ਇੱਕ ਘੰਟਾ ਸਿਹਤ ਸੇਵਾਵਾਂ ਠੱਪ ਕਰਕੇ ਸਿਹਤ ਮੁਲਾਜ਼ਮਾਂ ਨੇ ਰੋਸ ਰੈਲੀ ਕੀਤੀ।
ਮੋਗਾ 13 ਅਗਸਤ 2020: ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ 11 ਅਗਸਤ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਹੰਗਾਮਾ ਕਰਨ, ਡਾ. ਰੀਤੂ ਜੈਨ ਨੂੰ ਪਬਲਿਕ ਵਿੱਚ ਖੜ•ਾ ਕਰਕੇ ਜ਼ਲੀਲ ਕਰਨ, ਕਰੋਨਾ ਟੈਸਟ ਦੇ ਬਦਲੇ 3500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਗਾਉਣ, ਗਲਤ ਸਬੂਤ ਪੇਸ਼ ਕਰਕੇ ਰਾਤੋ ਰਾਤ ਉਹਨਾ ਦੀ ਬਦਲੀ ਕੀਤੇ ਜਾਣ ਤੋਂ ਨਾਰਾਜ ਮੋਗਾ ਜਿਲ•ੇ ਦੇ ਸਮੁੱਚੇ ਸਿਹਤ ਕਾਮਿਆਂ ਨੇ ਅੱਜ 10 ਵਜੇ ਤੋਂ 11 ਵਜੇ ਤੱਕ ਇੱਕ ਘੰਟਾ ਸਿਹਤ ਸੇਵਾਵਾਂ ਠੱਪ ਕਰਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਐਮ.ਐਲ.ਏ. ਹਰਜੋਤ ਕਮਲ, ਮਾਮਲੇ ਨੂੰ ਮਿਸਹੈਡਲ ਕਰਨ ਵਾਲੇ ਅਧਿਕਾਰੀਆਂ ਅਤੇ ਬਿਨ•ਾਂ ਤੱਥਾਂ ਦੀ ਜਾਂਚ ਕੀਤੇ ਬਦਲੀ ਕਰਨ ਲਈ ਸਿਹਤ ਮੰਤਰੀ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਡਾ. ਗਗਨਦੀਪ ਸਿੰਘ, ਡਾ. ਇੰਦਰਵੀਰ ਸਿੰਘ, ਕੁਲਬੀਰ ਸਿੰਘ ਢਿੱਲੋਂ, ਮਹਿੰਦਰ ਪਾਲ ਲੁੰਬਾ, ਰਾਜੇਸ਼ ਭਾਰਦਵਾਜ਼, ਮਨਵਿੰਦਰ ਕਟਾਰੀਆ, ਚਮਨ ਲਾਲ ਸੰਗੇਲੀਆ, ਜਗਪਾਲ ਕੌਰ, ਪਰਮਿੰਦਰ ਸਿੰਘ, ਰਾਜ ਕੁਮਾਰ ਢੁੱਡੀਕੇ ਅਤੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਟਰੂਨਾਟ ਮਸ਼ੀਨ 12 ਘੰਟੇ ਵਿੱਚ ਸਿਰਫ 18 ਟੈਸਟ ਕਰ ਸਕਦੀ ਹੈ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਦੇ ਨਿਰਦੇਸ਼ਾਂ ਅਨੁਸਾਰ ਇਹ ਮਸੀਨ ਵਿਦੇਸ਼ ਜਾਣ ਵਾਲੇ ਲੋਕਾਂ ਦੇ ਟੈਸਟ ਕਰਨ ਲਈ ਨਹੀਂ ਬਲਕਿ ਲੋਕਲ ਤੇ ਐਮਰਜੰਸੀ ਮਰੀਜਾਂ ਦੇ ਟੈਸਟ ਕਰਨ ਲਈ ਹੈ, ਇਸਦੇ ਬਾਵਜੂਦ ਰੋਜਾਨਾ ਐਸ.ਐਮ.ਓ. ਮੋਗਾ ਦੇ ਰਾਹੀਂ ਐਮ.ਐਲ.ਏ. ਦਫਤਰ ਵੱਲੋਂ ਲਿਸਟ ਭੇਜ ਕੇ ਵੱਧ ਟੈਸਟ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਤੇ ਲੋਕਲ ਲੋਕਾਂ ਦੇ ਟੈਸਟ ਨਹੀਂ ਹੋ ਰਹੇ ਸਨ। 2 ਅਗਸਤ ਨੂੰ ਐਮ.ਐਲ.ਏ. ਦਫਤਰ ਵੱਲੋਂ ਧੱਕੇ ਨਾਲ 75 ਟੈਸਟ ਕਰਵਾਏ ਗਏ, ਜਿਸ ਕਾਰਨ ਮਸ਼ੀਨ ਦਿਨ ਰਾਤ ਚਲਦੀ ਰਹੀ ਤੇ ਸਵੇਰ ਨੂੰ ਮਸ਼ੀਨ ਸੜ ਗਈ, ਜਿਸ ਕਾਰਨ ਚਾਰ ਦਿਨ ਕੋਈ ਟੈਸਟ ਨਹੀਂ ਹੋ ਸਕਿਆ । ਉਹਨਾਂ ਕਿਹਾ ਕਿ ਜੇ ਐਮ.ਐਲ.ਏ. ਸਾਹਿਬ ਕੋਈ ਗੱਲ ਕਰਨੀ ਚਾਹੁੰਦੇ ਸਨ ਤਾਂ ਉਹ ਦਫਤਰ ਵਿੱਚ ਬੈਠ ਕੇ ਆਰਾਮ ਨਾਲ ਗੱਲ ਕਰ ਸਕਦੇ ਸਨ ਪਰ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਉਹਨਾਂ ਔਰਤ ਡਾਕਟਰ ( ਗਜਟਿਡ ਅਫਸਰ ) ਨੂੰ ਪਬਲਿਕ ਵਿੱਚ ਖੜਾ ਕਰਕੇ ਬੁਰੀ ਤਰ•ਾਂ ਜ਼ਲੀਲ ਕੀਤਾ ਤੇ ਬਾਅਦ ਵਿੱਚ ਲੇਡੀ ਡਾਕਟਰ ਵੱਲੋਂ ਜੋ ਸਪਸ਼ਟੀਕਰਨ ਦਿੱਤਾ ਗਿਆ ਤਾਂ ਉਸਦੀ ਵੀਡਿਓ ਸਿਹਤ ਮੰਤਰੀ ਨੂੰ ਭੇਜ ਕੇ ਗਲਤ ਤੱਥਾਂ ਦੇ ਆਧਾਰ ਤੇ ਰਾਤੋ ਰਾਤ ਡਾਕਟਰ ਦੀ ਬਦਲੀ ਕਰਵਾ ਕੇ ਆਪਣੀ ਗਲਤੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਡਾ. ਰੀਤੂ ਜੈਨ ਦੇ ਹੌਸਲੇ ਦੀ ਤਾਰੀਫ ਕਰਦਿਆਂ ਕਿਹਾ ਕਿ ਇੱਕ ਇਮਾਨਦਾਰ ਅਫਸਰ ਹੀ ਅਜਿਹਾ ਹੌਸਲਾ ਕਰ ਸਕਦਾ ਹੈ। ਉਹਨਾਂ ਸਰਕਾਰ ਤੋਂ ਡਾ. ਰੀਤੂ ਜੈਨ ਦੀ ਬਦਲੀ ਤੁਰੰਤ ਰੱਦ ਕਰਨ, ਇਸ ਘਟਨਾ ਦੀ ਉਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ ਅਤੇ ਮਾਮਲੇ ਨੂੰ ਮਿਸਹੈਂਡਲ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ, ਐਮ.ਐਲ.ਏ.ਦੇ ਨਾਲ ਆਏ ਸੁਖਜੀਤ ਸਿੰਘ ਅਤੇ ਹੋਰਾਂ ਵੱਲੋਂ ਵਰਤੀ ਗਈ ਮੰਦੀ ਸ਼ਬਦਾਵਲੀ ਲਈ ਜਨਤਕ ਤੌਰ ਤੇ ਮੁਆਫੀ ਮੰਗਵਾਏ ਜਾਣ ਦੀ ਮੰਗ ਕਰਦਿਆਂ ਦੱਸਿਆ ਕਿ ਉਕਤ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ । ਉਹਨਾਂ ਦੱਸਿਆ ਕਿ ਕੱਲ• ਸ਼ੁਕਰਵਾਰ ਨੂੰ 10 ਤੋਂ 12 ਵਜੇ ਤੱਕ ਸਮੁੱਚੇ ਜਿਲ•ੇ ਵਿੱਚ ਸਿਹਤ ਸੇਵਾਵਾਂ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇਕਰ ਬਦਲੀ ਰੱਦ ਨਾ ਹੋਈ ਤਾਂ ਸੋਮਵਾਰ ਤੋਂ ਕੋਵਿਡ 19 ਸਮੇਤ ਸਮੁੱਚੀਆਂ ਸਿਹਤ ਸੇਵਾਵਾਂ ਠੱਪ ਕੀਤੀਆਂ ਜਾਣਗੀਆਂ । ਉਹਨਾਂ ਕਿਹਾ ਕਿ ਉਹ ਕਰੋਨਾ ਦੀ ਐਮਰਜੰਸੀ ਨੂੰ ਸਮਝਦੇ ਹੋਏ ਸਰਕਾਰ ਨੂੰ ਚਾਰ ਦਿਨ ਦਾ ਸਮਾਂ ਦੇ ਰਹੇ ਹਨ ਪਰ ਜੇਕਰ ਫਿਰ ਵੀ ਡਾ. ਰੀਤੂ ਜੈਨ ਨੂੰ ਇਨਸਾਫ ਨਾ ਮਿਲਿਆ ਤਾਂ ਸੋਮਵਾਰ ਨੂੰ ਸਿਹਤ ਸੇਵਾਵਾਂ ਠੱਪ ਹੋਣ ਦੀ ਜਿੰਮੇਵਾਰੀ ਪੂਰੀ ਤਰ•ਾਂ ਸਰਕਾਰ ਦੀ ਹੋਵੇਗੀ । ਇਸ ਮੌਕੇ ਡਾ. ਰੀਤੂ ਜੈਨ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇਸ ਦੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ, ਪੰਜਾਬ ਸਟੇਟ ਵੋਮੈਨ ਕਮਿਸ਼ਨ, ਵਧੀਕ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਵੀ ਭੇਜ ਰਹੇ ਹਨ। ਧਰਨੇ ਉਪਰੰਤ ਸੰਘਰਸ਼ ਕਮੇਟੀ ਦੇ ਪੰਜ ਆਗੂਆਂ ਨੇ ਡਿਪਟੀ ਕਮਿਸ਼ਨਰ ਮੋਗਾ ਅਤੇ ਸਿਵਲ ਸਰਜਨ ਮੋਗਾ ਨੂੰ ਵੀ ਮੰਗ ਪੱਤਰ ਸੌਂਪਿਆ ਅਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ । ਇਸ ਮੌਕੇ ਉਕਤ ਤੋਂ ਇਲਾਵਾ ਸਿਵਲ ਹਸਪਤਾਲ ਮੋਗਾ ਦੇ ਸਾਰੇ ਡਾਕਟਰ, ਸਿਵਲ ਸਰਜਨ ਦਫਤਰ ਮੋਗਾ ਦੇ ਸਾਰੇ ਅਧਿਕਾਰੀ ਅਤੇ ਸਮੂਹ ਮੈਡੀਕਲ ਅਤੇ ਪੈਰਾਮੈਡੀਕਲ ਕਰਮਚਾਰੀ ਵੱਡੀ ਗਿਣਤੀ ਵਿੱਚ ਹਾਜਰ ਸਨ।