ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 22 ਅਗਸਤ 2020 - ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਕੇਸਾਂ ਵਿੱਚ ਵਾਧੇ ਨੂੰ ਮੁੱਖ ਰੱਖਦਿਆਂ ਅਤੇ ਇਸਦੇ ਵਾਧੇ 'ਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਅਨਲਾਕ-3 ਤਹਿਤ ਕੁਝ ਹੋਰ ਪਾਬੰਦੀਆਂ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਅਨਲਾਕ-3 ਦੀ ਲਗਾਤਾਰਤਾ ਵਿੱਚ ਨਵੇ ਜਾਰੀ ਕੀਤੇ ਇਹ ਆਦੇਸ਼ 31 ਅਗਸਤ, 2020 ਤੱਕ ਲਾਗੂ ਰਹਿਣਗੇ।
ਸੰਦੀਪ ਹੰਸ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਨਗਰ ਨਿਗਮਾਂ/ਨਗਰ ਕੌਸਲਾਂ/ਨਗਰ ਪੰਚਾਇਤਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਮਿਤੀ 31 ਅਗਸਤ 2020 ਤੱਕ ਵੀਕਐਡ ਲਾਕਡਾਊਨ ਲਾਗੂ ਰਹੇਗਾ।
ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਪੈਦੇ ਸਮੂਹ ਨਗਰ ਨਿਗਮ/ਨਗਰ ਕੌਸਲ ਅਤੇ ਨਗਰ ਪੰਚਾਇਤਾਂ ਵਿੱਚ ਸ਼ਾਮ 7 ਵਜੇ ਤੋ ਸਵੇਰੇ 5 ਵਜੇ ਤੱਕ ਹਫ਼ਤੇ ਦੇ ਸਾਰੇ ਦਿਨ ਰਾਤ ਦਾ ਕਰਫਿਊ ਲਾਗੂ ਰਹੇਗਾ। ਇਸ ਸਮੇ ਦੌਰਾਨ ਸਾਰੀਆਂ ਗੈਰ ਜਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ਤੇ ਪਾਬੰਦੀ ਹੋਵੇਗੀ, ਪ੍ਰੰਤੂ ਜਰੂਰੀ ਗਤੀਵਿਧੀਆਂ ਅਤੇ ਸੇਵਾਵਾਂ, ਕੌਮੀ ਅਤੇ ਰਾਜ ਮਾਰਗਾਂ ਤੇ ਵਿਅਕਤੀਆਂ ਤੇ ਵਸਤੂਆਂ ਦੀ ਆਵਾਜਾਈ ਅਤੇ ਬੱਸਾਂ ਤੇ ਰੇਲਗੱਡੀਆਂ ਅਤੇ ਜਹਾਜ ਉਤਰਨ ਤੋ ਬਾਅਦ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜਿ਼ਲਾਂ ਤੱਕ ਜਾਣ ਸਮੇਤ ਜਰੂਰੀ ਕੰਮਾਂ ਦੀ ਆਗਿਆ ਹੋਵੇਗੀ। ਜਰੂਰੀ ਸੇਵਾਵਾਂ ਜਿਵੇ ਕਿ ਸਿਹਤ, ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ, ਡੇਅਰੀ ਅਤੇ ਫਿ਼ਸਿੰਗ ਦੀਆਂ ਗਤੀਵਿਧੀਆਂ, ਬੈਕ, ਏ.ਟੀ.ਐਮ., ਸਟਾਕ ਮਾਰਕਿਟ, ਬੀਮਾ ਕੰਪਨੀਆਂ, ਆਨਲਾਈਨ ਟੀਚਿੰਗ, ਪਬਲਿਕ ਸਹੂਲਤਾਂ, ਪਬਲਿਕ ਟਰਾਂਸਪੋਰਟ ਇੰਡਸਟਰੀਆਂ ਅਤੇ ਕਨਸਟਰਕਸ਼ਨ ਇੰਡਸਟਰੀਆਂ ਵਿੱਚ ਸਿ਼ਫਟਾਂ ਦੇ ਸੰਚਾਲਨ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਵਿਜੁਅਲ ਅਤੇ ਪ੍ਰਿੰਟ ਮੀਡੀਆ ਆਦਿ ਹਰ ਕਿਸਮ ਦੀਆਂ ਪ੍ਰੀਖਿਆਵਾਂ, ਯੂਨੀਵਰਸਿਟੀਜ਼, ਬੋਰਡਾਂ, ਲੋਕ ਸੇਵਾ ਕਮਿਸ਼ਨਾਂ ਦੁਆਰਾ ਕਰਵਾਏ ਗਏ ਦਾਖਲੇ/ਟੈਸਟਾਂ ਦੇ ਸਬੰਧ ਵਿੱਚ ਵਿਅਕਤੀਆਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਦੀ ਮਨਜੂਰੀ ਹੋਵੇਗੀ।
ਸ਼ਾਪਸ/ਮਾਲਜ਼ (ਸਿਵਾਏ ਜਰੂਰੀ ਚੀਜ਼ਾਂ ਦੀ ਵਪਾਰੀ ਵਾਲੇ) ਸੋਮਵਾਰ ਤੋ ਸ਼ੁੱਕਰਵਾਰ ਤੱਕ ਸ਼ਾਮ 6:30 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਸ਼ਨੀਵਾਰ ਐਤਵਾਰ ਨੂੰ ਇਹ ਬੰਦ ਰਹਿਣਗੇ।
ਜ਼ਿਲ੍ਹੇ ਵਿਚਲੇ ਧਾਰਮਿਕ ਸਥਾਨ, ਰੈਸਟੋਰੈਟ ਅਤੇ ਇਨ੍ਹਾਂ ਵਿਚਲੇ ਹੋਟਲ,ਸਪੋਰਟਸ ਕੰਪਲੈਕਸ, ਸਟੇਡੀਅਮ ਅਤੇ ਪਬਲਿਕ ਕੰਪਲੈਕਸ ਹਫ਼ਤੇ ਦੇ ਸਾਰੇ ਦਿਨ ਸ਼ਾਮੀ 6:30 ਵਜੇ ਤੱਕ ਖੁੱਲ੍ਹੇ ਰਹਿਣਗੇ।
ਜ਼ਿਲ੍ਹੇ ਵਿਚਲੇ ਸ਼ਰਾਬ ਦੇ ਠੇਕੇ ਹਫ਼ਤੇ ਦੇ ਸਾਰੇ ਦਿਨ 6:30 ਵਜੇ ਤੱਕੇ ਖੁੱਲ੍ਹੇ ਰਹਿਣਗੇ। ਇਸੇ ਤਰ੍ਹਾਂ ਹੋਟਲ ਵੀ ਹਫ਼ਤੇ ਦੇ ਸਾਰੇ ਦਿਨ ਹੀ ਖੁੱਲ੍ਹੇ ਰੱਖੇ ਜਾ ਸਕਦੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਕੋਵਿਡ-19 ਸੰਕਰਮਣ ਤੇ ਰੋਕ ਲਗਾਉਣ ਦੇ ਮਕਸਦ ਨਾਲ ਚਾਰਪਹੀਆ ਵਾਹਨ ਵਿੱਚ ਡਰਾਈਵਰ ਸਮੇਤ ਕੇਵਲ 3 ਵਿਅਕਤੀਆਂ ਦੀ ਆਗਿਆ ਦਿੱਤੀ ਗਈ ਹੈ। ਸਾਰੀਆਂ ਬੱਸਾਂ ਅਤੇ ਪਬਲਿਕ ਟਰਾਂਸਪੋਰਟ ਵਹੀਕਲਾਂ ਵਿੱਚ 50 ਫੀਸਦੀ ਸਮਰੱਥਾ ਲਈ ਬੈਠਣ ਦੀ ਆਗਿਆ ਹੋਵੇਗੀ ਅਤੇ ਕਿਸੇ ਵਿਅਕਤੀ ਨੂੰ ਖੜ੍ਹੇ ਹੋ ਕੇ ਸਫਰ ਕਰਨ ਦੀ ਆਗਿਆ ਨਹੀ ਹੋਵੇਗੀ।
ਵਿਆਹ ਦੇ ਪ੍ਰੋਗਰਾਮ ਲਈ 30 ਵਿਅਕਤੀਆਂ ਅਤੇ ਸੰਸਕਾਰ/ਅੰਤਿਮ ਅਰਦਾਸ ਦੇ ਭੋਗ ਲਈ 20 ਵਿਅਕਤੀਆਂ ਦੇ ਇਕੱਠ ਦੀ ਮੰਜੂਰੀ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਨੀਵਾਰ ਐਤਵਾਰ ਨੂੰ ਵੱਡੇ ਸ਼ਹਿਰਾਂ ਵਿੱਚ ਬੇਲੋੜੀ ਯਾਤਰਾ ਜਾਂ ਸ਼ਾਪਿੰਗ ਕਰਨ ਤੋ ਗੁਰੇਜ਼ ਕਰੋ। ਸਾਰੀਆਂ ਦੁਕਾਨਾਂ (ਜਰੂਰੀ ਚੀਜ਼ਾਂ ਦਾ ਕਾਰੋਬਾਰ ਕਰਨ ਵਾਲੀਆਂ ਤੋ ਇਲਾਵਾ) ਅਤੇ ਸ਼ਾਪਿੰਗ ਮਾਲਜ਼ ਐਤਵਾਰ ਨੂੰ ਬੰਦ ਰਹਿਣਗੀਆਂ।