ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਵੀਡੀਓ ਕਾਲ ਕਰਕੇ ਕੋਰੋਨਾ ਸੰਕਟ ‘ਚ ਗਊਧਨ ਦੀ ਸੰਭਾਲ ਲਈ ਗਊ ਸੇਵਾ ਕਮਿਸ਼ਨ ਵੱਲੋਂ ਮੈਡੀਕਲ ਕੈਂਪ ਲਾਉਣ ਦੀ ਕੀਤੀ ਸ਼ਲਾਘਾ
ਗਊਧਨ ਦੀ ਸੰਭਾਲ ਲਈ ਗ਼ੈਰ ਸਰਕਾਰੀ ਸੰਸਥਾਵਾਂ ਵੀ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ-ਚੰਦਰ ਗੈਂਦ
ਗਊ ਸੇਵਾ ਕਮਿਸ਼ਨ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਏਗਾ-ਸਚਿਨ ਸ਼ਰਮਾ
ਕਮਿਸ਼ਨ ਨੇ ਗਾਜੀਪੁਰ ਗਊਸ਼ਾਲਾ ‘ਚ ਗਊਧਨ ਦੀ ਭਲਾਈ ਲਈ ਮੈਡੀਕਲ ਕੈਂਪ ਲਗਵਾਇਆ
ਚੰਡੀਗੜ/ਪਟਿਆਲਾ 5 ਅਗਸਤ 2020: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਦੀ ਅਗਵਾਈ ਹੇਠ ਕਮਿਸ਼ਨ ਵੱਲੋਂ ਰਾਜ ਭਰ ‘ਚ ਲਗਾਏ ਜਾਣ ਵਾਲੇ 200 ਪਸ਼ੂਧਨ ਭਲਾਈ ਕੈਂਪਾਂ ਦੀ ਸ਼ੁਰੂਆਤ ਅੱਜ ਸਮਾਣਾ ਦੇ ਗਾਜੀਪੁਰ ਸਰਕਾਰੀ ਕੈਟਲ ਪੌਂਡ (ਗਊਸ਼ਾਲਾ) ਵਿਖੇ ਲਗਾਏ ਗਏ ਗਊਧਨ ਭਲਾਈ ਮੈਡੀਕਲ ਕੈਂਪ ਤੋਂ ਹੋਈ। ਇਸ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਚੇਅਰਮੈਨ ਸਚਿਨ ਸ਼ਰਮਾ ਨੂੰ ਵੀਡੀਓ ਕਾਲ ਕਰਕੇ ਕੋਰੋਨਾ ਸੰਕਟ ਦੇ ਸਮੇਂ ਵੀ ਬੇਸਹਾਰਾ ਗਊਧਨ ਦੀ ਸੁਚੱਜੀ ਸੇਵਾ-ਸੰਭਾਲ ਲਈ ਕਮਿਸ਼ਨ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਪਟਿਆਲਾ ਡਵੀਜਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਕੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਲਗਾਏ ਇਸ ਮੈਡੀਕਲ ਕੈਂਪ ਦੀ ਸ਼ੁਰੂਆਤ ਕਰਵਾਈ। ਸ੍ਰੀ ਗੈਂਦ ਨੇ ਕਿਹਾ ਕਿ ਗਊਧਨ ਦੀ ਸੰਭਾਲ ਲਈ ਗ਼ੈਰ ਸਰਕਾਰੀ ਸੰਸਥਾਵਾਂ ਸਮੇਤ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਸੜਕਾਂ ‘ਤੇ ਫਿਰਦੇ ਬੇਸਹਾਰਾ ਗਊਧਨ ਨੂੰ ਰਾਜ ਦੀਆਂ ਸਰਕਾਰੀ ਗਊਸ਼ਾਲਾਵਾਂ ਵਿਖੇ ਲਿਜਾ ਕੇ ਉਨਾਂ ਦੀ ਸਹੀ ਢੰਗ ਨਾਲ ਸਾਂਭ ਸੰਭਾਲ ਕੀਤੀ ਜਾ ਸਕੇ।
ਚੇਅਰਮੈਨ ਸ੍ਰੀ ਸ਼ਰਮਾ ਨੇ ਦੱਸਿਆ ਕਿ ਗਊ ਸੇਵਾ ਕਮਿਸ਼ਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਮਿਸ਼ਨ ਅਧੀਨ ਆਉਂਦੀਆਂ ਰਾਜ ਦੀਆਂ ਗਊਸ਼ਾਲਾਵਾਂ ਵਿਖੇ ਅਜਿਹੇ 200 ਕੈਂਪ ਲਗਾਏ ਜਾਣਗੇ ਤਾਂ ਕਿ ਲੋਕਾਂ ਨੂੰ ਵੀ ਗਊ ਧਨ ਦੀ ਬਿਹਤਰ ਸੰਭਾਲ ਲਈ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਸਕੇ। ਉਨਾਂ ਕਿਹਾ ਕਿ ਕਮਿਸ਼ਨ ਵੱਲੋਂ ਗਊਧਨ ਤੋਂ ਪੈਦਾ ਹੁੰਦੇ ਦੁੱਧ, ਗੋਹੇ ਆਦਿ ਦੀ ਸਦਵਰਤੋਂ ਕਰਕੇ 426 ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਕਦਮ ਪੁੱਟੇ ਜਾ ਰਹੇ ਹਨ। ਇਸ ਤੋਂ ਬਿਨਾਂ ਹਰ ਗਊਧਨ ਦੀ ਟੈਗਿੰਗ ਲਈ ਵੀ ਪ੍ਰਕਿ੍ਰਆ ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਵੀ ਗਾਬਾ ਦੀ ਅਗਵਾਈ ਹੇਠ ਪਸ਼ੂਆਂ ਦੇ ਡਾਕਟਰਾਂ ਦੀ ਟੀਮ ਨੇ 700 ਦੇ ਕਰੀਬ ਗਊਧਨ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਖੁਵਾਉਣ ਸਮੇਤ ਐਂਟੀਬਾਇੳਟਿਕ, ਨਿਊਟ੍ਰੀਸ਼ਨ ਆਦਿ ਦਿੱਤਾ ਤੇ ਜ਼ਖਮੀ ਪਸ਼ੂਆਂ ਦੀ ਮਲਮ ਪੱਟੀ ਕੀਤੀ ਗਈ ਨਾਲ ਹੀ ਬਰਸਾਤ ਦੇ ਮੌਸਮ ਨੂੰ ਦੇਖਦਿਆਂ ਗਲ ਘੋਟੂ ਤੇ ਮੂੰਹ ਖੁਰ ਦੀ ਵੈਕਸੀਨ ਵੀ ਲਗਾਈ ਗਈ। ਸਾਰੀ ਗਊਸ਼ਾਲਾ ਨੂੰ ਰੋਗਾਣੂ ਮੁਕਤ ਕਰਨ ਲਈ ਦਵਾਈ ਦਾ ਛਿੜਕਾਅ ਕਰਵਾਇਆ ਗਿਆ। ਇਸ ਮੌਕੇ ਐਸ.ਡੀ.ਐਮ. ਸਮਾਣਾ ਨਮਨ ਮੜਕਨ, ਤਹਿਸੀਲਦਾਰ ਸੰਦੀਪ ਸਿੰਘ, ਡਾ. ਜਗਪ੍ਰੀਤ ਸਿੰਘ, ਡਾ. ਦਪਿੰਦਰ ਸਿੰਘ, ਸਮਾਜ ਸੇਵੀ ਰਾਜ ਸਿੰਗਲਾ ਸਮੇਤ ਤੇ ਹੋਰ ਪਤਵੰਤੇ ਹਾਜ਼ਰ ਸਨ।