← ਪਿਛੇ ਪਰਤੋ
ਗੁਰਦਾਸਪੁਰ, 9 ਅਕਤੂਬਰ, 2017 : ਗੁਰਦਾਸਪੁਰ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਝੋਨੇ ਦੇ ਮੌਜੂਦਾ ਉੱਚ ਭਾਅ ਦੇ ਚਲਦੇ ਹੋਏ ਇਸ ਸਾਲ ਸੂਬੇ ਦੇ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਵੱਧ ਪ੍ਰਾਪਤ ਹੋਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਨੂੰ ਲਾਹੇਵੰਦ ਬਣਾਉਣ ਅਤੇ ਸੂਬੇ ਦੇ ਕਿਸਾਨਾਂ ਨੂੰ ਉਨਾਂ ਦੇ ਉਤਪਾਦ ਲਈ ਢੁੱਕਵੇਂ ਭਾਅ ਯਕੀਨੀ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਝੋਨੇ ਦੀ 1509 ਕਿਸਮ ਪਿਛਲੇ ਸਾਲ 900 ਰੁਪਏ ਪ੍ਰਤੀ ਕੁਇੰਟਲ ਵਿਕੀ ਸੀ ਜਦਕਿ ਇਸ ਸਾਲ 2600 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਭਾਅ ਮਿਲ ਰਿਹਾ ਹੈ। ਇਸੇ ਤਰਾਂ ਹੀ ਝੋਨੇ ਦੀ 1121 ਕਿਸਮ ਪਿਛਲੇ ਸਾਲ 1400 ਰੁਪਏ ਪ੍ਰਤੀ ਕੁਇੰਟਲ ਵਿਕੀ ਸੀ ਜਦਕਿ ਇਸ ਸਾਲ ਇਸ ਦਾ ਭਾਅ 3500 ਰੁਪਏ ਪ੍ਰਤੀ ਕੁਇੰਟਲ ਮਿਲਣ ਦੀ ਆਸ ਹੈ। ਉਨਾਂ ਕਿਹਾ ਕਿ ਝੋਨੇ ਦੀਆਂ ਉੱਚ ਦਰਾਂ ਦੇ ਨਤੀਜੇ ਵਜੋਂ ਪੰਜਾਬ ਦੇ ਕਿਸਾਨਾਂ ਨੂੰ ਵਾਧੂ ਲਾਭ ਹੋਵੇਗਾ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨਾਂ ਨੇ ਕੇਂਦਰ ਵੱਲੋਂ ਨਗਦ ਹੱਦ ਕਰਜ਼ਾ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਭੁਗਤਾਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਾਖੜ ਨੇ ਇਸ ਖਿੱਤੇ ਦੇ ਹੋਰਨਾਂ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਦਾ ਝੋਨੇ ਦੇ ਮੌਜੂਦਾ ਸੀਜ਼ਨ ਵਾਸਤੇ ਬਿਨਾਂ ਅੜਚਣ ਖਰੀਦ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕਰਨ ਵਾਸਤੇ ਧੰਨਵਾਦ ਕੀਤਾ। ਉਨਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਖਰੀਦ ਏਜੰਸੀਆਂ ਵੱਲੋਂ ਝੋਨਾ ਚੁੱਕਣ ਤੋਂ 48 ਘੰਟੇ ਦੇ ਅੰਦਰ ਉਨਾਂ ਨੂੰ ਭੁਗਤਾਨ ਯਕੀਨੀ ਬਣਾਇਆ ਜਾਵੇਗਾ।
Total Responses : 267