ਚੰਡੀਗੜ੍ਹ, 12 ਅਕਤੂਬਰ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਗੁਰਦਾਸਪੁਰ ਪਾਰਲੀਮਾਨੀ ਜ਼ਿਮਨੀ ਚੋਣ ਵਿਚ ਘੱਟ ਮਤਦਾਨ ਕਾਂਗਰਸ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਅਕਾਲੀ-ਭਾਜਪਾ ਵਰਕਰਾਂ ਨੂੰ ਡਰਾਏ-ਧਮਕਾਏ ਜਾਣ ਦੀ ਨਤੀਜਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਗੰਭੀਰ ਖਤਰਿਆਂ ਦੇ ਬਾਵਜੂਦ ਇਸ ਲੋਕਤੰਤਰੀ ਪ੍ਰਕਿਰਿਆ ਵਿਚ ਭਾਗ ਲੈਣ ਲਈ ਲੋਕਾਂ ਦੀ ਸਰਾਹਨਾ ਕੀਤੀ।
ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੇ ਸਾਰੇ ਤੌਖ਼ਲੇ ਸੱਚ ਸਾਬਿਤ ਹੋ ਗਏ ਹਨ। ਅਸੀ ਕਹਿੰਦੇ ਆ ਰਹੇ ਹਾਂ ਕਿ ਸਰਕਾਰ ਨੇ ਅਕਾਲੀ-ਭਾਜਪਾ ਦੇ ਪੰਚਾਂ, ਸਰਪੰਚਾਂ ਅਤੇ ਮਿਉਂਸੀਪਲ ਕੌਂਸਲਰਾਂ ਨੂੰ ਇਸ ਚੋਣ ਪ੍ਰਕਿਰਿਆ ਵਿਚ ਭਾਗ ਲੈਣ ਤੋਂ ਰੋਕਣ ਵਾਸਤੇ ਉਹਨਾਂ ਡਰਾਉਣ ਧਮਕਾਉਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਾ ਦਿੱਤੀ ਹੈ। ਉਹਨਾਂ ਕਿਹਾ ਕਿ ਚੋਣ ਵਾਲੇ ਦਿਨ ਹੋਏ ਘੱਟ ਮਤਦਾਨ ਤੋਂ ਇਹ ਗੱਲ ਸਾਬਿਤ ਹੋ ਗਈ। ਜਦਕਿ ਸੱਤਾਧਾਰੀ ਕਾਂਗਰਸ ਸਰਕਾਰ ਖ਼ਿਲਾਫ ਕਰਜ਼ਾ ਮੁਆਫੀ ਅਤੇ ਘਰ ਘਰ ਨੌਕਰੀ ਸਮੇਤ ਸਾਰਿਆਂ ਵਾਅਦਿਆਂ ਤੋਂ ਮੁਕਰਨ ਕਰਕੇ ਲੋਕਾਂ ਅੰਦਰ ਬਹੁਤ ਜ਼ਿਆਦਾ ਗੁੱਸਾ ਭਰਿਆ ਹੋਇਆ ਸੀ।
ਡਾਕਟਰ ਚੀਮਾ ਨੇ ਕਿਹਾ ਕਿ ਇੱਥੋਂ ਤਕ ਕਿ ਵੋਟਾਂ ਵਾਲੇ ਦਿਨ ਵੀ ਪਿੰਡਾਂ ਵਿਚ ਅਕਾਲੀ-ਭਾਜਪਾ ਸਮਰਥਕਾਂ ਨੂੰ ਧਮਕਾਇਆ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਹ ਘਰਾਂ ਤੋਂ ਬਾਹਰ ਨਿਕਲੇ ਤਾਂ ਉਹਨਾਂ ਦਾ ਮਾੜਾ ਹਸ਼ਰ ਹੋਵੇਗਾ। ਉਹਨਾਂ ਕਿਹਾ ਕਿ ਪਾਹੜਾ ਪਿੰਡ ਦੇ ਸਾਬਕਾ ਸਰਪੰਚ ਹੈਪੀ ਪਾਹੜਾ ਵਰਗੇ ਜਿਸ ਵਿਅਕਤੀ ਨੇ ਚਿਤਾਵਨੀਆਂ ਦੀ ਪਰਵਾਹ ਨਹੀਂ ਕੀਤੀ, ਉਸ ਉੱਤੇ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ। ਬਹੁਤ ਸਾਰੀਆਂ ਥਾਵਾਂ ਉੱਤੇ ਅਕਾਲੀ ਦਲ ਦੇ ਪੋਲਿੰਗ ਏਜੰਟਾਂ ਨਾਲ ਧੱਕਾਮੁੱਕੀ ਕੀਤੀ ਗਈ ਤਾਂ ਕਿ ਲੋਕਾਂ ਅੰਦਰ ਡਰ ਪੈਦਾ ਕੀਤਾ ਜਾ ਸਕੇ ਅਤੇ ਸਾਡੇ ਸਮਰਥਕਾਂ ਨੂੰ ਪੋਲਿੰਗ ਬੂਥਾਂ ਤੋਂ ਦੂਰ ਰੱਖਿਆ ਜਾ ਸਕੇ।
ਇਹ ਕਹਿੰਦਿਆਂ ਕਿ ਜੇਕਰ ਹਿੰਸਾ ਦਾ ਖ਼ਦਸ਼ਾ ਨਾ ਹੁੰਦਾ ਤਾ ਮਤਦਾਨ 80 ਫੀਸਦੀ ਤੋਂ ਵੱਧ ਹੋਣਾ ਸੀ, ਪਰ ਹਿੰਸਾ ਦੇ ਤੌਖਲੇ ਨੇ ਬਹੁਤੇ ਲੋਕਾਂ ਨੂੰ ਪੋਲਿੰਗ ਬੂਥਾਂ ਤੋਂ ਦੂਰ ਹੀ ਰੱਖਿਆ,ਅਕਾਲੀ ਆਾਗੂ ਨੇ ਕਿਹਾ ਕਿ ਪਿਛਲੀਆਂ ਆਮ ਚੋਣਾਂ ਵਿਚ ਇਸੇ ਸੀਟ ਉੱਤੇ 70 ਫੀਸਦ ਮਤਦਾਨ ਹੋਇਆ ਸੀ। ਇਸ ਜ਼ਿਮਨੀ ਚੋਣ ਵਿਚ ਮਹਿਜ਼ 56 ਫੀਸਦ ਮਤਦਾਨ ਹੋਣ ਦੀ ਹੋਰ ਕੋਈ ਵਜ•ਾ ਨਹੀਂ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹ ਵੀ ਮਾਝੇ ਦੇ ਲੋਕਾਂ ਦੀ ਬਹਾਦਰੀ ਹੈ ਕਿ ਇੰਨੇ ਲੋਕ ਵੋਟਾਂ ਪਾਉਣ ਲਈ ਬਾਹਰ ਆ ਗਏ ਨਹੀਂ ਤਾਂ ਅਜਿਹੀ ਦਹਿਸ਼ਤ ਸੀ ਕਿ ਜੇਕਰ ਕੋਈ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੂੰ ਵੋਟ ਪਾਏਗਾ ਤਾਂ ਉਸ ਉੱਤੇ ਹਮਲਾ ਹੋ ਜਾਵੇਗਾ। ਉਹਨਾਂ ਕਿਹਾ ਕਿ ਅਜਿਹੇ ਲੋਕ ਹੀ ਬਦਲੀ ਹਵਾ ਦੇ ਨੁੰਮਾਇਦੇ ਹਨ, ਜਿਹੜੀ ਕਿ ਕਾਂਗਰਸੀ ਹਕੂਮਤ ਦੇ ਉਲਟ ਵਗਣੀ ਸ਼ੁਰੂ ਹੋ ਗਈ ਹੈ ਅਤੇ ਇਸ ਨੂੰ ਖਾਤਮੇ ਵੱਲ ਲੈ ਜਾਵੇਗੀ।