ਜਗਦੀਸ਼ ਥਿੰਦ
ਗੁਰੂਹਰਸਹਾਏ/ਫ਼ਿਰੋਜ਼ਪੁਰ, 3 ਅਕਤੂਬਰ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਪੁੱਛਿਆ ਹੈ ਕਿ ਉਹ ਸਪੱਸ਼ਟ ਕਰਨ ਕਿ ਕੀ ਉਹ ਆਪਣਾ ਬਾਕੀ ਬਚਦਾ ਸਿਆਸੀ ਜੀਵਨ ਗੁਰਦਾਸਪੁਰ ਵਿਚ ਗੁਜ਼ਾਰਨਗੇ?
ਇੱਥੇ ਬੱਲ, ਭਾਗੋਵਾਲ, ਅਲੀਵਾਲ , ਘੈਣੇ ਕੇ ਬਾਂਗਰ, ਵੀਲਾ ਅਤੇ ਫਤਿਹਗੜ੍ਹ ਚੂੜੀਆਂ ਵਿਖੇ ਭਰਵੀਆਂ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਾਖੜ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ 11 ਅਕਤੂਬਰ ਨੂੰ ਚੋਣਾਂ ਤੋਂ ਬਾਅਦ ਕੀ ਉਹ ਇਸ ਇਲਾਕੇ ਪ੍ਰਤੀ ਪ੍ਰਤੀਬੱਧ ਰਹਿਣਗੇ ਅਤੇ ਆਪਣਾ ਬਾਕੀ ਬਚਦਾ ਸਿਆਸੀ ਜੀਵਨ ਇੱਥੇ ਹੀ ਗੁਜ਼ਾਰਨਗੇ ਜਾਂ ਫਿਰ ਬੋਰੀ ਬਿਸਤਰਾ ਬੰਨ੍ਹ ਕੇ ਵਾਪਸ ਅਬੋਹਰ ਚਲੇ ਜਾਣਗੇ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਸੁਆਲ ਬਹੁਤ ਹੀ ਅਹਿਮ ਹੈ, ਕਿਉਂਕਿ ਇਸ ਤੋਂ ਪਹਿਲਾ ਜਾਖੜ ਦਾ ਆਗੂ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਪਾਰਲੀਮਾਨੀ ਸੀਟ ਅੰਮ੍ਰਿਤਸਰ ਤੋਂ ਚੁਣੇ ਜਾਣ ਮਗਰੋ ਉਸ ਪਵਿੱਤਰ ਸ਼ਹਿਰ ਦੇ ਲੋਕਾਂ ਨੂੰ ਛੱਡ ਕੇ ਚਲਾ ਗਿਆ ਸੀ। ਉਹਨਾਂ ਕਿਹਾ ਕਿ ਜੇਕਰ ਜਾਖੜ ਇਸ ਇਲਾਕੇ ਅਤੇ ਇੱਥੋਂ ਦੇ ਲੋਕਾਂ ਪ੍ਰਤੀ ਖੁਦ ਨੂੰ ਪ੍ਰਤੀਬੱਧ ਨਹੀ ਕਰ ਸਕਦਾ ਤਾਂ ਉਸ ਕੋਲ ਤੁਹਾਡੀਆਂ ਵੋਟਾਂ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਲੋਕਾਂ ਨੂੰ ਜਾਖੜ ਦੀ ਪੀਸੀਸੀ ਮੁਖੀ ਵਜੋਂ ਕਾਰਗੁਜ਼ਾਰੀ ਦਾ ਮੁਲੰਕਣ ਕਰਨ ਲਈ ਆਖਦਿਆਂ ਉਹਨਾਂ ਕਿਹਾ ਕਿ ਕਾਂਗਰਸ ਆਗੂ ਆਪਣੀ ਸਰਕਾਰ ਨੂੰ ਆਪਣਾ ਇੱਕ ਵੀ ਚੋਣ ਵਾਅਦਾ ਪੂਰਾ ਕਰਨ ਵਾਸਤੇ ਮਨਵਾਉਣ ਵਿਚ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ 90 ਹਜ਼ਾਰ ਕਰੋੜ ਰੁਪਏ ਦੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਵਿਚੋਂ ਅਜੇ ਤਕ ਕਿਸੇ ਇੱਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਪਿਛਲੇ 6 ਮਹੀਨਿਆਂ ਦੌਰਾਨ ਇਸ ਨੇ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ। ਇਸ ਨੇ ਲੋਕ ਭਲਾਈ ਸਕੀਮਾਂ ਵੀ ਬੰਦ ਕਰ ਦਿੱਤੀਆਂ ਹਨ। ਬੁਢਾਪਾ ਪੈਨਸ਼ਨ ਅਤੇ ਆਟਾ ਦਾਲ ਸਕੀਮ ਦੇ ਲਾਭਪਾਤਰੀ ਦੁਖੀ ਹੋ ਰਹੇ ਹਨ। ਇੱਥੋਂ ਤਕ ਕਿਸਾਨਾਂ ਨੂੰ ਦਿੱਤੀ ਅੰਸ਼ਿਕ ਮੁਫਤ ਬਿਜਲੀ ਦੀ ਸਹੂਲਤ ਵੀ ਵਾਪਸ ਲੈ ਲਈ ਗਈ ਹੈ। ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਇੱਥੇ ਕੋਈ ਸਰਕਾਰ ਹੀ ਨਹੀਂ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਿਸੇ ਹੋਰਾਂ ਮੁੱਦਿਆਂ ਉੱਤੇ ਬਹਿਸ ਲਈ ਸੱਦਾ ਦੇਣ ਤੋਂ ਪਹਿਲਾਂ ਉਹ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਬਹਿਸ ਕਰੇ, ਜਿਸ ਨੇ ਉਸ ਨੂੰ ਉਸ ਦੇ ਆਪਣੇ ਹਲਕੇ ਅਬੋਹਰ ਤੋਂ ਹਰਾਇਆ ਸੀ। ਉਹਨਾਂ ਕਿਹਾ ਕਿ ਲੋਕਾਂ ਦੀ ਇਹ ਜਾਣਨ ਵਿਚ ਬਹੁਤ ਦਿਲਚਸਪੀ ਹੈ ਕਿ ਤੁਸੀਂ ਅਬੋਹਰ ਤੋਂ ਕਿਉਂ ਹਾਰੇ ਸੀ? ਇੱਕ ਵਾਰ ਤੁਹਾਡੇ ਅਬੋਹਰ ਤੋਂ ਹਾਰਨ ਦੇ ਕਾਰਨ ਸਪੱਸ਼ਟ ਹੋ ਜਾਣ, ਫਿਰ ਹੋਰ ਬਹਿਸਾਂ ਵੀ ਕੀਤੀਆਂ ਜਾ ਸਕਦੀਆਂ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਗੁਰਦਾਸਪੁਰ ਦੇ ਵੋਟਰਾਂ ਨੂੰ ਕਾਂਗਰਸੀਆਂ ਤੋਂ ਆਪਣੇ ਅਧਿਕਾਰ ਮੰਗਣ ਦਾ ਇਹ ਬਹੁਤ ਹੀ ਸ਼ਾਨਦਾਰ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਤੁਹਾਨੂੰ ਜਿੱਥੇ ਵੀ ਕਾਂਗਰਸੀ ਮਿਲਦੇ ਹਨ, ਉਹਨਾਂ ਨੂੰ ਘੇਰ ਲਓ ਅਤੇ ਪੁੱਛੋ ਕਿ ਕਰਜ਼ਾ ਮੁਆਫੀ ਅਤੇ ਘਰ ਘਰ ਨੌਕਰੀ ਸਕੀਮਾਂ ਦਾ ਕੀ ਬਣਿਆ। ਇਹ ਸੁਨਿਹਰੀ ਮੌਕਾ ਹੈ। ਇਸ ਨੂੰ ਆਪਣੇ ਹੱਥੋ ਨਾ ਜਾਣ ਦਿਓ। ਉਹਨਾਂ ਲੋਕਾਂ ਨੂੰ ਸਾਵਧਾਨ ਕੀਤਾ ਕਿ ਕਾਂਗਰਸ ਸਰਕਾਰ ਟਿਊਬਵੈਲਾਂ ਉੱਤੇ ਬਿਜਲੀ ਦੇ ਬਿਲ ਅਤੇ ਨਹਿਰੀ ਪਾਣੀ ਉੱਤੇ ਆਬਿਆਨਾ ਲਾਉਣ ਦੀ ਤਿਆਰੀ ਕਰ ਰਹੀ ਹੈ।
ਇਸ ਮੌਕੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੇ ਬੋਲਦਿਆਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਨੂੰ ਗੁਰਦਾਸਪੁਰ ਦੇ 15 ਲੱਖ ਲੋਕਾਂ ਵਿਚੋਂ ਇੱਕ ਯੋਗ ਉਮੀਦਵਾਰ ਨਹੀਂ ਲੱਭ ਸਕੀ ਅਤੇ ਉਸ ਨੇ ਇੱਕ ਬਾਹਰਲੇ ਉੱਤੇ ਭਰੋਸਾ ਕਰਨਾ ਠੀਕ ਸਮਝਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿੱਤਾ ਜਾਵੇ।
ਇਸ ਮੌਕੇ ਉੱਤੇ ਨਿਰਮਲ ਸਿੰਘ ਕਾਹਲੋਂ, ਗੁਲਜ਼ਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਅਰੁਣ ਨਾਰੰਗ, ਵਰਦੇਵ ਸਿੰਘ ਮਾਨ, ਰਮੇਸ਼ ਕੰਬੋਜ, ਕੇਵਲ ਕ੍ਰਿਸ਼ਨ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।