ਗੁਰਦਾਸਪੁਰ, 8 ਅਕਤੂਬਰ 2017 : ਆਮ ਆਦਮੀ ਪਾਰਟੀ (ਆਪ) ਦੇ ਸਹਿ ਪ੍ਰਧਾਨ ਅਤੇ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਅਤੇ 2014 ਦੀਆਂ ਲੋਕ ਸਭਾ ਚੋਣਾਂ ‘ਚ ਕੀਤੇ ਵਾਅਦਿਆਂ ਨੂੰ ਪੂਰਾ ਕਰਾਉਣ ਲਈ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਲਈ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਅਤੇ ਭਾਜਪਾ ਅਕਾਲੀ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਕਰਾਰੀ ਹਾਰ ਦੇ ਕੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਕੁਮਾਰ ਖਜੂਰੀਆ ਨੂੰ ਜਿਤਾਉਣਾ ਬੇਹੱਦ ਜ਼ਰੂਰੀ ਹੈ।
ਧਾਰੀਵਾਲ ਵਿਖੇ ਵਪਾਰੀਆਂ, ਦੁਕਾਨਦਾਰਾਂ ਅਤੇ ਸਮਾਲ ਸਕੇਲ ਉਦਯੋਗਪਤੀਆਂ ਨੂੰ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਲੋਕ ਵਾਅਦਿਆਂ ਤੋਂ ਭੱਜਣ ਵਾਲੇ ਕਾਂਗਰਸੀਆਂ, ਭਾਜਪਾ ਅਤੇ ਅਕਾਲੀਆਂ ਨੂੰ ਸਪਸ਼ਟ ਅਤੇ ਸਖਤ ਸੁਨੇਹਾ ਦੇਣਾ ਜ਼ਰੂਰੀ ਹੈ ਕਿ ਜੇਕਰ ਸੱਤਾਧਾਰੀ ਧਿਰਾਂ ਕੀਤੇ ਗਏ ਚੋਣ ਵਾਅਦਿਆਂ ਨੂੰ ਨਿਰਧਾਰਿਤ ਸਮੇਂ ‘ਚ ਪੂਰੇ ਨਹੀਂ ਕਰਨਗੀਆਂ ਤਾਂ ਜਨਤਾ ਦਾ ਫਤਵਾ ਉਲਟ ਜਾਵੇਗਾ, ਗੁਰਦਾਸਪੁਰ ਹਲਕੇ ਦੇ ਲੋਕਾਂ ਕੋਲ ਪੂਰੇ ਪੰਜਾਬ ਜਾ ਭਲਾ ਕਰਨ ਦਾ ਸੁਨਹਿਰਾ ਮੌਕਾ ਹੈ।
ਕਾਂਗਰਸ ਅਤੇ ਭਾਜਪਾ ਨੂੰ ਚੁਣੌਤੀ ਦਿੰਦਿਆਂ ਅਮਨ ਅਰੋੜਾ ਨੇ ਇਥੋਂ ਤੱਕ ਕਹਿ ਦਿੱਤਾ ਕਿ 7 ਮਹੀਨਿਆਂ ਦੀ ਕਾਂਗਰਸ ਸਰਕਾਰ ‘ਚ ਕੈਪਟਨ ਅਮਰਿੰਦਰ ਸਿੰਘ ਅਤੇ ਸਾਢੇ ਤਿੰਨ ਸਾਲ ਦੀ ਮੋਦੀ ਸਰਕਾਰ ਦੌਰਾਨ ਜੇਕਰ ਵਾਅਦਿਆਂ ਮੁਤਾਬਿਕ ਮਹਿੰਗਾਈ ਅਤੇ ਬੇਰੁਜ਼ਗਾਰੀ ਘਟੀ ਹੈ, ਵਪਾਰ ਅਤੇ ਸਨਅਤ ‘ਚ ਤਰੱਕੀ ਹੋਈ ਹੈ ਜਾਂ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਦਲਿਤਾਂ ਨਾਲ ਕੀਤੇ ਵਾਅਦੇ ਪੂਰੇ ਹੋਏ ਹਨ ਤਾਂ ਬੇਸ਼ੱਕ ਵੋਟ ਉਨਾਂ ਨੂੰ ਪਾ ਦਿੱਤੀ ਜਾਵੇ, ਆਮ ਆਦਮੀ ਪਾਰਟੀ ਨੂੰ ਰੱਤੀ ਭਰ ਵੀ ਰੰਜ ਨਹੀਂ ਹੋਵੇਗਾ, ਪਰੰਤੂ ਜਦ ਕੋਈ ਵਾਅਦਾ ਪੂਰਾ ਹੀ ਨਹੀਂ ਕੀਤਾ, ਸਗੋਂ ਡੀਜ਼ਲ-ਪੈਟਰੋਲ ਸਮੇਤ ਹਰ ਰੋਜ਼ ਮਹਿੰਗਾਈ ਵਧ ਰਹੀ ਹੈ। ਨੋਟਬੰਦੀ ਤੇ ਜੀਐਸਟੀ ਵਰਗੇ ਤੁਗਲਕੀ ਫੈਸਲਿਆਂ ਨੇ ਵਪਾਰੀਆਂ ਦੁਕਾਨਦਾਰਾਂ, ਕਰਮਚਾਰੀਆਂ, ਕਿਸਾਨਾਂ ਤੇ ਮਜ਼ਦੂਰਾਂ ਦੀ ਵਿੱਤੀ ਹਾਲਤ ਹੋਰ ਕਮਜ਼ੋਰ ਕਰ ਦਿੱਤੀ ਹੈ। ਘਰ-ਘਰ ਸਰਕਾਰੀ ਨੌਕਰੀ ਦੀ ਥਾਂ ਨਿੱਕੀਆਂ ਮੋਟੀਆਂ ਪ੍ਰਾਈਵੇਟ ਨੌਕਰੀਆਂ ‘ਤੇ ਵੀ ਤਲਵਾਰ ਲਟਕਾ ਦਿੱਤੀ ਹੈ। ਫਿਰ ਕਾਂਗਰਸ ਅਤੇ ਭਾਜਪਾ ਨੂੰ ਵੋਟ ਲੈਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਇਸ ਲਈ ਆਪ ਦੇ ਸਥਾਨਕ ਉਮੀਦਵਾਰ ਜਨਰਲ ਖਜੂਰੀਆ ਨੂੰ ਜਿਤਾ ਕੇ ਸੈਂਕੜੇ ਹਜਾਰਾਂ ਕਿਲੋਮੀਟਰ ਦੂਰੋਂ ਚੋਣ ਲੜਨ ਗੁਰਦਾਸਪੁਰ ਆਏ ਸੁਨੀਲ ਜਾਖੜ ਅਤੇ ਸਵਰਨ ਸਲਾਰੀਆ ਨੂੰ ਬੇਰੰਗ ਵਪਾਸ ਭੇਜਣ ਜਾਵੇ।
ਇਸ ਮੌਕੇ ‘ਆਪ’ ਸਕੱਤਰ ਗੁਲਸ਼ਨ ਛਾਬੜਾ, ਪਾਰਲੀਮੈਂਟ ਮੈਂਬਰ ਪ੍ਰੋ. ਸਾਧੂ ਸਿੰਘ, ਗੁਰਦਿੱਤ ਸਿੰਘ ਸੇਖੋਂ, ਡਾ. ਕਮਲਜੀਤ ਸਿੰਘ, ਐਡਵੋਕੇਟ ਐਸਐਸ ਮਾਨ, ਸੁਖਬਾਜ ਪਰਵਾਨਾ, ਰਜਨੀਸ਼ ਜੋਸ਼ੀ, ਪੰਕਜ ਵਰਮਾ, ਸੁਖਵੰਤ ਸਿੰਘ ਨਾਗੀ, ਸੰਜੀਵ ਸ਼ਰਮਾ, ਕਾਲਾ ਸ਼ਰਮਾ, ਹਰਪਾਲ ਸਿੰਘ, ਨੰਬਰਦਾਰ ਪਾਲ ਸਿੰਘ, ਰੋਹਿਤ ਕਪਿਲ, ਅਜੀਤ ਸਿੰਘ, ਡਾ. ਜਸਪਾਲ ਡਡੱਵਾਂ, ਜਸਜੀਤ ਸਿੰਘ, ਜੱਗਾ ਅਠਵਾਲ, ਮਾਸਟਰ ਹਰਦਿਆਲ ਰੋਪੜ, ਰਜਿੰਦਰ ਰਾਜਾ, ਭਾਗ ਸਿੰਘ ਆਦਿ ਹਜਾਰ ਸਨ।