ਸਰਕਾਰ ਉਦਯੋਗਾਂ ਦੀ ਮੁੜ ਸੁਰਜੀਤੀ ਦੌਰਾਨ ਲੋੜੀਂਦੀ ਸਹਾਇਤਾ ਲਈ ਵਚਨਬੱਧ
ਚੰਡੀਗੜ, 02 ਅਗਸਤ 2020: ਸਾਲ 2019-20 ਦੌਰਾਨ ਕੋਵਿਡ ਮਹਾਂਮਾਰੀ ਫੈਲਣ ਤੋਂ ਪਹਿਲਾਂ ਪੰਜਾਬ ਉਦਯੋਗਿਕ ਖੇਤਰ ਵਿੱਚ 5.33% ਦੀ ਵਾਧਾ ਦਰ ਹੋ ਰਹੀ ਸੀ, ਨੂੰ ਉਭਾਰਦੇ ਹੋਏ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਨੀਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਜਲਦੀ ਤੋਂ ਜਲਦੀ ਪਹਿਲਾਂ ਵਾਲੀ ਉਸਾਰੂ ਗਤੀ ਨੂੰ ਮੁੜ ਪ੍ਰਾਪਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
ਸ੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਉਦਯੋਗ ਵਿਭਾਗ ਮਜਬੂਤੀ ਨਾਲ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਵਿਸ਼ੇਸ਼ ਕਰਕੇ ਉਨਾਂ ਉਦਯੋਗਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ, ਜੋ ਮਹਾਮਾਰੀ ਕਾਰਨ ਜੂਝ ਰਹੇ ਹਨ। ਉਨਾਂ ਕਿਹਾ ਕਿ ਅਜਿਹੇ ਉਦਯੋਗਾਂ ‘ਚ ਵਿਸ਼ਵਾਸ ਪ੍ਰਦਾਨ ਕਰਨ ਲਈ ਕੰਮ ਜਾਰੀ ਹੈ।
ਕੋਵਿਡ ਕਾਰਨ ਵਿਸ਼ਵ ਪੱਧਰ ‘ਤੇ ਪੈਦਾ ਹੋਈ ਸਥਿਤੀ ਵੱਲ ਇਸ਼ਾਰਾ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਕਿਸੇ ਵੀ ਤਰਾਂ ਦੀ ਕਸਰ ਬਾਕੀ ਨਹੀਂ ਛੱਡ ਰਿਹਾ। ਉਨਾਂ ਨੇ ਉਦਯੋਗ ਨੂੰ ਸਰਕਾਰੀ ਪੱਖ ਤੋਂ ਹਰ ਤਰਾਂ ਦੀ ਲੋੜੀਂਦੀ ਸਹਾਇਤਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਅਸੀਂ ਉਦਯੋਗਾਂ ਦੀਆਂ ਮੁਸ਼ਕਲਾਂ ਤੋਂ ਪੂਰੀ ਤਰਾਂ ਜਾਣੂੰ ਹਾਂ ਅਤੇ ਇਸ ਮੁਸ਼ਕਲ ਪੜਾਅ ਤੋਂ ਬਾਹਰ ਦਾ ਰਸਤਾ ਲੱਭਣ ਲਈ ਸਾਰੇ ਭਾਈਵਾਲਾਂ ਨਾਲ ਵਿਚਾਰ ਵਟਾਂਦਰੇ ਲਈ ਤੇਜੀ ਨਾਲ ਕੰਮ ਕਰ ਰਹੇ ਹਾਂ।
ਇਸ ਮੁੜ ਸੁਰਜੀਤੀ ਦੀ ਨਿਗਰਾਨੀ ਲਈ ਉੱਘੇ ਅਰਥ ਸ਼ਾਸਤਰੀ, ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਸ. ਮੌਨਟੇਕ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਮਾਹਿਰਾਂ ਦੀ ਇੱਕ ਕਮੇਟੀ ਗਠਿਤ ਕਰ ਚੁੱਕੇ ਹਨ।
ਕਮੇਟੀ ਵਿੱਚ ਆਰਥਿਕ ਅਤੇ ਉਦਯੋਗ ਦੇ ਮੋਹਰੀ ਮਾਹਰ ਸ਼ਾਮਲ ਹਨ ਅਤੇ ਸੂਬਾ ਸਰਕਾਰ ਦੀ ਆਰਥਿਕਤਾ ਅਤੇ ਮੁੜ ਸੁਰਜੀਤ ਸਬੰਧੀ ਥੋੜੇ ਸਮੇਂ ਅਤੇ ਲੰਬੇ ਸਮੇਂ ਦੀ ਕਾਰਜ ਯੋਜਨਾਵਾਂ ਬਾਰੇ ਸਲਾਹ ਦੇਣਗੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵਿੱਚ ਸੂਬੇ ਦੀ ਸਹਾਇਤਾ ਕਰਨ ਲਈ ਸਹਿਮਤ ਹੋਏ ਹਨ।
ਕੋਵਿਡ-19 ਦੇ ਫੈਲਣ ਨਾਲ ਪੈਦਾ ਹੋਈਆਂ ਬੇਮਿਸਾਲ ਚੁਣੌਤੀਆਂ ਨੂੰ ਦਰਸਾਉਂਦਿਆਂ, ਜਿਸ ਨੇ ਪੂਰੇ ਭਾਰਤ ਵਿੱਚ ਮੰਗ ਅਤੇ ਸਪਲਾਈ ‘ਚ ਰੁਕਾਵਟਾਂ ਪਾਈਆਂ ਅਤੇ ਵੱਖ-ਵੱਖ ਖੇਤਰ ਜਿਵੇਂ ਕਿ ਸੈਰ-ਸਪਾਟਾ, ਪ੍ਰਰਾਹੁਣਚਾਰੀ, ਹਵਾਬਾਜ਼ੀ ਆਦਿ ਰੁਕਾਵਟਾਂ ਨੂੰ ਝੱਲ ਰਹੇ ਹਨ। ਚੀਨ ਤੋਂ ਕੱਚੇ ਮਾਲ ਦੀ ਸਪਲਾਈ ਵਿੱਚ ਦੇਰੀ ਹੋ ਰਹੀ ਹੈ, ਜਿਸਨੇ ਵੱਡੀ ਗਿਣਤੀ ਵਿੱਚ ਨਿਰਮਾਣ ਸੈਕਟਰਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨਾਂ ਕਿਹਾ ਕਿ ਕੱਚਾ ਮਾਲ ਉਤਪਾਦਨ ਅਤੇ ਉਦਯੋਗਾਂ ਨੂੰ ਚਲਾਉਣ ਦਾ ਸ੍ਰੋਤ ਹੈ। ਉਨਾਂ ਕਿਹਾ ਕਿ ਆਟੋਮੋਬਾਇਲਜ਼, ਫਾਰਮਾਸਿਊਟੀਕਲਜ਼, ਇਲੈਕਟ੍ਰਾਨਿਕਸ, ਰਸਾਇਣਕ ਉਤਪਾਦਾਂ ਆਦਿ ਦੇ ਸੈਕਟਰ ਆਦਿ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਏ ਹਨ।
ਸ੍ਰੀ ਅਰੋੜਾ ਨੇ ਉਦਯੋਗਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਦੇਸ਼ ਵਾਸੀਆਂ ਨੂੰ ਕੋਵਿਡ ਤੋਂ ਬਚਾਅ ਲਈ ਐਨ-95 ਅਤੇ ਐਨ-99 ਮਾਸਕ ਅਤੇ ਨਿੱਜੀ ਸੁਰੱਖਿਆ ਉਪਕਰਣਾਂ (ਪੀ.ਪੀ.ਈ.) ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਿਆ, ਤਾਂ ਪੰਜਾਬ ਵਿਚਲੇ ਉਦਯੋਗਾਂ, ਵਿਸ਼ੇਸ਼ ਤੌਰ ‘ਤੇ ਟੈਕਸਟਾਈਲ ਉਦਯੋਗ ਨੇ ਮਹਾਮਾਰੀ ਦੇ ਦੌਰਾਨ ਸਮੇਂ ਦੀ ਜ਼ਰੂਰਤ ਅਨੁਸਾਰ ਮਾਸਕ ਅਤੇ ਪੀ.ਪੀ.ਈ. ਕਿੱਟਾਂ ਤਿਆਰ ਕਰਨ ਦਾ ਵਿਲੱਖਣ ਕਾਰਜ ਕੀਤਾ।
ਪੰਜਾਬ ਪੀ.ਪੀ.ਈ. ਉਦਯੋਗ 24 ਮਾਰਚ ਨੂੰ ਜ਼ੀਰੋ ਪੀ.ਪੀ.ਈ. ਯੂਨਿਟ ਤੋਂ ਲੈ ਕੇ 141 ਤੱਕ ਮਨਜ਼ੂਰਸ਼ੁਦਾ ਬਾਡੀ ਕਵਰੇਜ ਨਿਰਮਾਤਾ ਹੈ। ਇੱਥੇ 2 ਬੀ.ਆਈ. ਐਸ. ਤੋਂ ਪ੍ਰਵਾਨਿਤ ਸਮੇਤ 16 ਐਨ 95 ਨਿਰਮਾਤਾ ਵੀ ਹਨ। ਬਾਡੀ ਕਵਰੇਜ਼ ਲਈ ਕੁੱਲ ਉਤਪਾਦਨ ਸਮਰੱਥਾ 5,49,050 ਪੀਸ ਹੈ ਜਿਸ ਵਿੱਚੋਂ ਉਪਲਬਧ ਵਾਧੂ ਸਮਰੱਥਾ 3,91,950 ਪੀਸ ਹੈ।