ਨਵੇਂ ਅਸਲਾ ਲਾਇਸੈਂਸ ਲਈ 10 ਤੇ ਨਵਿਆਉਣ ਲਈ ਲਗਾਉਣੇ ਪੈਣਗੇ 5 ਬੂਟੇ
ਪੁਲਿਸ ਵੈਰੀਫਿਕੇਸ਼ਨ/ਡੋਪ ਟੈਸਟ ਮਹੀਨੇ ਬਾਅਦ ਬੂਟਿਆਂ ਨਾਲ ਦੁਬਾਰਾ ਸੈਲਫ਼ੀ ਤੋਂ ਬਾਅਦ ਹੀ ਕਰਵਾਇਆ ਜਾਵੇਗਾ- ਚੰਦਰ ਗੈਂਦ
ਅਸਲੇ ਦਾ ਲਾਇਸੈਂਸ ਨਵਾਂ ਬਣਾਉਣ ਜਾ ਨਵਿਆਉਣ ਲਈ ਬਿਨੈਕਾਰ ਲਈ ਅਰਜ਼ੀ ਨਾਲ ਬੂਟੇ ਲਗਾਉਂਦਿਆਂ ਦੀ ਸੈਲਫੀ ਲਗਾਉਣੀ ਜ਼ਰੂਰੀ
‘ਟ੍ਰੀਜ਼ ਫ਼ਾਰ ਗੰਨ‘ ਦਾ ਮੰਤਵ ਲੋਕਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕਰਨਾ
ਸੰਗਰੂਰ, 17 ਅਗਸਤ 2020: ਸੂਬੇ’ਚ ਜ਼ਮੀਨ ਹੇਠਲੇ ਪਾਣੀ ਦੇ ਡਿਗਦੇ ਪੱਧਰ ਅਤੇ ਘਟਦੇ ਜੰਗਲਾਂ ਦੇ ਰਕਬੇ ਪ੍ਰਤੀ ਸੰਗਰੂਰ ਵਾਸੀਆਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ੍ਰੀ ਚੰਦਰ ਗੈਂਦ ਨੇ ਅਸਲਾ ਲਾਇਸੈਂਸ ਬਣਵਾਉਣ/ਨਵਿਆਉਣ ਵਾਲਿਆਂ ਲਈ ਇੱਕ ਦਿਲਚਸਪ ਅਤੇ ਚੰਗੀ ਪਹਿਲ ਕੀਤੀ ਹੈ।ਇਸ ਮੁਹਿੰਮ ਨੂੰ ‘ਟ੍ਰੀਜ਼ ਫ਼ਾਰ ਗੰਨ‘ ਦਾ ਨਾਮ ਦਿੰਦਿਆ ਕਮਿਸ਼ਨਰ ਸ੍ਰੀ ਗੈਂਦ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਦੱਸਿਆ ਕਿ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕਰਨਾ ਅਤੇ ਰੁੱਖਾਂ ਨੂੰ ਪਾਲਣ ਲਈ ਪਾਬੰਦ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਨਵਾਂ ਅਸਲਾ ਲਾਇਸੈਂਸ ਬਣਵਾਉਣ ਜਾਂ ਫੇਰ ਪੁਰਾਣੇ ਲਾਇਸੈਂਸ ਨੂੰ ਨਵਿਆਉਣਾ ਚਾਹੁੰਦਾ ਹੈ ਤਾਂ ਉਸ ਲਈ ਕ੍ਰਮਵਾਰ 10 ਅਤੇ 5 ਬੂਟੇ ਲਗਾਉਣੇ ਲਾਜ਼ਮੀ ਹੋਣਗੇ।
ਉਨ੍ਹਾਂ ਦੱਸਿਆ ਕਿ ਲਾਇਸੈਂਸ ਦੀ ਫਾਈਲ ਜਮ੍ਹਾਂ ਕਰਵਾਉਣ ਸਮੇਂ ਬੂਟੇ ਲਗਾਉਣ ਦੀ ਸੈਲਫ਼ੀ ਨਾਲ ਦੇਣੀ ਹੋਵੇਗੀ। ਇਕ ਮਹੀਨੇ ਬਾਅਦ ਜਦ ਦਰਖ਼ਾਸਤ ਪੁਲਿਸ ਵੈਰੀਫਿਕੇਸ਼ਨ ਅਤੇ ਡੋਪ ਟੈਸਟ ਲਈ ਭੇਜੀ ਜਾਵੇਗੀ ਤਾਂ ਵੀ ਲਗਾਏ ਗਏ ਬੂਟਿਆਂ ਨਾਲ ਦੁਬਾਰਾ ਸੈਲਫ਼ੀ ਦੀਆਂ ਫ਼ੋਟੋਆਂ ਜਮ੍ਹਾਂ ਕਰਵਾਉਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਅਸਲਾ ਲੈਣ ਦੇ ਚਾਹਵਾਨਾਂ ਲਈ ਵਾਤਾਵਰਨ ਦੀ ਸੰਭਾਲ ਲਾਜ਼ਮੀ ਹੋਵੇਗੀ ਉੱਥੇ ਹੀ ਆਪਣੇ ਆਪ ਰੁੱਖਾਂ ਦੀ ਗਿਣਤੀ ’ਚ ਵਾਧਾ ਹੋਵੇਗਾ ਅਤੇ ਜੰਗਲਾਂ ਹੇਠ ਰਕਬਾ ਵਧੇਗਾ।
ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਤੱਕ ਕਰੀਬ 22 ਹਜ਼ਾਰ ਅਸਲਾ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰੇਕ ਮਹੀਨੇ 200 ਦੇ ਕਰੀਬ ਅਸਲਾ ਲਾਇਸੈਂਸ ਨਵੀਨੀਕਰਨ ਲਈ ਆਉਂਦੇ ਹੋਣ ਤਾਂ ਹਰੇਕ ਬਿਨੈਕਾਰ 5 ਰੁੱਖ ਲਗਾਉਂਦਾ ਹੈ ਤਾਂ ਇਕ ਮਹੀਨੇ ‘ਚ ਹਜ਼ਾਰ ਰੁੱਖ ਲੱਗਣਗੇ ਅਤੇ ਸਾਲ ਵਿੱਚ ਸੰਗਰੂਰ ਜ਼ਿਲ੍ਹੇ ਅੰਦਰ 12 ਹਜ਼ਾਰ ਰੁੱਖ ਲੱਗ ਸਕਣਗੇ ਅਤੇ ਜੇਕਰ ਇਹ ਮੁਹਿੰਮ ਸੂਬੇ ‘ਚ ਚਲਾਈ ਜਾਵੇ ਤਾਂ ਰੁੱਖਾਂ ਦਾ ਅੰਕੜਾ ਸਾਲਾਨਾ 2 ਲੱਖ 64 ਹਜ਼ਾਰ ਹੋ ਜਾਵੇਗਾ।
ਸ੍ਰੀ ਚੰਦਰ ਗੈਂਦ ਨੇ ਬਿਨੈਕਾਰਾਂ ਨੂੰ ਰਾਹਦ ਦਿੰਦਿਆਂ ਕਿਹਾ ਕਿ ਜਿਨ੍ਹਾਂ ਕੋਲ ਬੂਟੇ ਲਗਾਉਣ ਲਈ ਜਗ੍ਹਾ ਨਹੀਂ ਹੈ ਉਹ ਜਨਤਕ ਥਾਂਵਾਂ, ਸਿੱਖਿਆ ਸੰਸਥਾਵਾਂ, ਧਾਰਮਿਕ ਸਥਾਨਾਂ ਜਾਂ ਫੇਰ ਸੜਕਾਂ ਕਿਨਾਰੇ ਵੀ ਬੂਟੇ ਲਗਾ ਸਕਦੇ ਹਨ ਪਰ ਉਨ੍ਹਾਂ ਨੂੰ ਇਨ੍ਹਾਂ ਦੀ ਰੁੱਖ ਬਣਨ ਤੱਕ ਦੀ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ।ਉਨ੍ਹਾਂ ਕਿਹਾ ਕਿ ਦੇਸ਼ ‘ਚ 732 ਜ਼ਿਲ੍ਹੇ ਹਨ ਅਤੇ ਜੇਕਰ ਹਰੇਕ ਜ਼ਿਲ੍ਹੇ ‘ਚ 200 ਅਸਲਾ ਲਾਈਸੈਂਸ ਫਾਈਲ ਆਉਂਦੀ ਹੈ ਅਤੇ ਉਨ੍ਹਾਂ ਵੱਲੋਂ ਰੁੱਖ ਲਗਾਏ ਜਾਦੇ ਹਨ ਤਾਂ ਸਾਲ ‘ਚ ਹੀ ਦੇਸ਼ ’ਚ ਇਕ ਕਰੋੜ ਨਵੇਂ ਰੁੱਖ ਲਗਾਏ ਜਾ ਸਕਣਗੇ ਜੋ ਵਾਤਾਵਰਣ ਸ਼ੁੱਧਤਾ ਵੱਲ ਇਕ ਵੱਡਾ ਕਦਮ ਹੋਵੇਗਾ। ਇਸ ਮੌਕੇ ਉਨ੍ਹਾਂ ਅਪੀਲ ਕਰਦਿਆ ਕਿਹਾ ਕਿ ਬੂਟੇ ਅਜਿਹੇ ਲਗਾਏ ਜਾਣ ਜੋ ਪਾਣੀ ਘੱਟ ਲੈਂਦੇ ਹੋਣ ਜਿਨ੍ਹਾਂ ’ਚ ਆਉਲਾ, ਨਿੰਮ, ਕਿੱਕਰ, ਟਾਹਲੀ ਆਦਿ ਨੂੰ ਤਰਜੀਹ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਡਵੀਜ਼ਨਲ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਜਦੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸਨ ਤਾਂ ਉੱਥੇ ਵੀ ਉਨ੍ਹਾਂ ਵੱਲੋਂ ਰੁੱਖ ਲਗਾਉਣ ਦੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੀ ਮੁੱਖ ਮੁੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕਰਕੇ ਸ਼ਲਾਘਾ ਕੀਤੀ ਗਈ ਸੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਬਿਨੈਕਾਰ ਵੱਲੋਂ ਲਗਾਏ ਪੌਦਿਆਂ ਦੀ ਨਿਗਰਾਨੀਲਈ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ‘ਟ੍ਰੀਜ਼ ਫ਼ਾਰ ਗੰਨ‘ ਸਕੀਮ ਨੇ ਜ਼ਿਲ੍ਹਾ ਫਿਰੋਜ਼ਪੁਰ ਨੂੰ ਸੰਸਾਰ ਪੱਧਰ ‘ਤੇ ਇੱਕ ਵੱਖਰੀ ਪਛਾਣ ਦਿਵਾਈ ਸੀ। ਉਨ੍ਹਾਂ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੂੰ ਜ਼ਿਲ੍ਹੇ ਅੰਦਰ ਹਰਿਆ ਭਰਿਆ ਮਾਹੌਲ ਸਿਰਜਣ ਲਈ ਸ਼ੁਰੂ ਕੀਤੀ ਟ੍ਰੀਜ਼ ਫਾਰ ਗੰਨ ਮੁਹਿੰਮ ਨੂੰ ਜ਼ਿ੍ਹਲ੍ਹੇ ਅੰਦਰ ਬਾਖੂਬੀ ਢੰਗ ਨਾਲ ਚਲਾਉਣ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾ ਹਲਕਾ ਵਿਧਾਇਕ ਧੂਰੀ ਦਲਬੀਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਾ ਬੀਰਕਲਾਂ ਚੇੇਅਮਰੈਨ ਜ਼ਿਲ੍ਹਾ ਯੋਜਨਾ ਬੋਰਡ,ਸੀਨੀਅਰ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ ਨੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੂੰ ਸੰਗਰੂਰ ਆਉਣ ’ਤੇ ਜੀ ਆਇਆ ਆਖਿਆ ਅਤੇ ਟ੍ਰੀਜ਼ ਫਾਰ ਗੰਨ ਸਕੀਮ ਦੀ ਖੂਬ ਸ਼ਲਾਘਾ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਸੰਗਰੂਰ ਬਬਨਦੀਪ ਸਿੰਘ ਵਾਲੀਆ, ਐਸ.ਡੀ.ਐਮ ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਧੂਰੀ ਲਤੀਫ ਅਹਿਮਦ, ਐਸ.ਡੀ.ਐਮ. ਲਹਿਰਾਗਾਗਾ ਜਗਜੀਤ ਕੌਰ, ਐਸ.ਡੀ.ਐਮ. ਦਿੜ੍ਹਬਾ ਸਿਮਰਪ੍ਰੀਤ ਕੌਰ ਅਤੇ ਸੀਨੀਅਰ ਕਾਂਗਰਸੀ ਆਗੂ ਹਰਮਨ ਬਾਜਵਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।