ਅਸ਼ੋਕ ਵਰਮਾ
ਮਾਨਸਾ, 24 ਅਗਸਤ 2020: ਮਾਨਸਾ ਜ਼ਿਲੇ ਅੰਦਰ ਕੋਵਿਡ-19 ਦੇ ਪਸਾਰ ਨੂੰ ਵਧਣ ਤੋਂ ਰੋਕਣ ਲਈ ਅਤੇ ਲੋਕਾਂ ਨੂੰ ਇਸ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਿਹਤ ਸਾਵਧਾਨੀਆਂ ਤੋਂ ਜਾਣੂ ਕਰਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਅਤੇ ਐਸ.ਐਸ.ਪੀ. ਸੁਰੇਂਦਰ ਲਾਂਬਾ ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਅਤੇ ਕਿਸਾਨ ਜੱਥੇਬੰਦੀਆਂ ਦੇ ਪ੍ਰਧਾਨਾਂ ਅਤੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਕਿਹਾ ਕਿ ਮਾਨਸਾ ਜ਼ਿਲੇ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਹੋਰ ਵੱਧਣ ਤੋਂ ਰੋਕਣ ਲਈ ਅੱਜ ਇਹ ਮੀਟਿੰਗ ਸੱਦੀ ਗਈ ਹੈ। ਉਨਾਂ ਵੱਖ-ਵੱਖ ਐਸੋਸੀਏਸ਼ਨਾਂ ਤੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕਾਂ ਵਿੱਚ ਇਸ ਵਾਇਰਸ ਤੋਂ ਬਚਾਅ ਲਈ ਵਰਤੇ ਜਾਣ ਵਾਲੇ ਸਾਧਨਾਂ ਦੀ ਵਰਤੋਂ ਕਰਨ, ਤਾਂ ਜੋ ਇਹ ਬਿਮਾਰੀ ਲੋਕਾਂ ਨੂੰ ਆਪਣੀ ਚਪੇਟ ਵਿੱਚ ਨਾ ਲੈ ਸਕੇ।ਉਨਾਂ ਕਿਹਾ ਕਿ ਜੱਥੇਬੰਦੀਆਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਕੋਰੋਨਾ ਦੀ ਟੈਸਟਿੰਗ ਕਰਵਾਉਣ ਲਈ ਵੀ ਪ੍ਰੇਰਿਤ ਕਰਨ ਕਿਉਂਕਿ ਇਸ ਨਾਲ ਬਿਮਾਰੀ ਦਾ ਸਮਾਂ ਰਹਿੰਦਿਆਂ ਹੀ ਪਤਾ ਚੱਲ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਪਾਜ਼ਿਟੀਵ ਮਰੀਜ਼ਾਂ ਨੂੰ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਹੁਣ ਘਰਾਂ ਵਿੱਚ ਹੀ ਇਕਾਂਤਵਾਸ ਵਿੱਚ ਰੱਖਿਆ ਜਾਂਦਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਨਾਂ ਦੀ ਸਮੇਂ ਸਮੇਂ ’ਤੇ ਸਿਹਤ ਜਾਂਚ ਵੀ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਦੇਖ-ਰੇਖ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ ਅਤੇ ਮਾਤਾ ਸੁੰਦਰੀ ਕਾਲਜ ਵਿਖੇ 100 ਬੈਡਾਂ ਵਾਲਾ ਕੋਵਿਡ ਕੇਅਰ ਸੈਂਟਰ ਬਣਾਇਆ ਹੋਇਆ ਹੈ, ਜਿੱਥੇ ਹਰ ਤਰਾਂ ਦੀਆਂ ਸਹੂਲਤਾਂ ਜਿਵੇਂ ਡਾਕਟਰ, ਖਾਣ-ਪੀਣ, ਸਾਫ਼-ਸਫ਼ਾਈ ਆਦਿ ਮੌਜੂਦ ਹਨ।
ਮੀਟਿੰਗ ਦੌਰਾਨ ਐਸ.ਐਸ.ਪੀ. ਸ਼੍ਰੀ ਸੁਰੇਂਦਰ ਲਾਂਬਾ ਨੇ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੀ ਬਿਮਾਰੀ ਨਾਲ ਲੜਨ ਲਈ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਮਾਸਕ ਲਗਾਉਣ, ਸਮਾਜਿਕ ਦੂਰੀ ਰੱਖਣ ਅਤੇ ਆਪਣੇ ਹੱਥਾਂ ਨੂੰ ਸਾਫ਼ ਰੱਖਣ ਵਰਗੀਆਂ ਸਾਵਧਾਨੀਆਂ ਨੂੰ ਅਪਣਾ ਕੇ ਅਸੀਂ ਇਸ ਵਾਇਰਸ ਤੋਂ ਬਚੇ ਰਹਿ ਸਕਦੇ ਹਾਂ। ਉਨਾਂ ਨਾਲ ਹੀ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਗ੍ਰਾਹਕ ਨੂੰ ਮਾਸਕ ਲਗਾ ਕੇ ਆਉਣ ਅਤੇ ਨਿਰਧਾਰਿਤ ਦੂਰੀ ’ਤੇ ਖੜੇ ਹੋ ਕੇ ਸਮਾਨ ਲੈਣ ਲਈ ਵੀ ਪ੍ਰੇਰਿਤ ਕਰਨ।
ਐਸ.ਐਸ.ਪੀ. ਨੇ ਨਾਲ ਹੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਇੱਕਠ ਕਰਨ ਨਾਲ ਕੋਈ ਵੀ ਇਸ ਵਾਇਰਸ ਦੀ ਚਪੇਟ ਵਿੱਚ ਆ ਸਕਦਾ ਹੈ ਅਤੇ ਉਸਦੀ ਜਾਨ ਜੋਖ਼ਿਮ ਵਿੱਚ ਪੈ ਸਕਦੀ ਹੈ। ਇਸ ਲਈ ਧਰਨਿਆਂ ਦਾ ਇੱਕਠ ਕਰਨ ਦੀ ਬਜਾਇ ਉਹ ਸਿੱਧੇ ਪ੍ਰਸ਼ਾਸਨ ਨਾਲ ਸੰਪਰਕ ਕਰਨ, ਤਾਂ ਜੋ ਸਮੱਸਿਆ ਦਾ ਸੁਚੱਜਾ ਹੱਲ ਕੀਤਾ ਜਾ ਸਕੇ।ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਕੋਰੋਨਾ ਪਾਜ਼ਿਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਹ ਖੁਦ ਨੂੰ ਆਪਣੇ ਘਰ ਵਿੱਚ ਹੀ ਆਈਸੋਲੇਟ ਕਰ ਲਵੇ ਅਤੇ 5 ਦਿਨਾਂ ਬਾਅਦ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਏ। ਉਨਾਂ ਕਿਹਾ ਕਿ ਕਿਸੇ ਵੀ ਕੋਰੋਨਾ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਸਨੂੰ ਤੁਰੰਤ ਸਿਹਤ ਕੇਂਦਰ ਨਾਲ ਜਾਂ ਹੈਲਪਲਾਈਨ ਨੰਬਰ 104 ’ਤੇ ਇਸਦੀ ਸੂਚਨਾ ਦੇਣੀ ਚਾਹੀਦੀ ਹੈ।
ਇਸ ਮੌਕੇ ਡੀ.ਐਸ.ਪੀ. ਸ਼੍ਰੀ ਹਰਜਿੰਦਰ ਸਿੰਘ ਗਿੱਲ, ਜ਼ਿਲਾ ਐਪੀਲੀਮਾਲੋਜਿਸਟ ਸ਼੍ਰੀ ਸੰਤੋਸ਼ ਭਾਰਤੀ ਅਤੇ ਡਾ. ਅਰਸ਼ਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਐਸੋਸੀਏਸ਼ਨਾਂ ਅਤੇ ਕਿਸਾਨ ਜੱਥੇਬੰਦੀਆਂ ਦੇ ਪ੍ਰਧਾਨ ਅਤੇ ਨੁਮਾਇੰਦੇ ਮੌਜੂਦ ਸਨ।