ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਿਨਾਂ ਦੇਰੀ ਰਾਗੀਆਂ ਅਤੇ ਮੁੱਖ ਗ੍ਰੰਥੀ ਦੇ ਮਾਮਲੇ ਵਿੱਚ ਦੇਣ ਦਖ਼ਲ
ਸੱਚਖੰਡ ਸਾਹਿਬ ਅਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀਆਂ ਨਾਲ ਦੁਰਵਿਵਹਾਰ ਨਿੰਦਣਯੋਗ
ਸਿੱਖ ਪੰਥ ਇੱਕ ਨਿਆਰੇ ਪੰਥ ਅਤੇ ਅੱਡਰੀ ਸੋਚ ਵਾਲੀ ਕੌਮ ਵਜੋਂ ਜਾਣਿਆ ਜਾਂਦਾ ਹੈ। ਪਰ ਮੌਜੂਦਾ ਹਾਲਾਤਾਂ ਵਿੱਚ ਪੰਥ ਅੰਦਰ ਜੋ ਵਖਰੇਵੇਂ ਅਤੇ ਕੁਪ੍ਰਬੰਧ ਪਾਏ ਜਾ ਰਹੇ ਹਨ ਉਸ ਲਈ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਨੁਮਾਇੰਦੇ ਮੁਕੰਮਲ ਤੌਰ ਤੇ ਜ਼ਿੰਮੇਵਾਰ ਹਨ।ਜਿਸ ਦੀ ਮਿਸਾਲ ਹਰਮੰਦਰ ਸਾਹਿਬ ਸੱਚਖੰਡ ਦੇ ਗ੍ਰੰਥੀਆਂ ਅਤੇ ਤੇ ਰਾਗੀ ਸਿੰਘਾਂ ਦਾ ਵਿਵਾਦ ਜੱਗ ਜ਼ਾਹਰ ਹੋ ਚੁੱਕਾ ਹੈ।ਇਨ੍ਹਾਂ ਸ਼ਬਦਾਂ ਦਾ ਪਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਮੋਢੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਕੀਤਾ ਹੈ।ਉਹਨਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਕਰਨ ਵਾਲੇ ਹਰੇਕ ਮਾਈ ਭਾਈ ਦਾ ਰੁਤਬਾ ਅਤੇ ਪਦਵੀ ਬਹੁਤ ਸਤਿਕਾਰਯੋਗ ਅਤੇ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਵੱਖਰਾ ਸਥਾਨ ਰੱਖਦੀ ਹੈ। ਪਰ ਬੀਤੇ ਦਿਨ ਜੋ ਸ੍ਰੀ ਹਰਮੰਦਰ ਸਾਹਿਬ ਸੱਚ ਖੰਡ ਦੇ ਰਾਗੀਆਂ ਅਤੇ ਮੁੱਖ ਗ੍ਰੰਥੀ ਦਾ ਵਿਵਾਦ ਸਾਹਮਣੇ ਆਇਆ ਹੈ ਉਸ ਨੇ ਸਮੁੱਚੀ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕਾਅ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਭ ਬਿਰਤਾਂਤ ਲਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਗੁਰਦੁਆਰਾ ਸਾਹਿਬਾਨ ਵਿਚ ਪ੍ਰਬੰਧ ਚਲਾ ਇਹ ਟੀਮ ਮੁੱਖ ਤੌਰ ਤੇ ਦੋਸ਼ੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਰਾਗੀ ਸਿੰਘ ਭਾਈ ਸੱਤ ਤੇ ਬਲਵੰਡ ਦਾ ਰੁਤਬਾ ਰੱਖਦੇ ਹਨ ਉੱਥੇ ਹੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬੁੱਢਾ ਭਾਈ ਮਨੀ ਸਿੰਘ ਦੀ ਵਿਰਾਸਤ ਵਿੱਚੋਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਜੱਗ ਜ਼ਾਹਰ ਹੋਣ ਤੋਂ ਪਹਿਲਾਂ ਹੀ ਗੁਰਦੁਆਰਾ ਪ੍ਰਬੰਧਕਾਂ ਅਤੇ ਸ੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਵੱਲੋਂ ਸੁਲਝਾ ਲੈਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਜੋ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਰਾਗੀਆਂ ਨੇ ਜੋ ਹਾਲਾਤ ਬਿਆਨ ਕੀਤੇ ਹਨ ਉਥੇ ਉਨ੍ਹਾਂ ਨੂੰ ਸੁਣ ਕੇ ਜਿੱਥੇ ਸਮੁੱਚੀ ਕੌਮ ਡੂੰਘੀ ਚਿੰਤਾ ਵਿੱਚ ਵਿੱਚ ਪੈ ਗਏ ਉਸ ਦੇ ਨਾਲ ਨਾਲ ਸਿੱਖਾਂ ਦੀ ਨੌਜਵਾਨ ਪੀੜ੍ਹੀ ਵੀ ਇਹ ਸੋਚਣ ਲਈ ਮਜਬੂਰ ਹੋ ਚੁੱਕੀ ਹੈ ਕਿ ਸਿੱਖ ਪੰਥ ਅੰਦਰੋਂ ਕਿੰਨਾ ਖੋਖਲਾ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਨ੍ਹਾਂ ਹਾਲਾਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਬਾਦਲ ਪਰਿਵਾਰ ਅਤੇ ਉਨ੍ਹਾਂ ਦੀ ਕੱਠਪੁਤਲੀ ਗੋਬਿੰਦ ਸਿੰਘ ਲੌਂਗੋਵਾਲ ਦੀ ਟੀਮ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਨਿਮਰ ਬੇਨਤੀ ਹੈ ਕਿ ਉਹ ਬਿਨਾਂ ਦੇਰੀ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਸ੍ਰੀ ਦਰਬਾਰ ਸਾਹਿਬ ਦੀ ਇਤਿਹਾਸਕ ਮਾਣ ਮਰਯਾਦਾ ਨੂੰ ਮੁੜ ਤੋਂ ਬਹਾਲ ਕਰਨ ਦਾ ਉਦਮ ਕਰਨ।ਉਨ੍ਹਾਂ ਨੇ ਕਿਹਾ ਕਿ ਜੇਕਰ ਰਾਗੀ ਸਿੰਘ ਜਥੇਦਾਰ ਹਰਪ੍ਰੀਤ ਸਿੰਘ ਕੋਲ ਆਪਣਾ ਮਸਲਾ ਲੈ ਕੇ ਗਏ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਦੂਰ ਅੰਦੇਸ਼ੀ ਸੋਚ ਅਤੇ ਆਪਣੇ ਰੁਤਬੇ ਦੀ ਮਰਯਾਦਾ ਤਹਿਤ ਬਿਨਾਂ ਦੇਰੀ ਇਹ ਮਸਲਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਨਿਮਰਤਾ,ਕਿਰਤ ਅਤੇ ਬਾਣੀ ਪੜ੍ਹਨ ਅਤੇ ਗਾਇਨ ਕਰਨ ਦਾ ਹੁਕਮ ਮਿਲਦਾ ਹੈ। ਪਰ ਅੱਜ ਕੁਝ ਲੋਕ ਹਉਮੈ ਵੱਸ ਕਾਬਜ ਧਿਰ ਵੱਜੋਂ ਗੁਰਬਾਣੀ ਦੇ ਸਿਧਾਂਤ ਨੂੰ ਖੋਰਾ ਲਗਾ ਰਹੇ ਹਨ ਅਤੇ ਆਪਣੇ ਹੈਂਕੜ ਪਾਏ ਵਤੀਰੇ ਕਾਰਨ ਕੌਮ ਨੂੰ ਹਾਸੋਹੀਣੀ ਸਥਿਤੀ ਵਿੱਚ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿੱਚ ਰਾਗੀ ਸਿੰਘਾਂ ਦੇ ਮਸਲੇ ਪ੍ਰਤੀ ਬਹੁਤ ਚਿੰਤਾ ਵਿਚ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਲਈ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਸਿੱਖੀ ਦੀ ਇੱਕ ਮਾਣਮੱਤੀ ਰਵਾਇਤ ਅਤੇ ਕੀਰਤਨ ਦੀ ਅਣਮੁੱਲੀ ਦਾਤ ਦੇ ਵਾਰਿਸ ਪੁਨਰ ਸੁਰਜੀਤ ਹੋਣ।
ਇਸ ਮੌਕੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਨਾਲ, ਭਾਈ ਮੋਹਕਮ ਸਿੰਘ, ਭਾਈ ਮਲਕੀਤ ਸਿੰਘ ਮੈਂਬਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਹਲਕਾ ਲੌਂਗੋਵਾਲ, ਭਾਈ ਗੁਰਪ੍ਰੀਤ ਸਿੰਘ ਗਰਚਾ ਮੈਂਬਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਲੁਧਿਆਣਾ, ਜਥੇਦਾਰ ਹਰਬੰਸ ਸਿੰਘ ਮੰਝਪੁਰ ਸਾਬਕਾ ਮੈਂਬਰ ਅੰਤ੍ਰਿੰਗ ਕਮੇਟੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਜੈਪਾਲ ਸਿੰਘ ਮੰਡੀਆਂ, ਹਰਦੇਵ ਸਿੰਘ ਰੋਗਲਾ, ਰਾਮਪਾਲ ਸਿੰਘ ਬਹਿਣੀਵਾਲ, ਮਿੱਠੂ ਸਿੰਘ ਕਾਹਨਕੇ (ਮਾਨਸਾ), ਮਨਜੀਤ ਸਿੰਘ ਬੱਪੀਆਣਾ ਮੌਜੂਦ ਸਨ ।