਅਧਿਕਾਰੀ ਮੌਜੂਦ ਸਨ।