‘ਪੰਜਾਬ ਐਜੂਕੇਅਰ ਐਪ’ ਸਕੂਲੀ ਵਿਦਿਆਰਥੀਆਂ ਲਈ ਵਰਦਾਨ – ਸਿੱਖਿਆ ਸਕੱਤਰ
ਐੱਸ.ਏ.ਐੱਸ. ਨਗਰ 19 ਅਗਸਤ 2020: ਆਧੂਨਿਕ ਤਕਨੀਕ ਦੀ ਸੁਚੱਜੀ ਵਰਤੋਂ ਕਰਦਿਆਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮਿਆਰੀ ਬਣਾਈ ਰੱਖਣ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਨਿਵੇਕਲੀਆਂ ਪਹਿਲਕਦਮੀਆਂ ਨਿਰੰਤਰ ਜਾਰੀ ਹਨ। ਇਸੇ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ ‘ਪੰਜਾਬ ਐਜੂਕੇਅਰ ਐਪ’ ਤਿਆਰ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਭਾਵੇਂ ਕਿ ਅਜੇ ‘ਪੰਜਾਬ ਐਜੂਕੇਅਰ ਐਪ’ ਦੀ ਉਮਰ ਨਿੱਕੀ ਹੈ ਪਰ ਇਸ ਨੇ ਬਹੁਤ ਘੱਟ ਸਮੇਂ ਵਿੱਚ ਹੀ ਵੱਡੀਆਂ ਪੁਲਾਂਘਾਂ ਪੁੱਟ ਲਈ ਹਨ। ਸਿੱਖਿਆ ਸਬੰਧੀ ਇਹ ਐਪ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਹੋਰ ਵੀ ਬਹੁਤ ਸਾਰੇ ਪ੍ਰਦੇਸ਼ਾਂ ਵਿੱਚ ਵੀ ਹਰਮਨ ਪਿਆਰੀ ਹੋ ਗਈ ਹੈ। ਇਸਦਾ ਅੰਦਾਜ਼ਾ ਇਹਨਾਂ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਐਪ ਦੇ ਪੇਜ਼ ਨੂੰ 4.80 ਕਰੋੜ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ ਅਤੇ ਪੰਜਾਬ ਐਜੂਕੇਅਰ ਐਪ ਨੇ 5 ਵਿੱਚੋਂ 4.5 ਰੇਟਿੰਗ ਪ੍ਰਾਪਤ ਕੀਤੀ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੰਜਾਬ ਐਜੂਕੇਅਰ ਐਪ’ ਇੱਕ ‘ਆਨ-ਲਾਈਨ ਬਸਤਾ’ ਹੈ। ਇਸ ਵਿੱਚ ਪ੍ਰੀ-ਪ੍ਰਾਇਮਰੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੀ ਸਿੱਖਣ-ਸਿਖਾਉਣ ਸਮੱਗਰੀ, ਅਧਿਆਪਕਾਂ ਦੇ ਵੀਡੀਓ ਲੈਕਚਰ, ਈ-ਕੰਟੈਂਟ ਅਤੇ ਈ-ਪੁਸਤਕਾਂ, ਵਰਕਸ਼ੀਟਾਂ, ਕੁਇਜ਼, ਆਦਿ ਉਪਲਭਧ ਕਰਵਾਈਆਂ ਗਈਆਂ ਹਨ। ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲੋਂ ਤਿਆਰ ਸਹਾਇਕ ਸਮੱਗਰੀ ਨਾਲ ਵਿਦਿਆਰਥੀ ਆਪਣੀ ਜਮਾਤ ਦੇ ਵੱਖ-ਵੱਖ ਵਿਸ਼ਿਆਂ ਦੇ ਵਿਸ਼ਾ ਵਸਤੂ ਨੂੰ ਅਸਾਨੀ ਨਾਲ ਆਨਲਈਨ ਸਿੱਖ ਰਹੇ ਹਨ। ਇਸ ਐਪ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪਾਠਾਂ ਦੀ ਦੁਹਰਾਈ ਕਰਨਾ ਸੌਖਾ ਹੋ ਗਿਆ ਹੈ।
ਪੰਜਾਬ ਐਜੂਕੇਅਰ ਐਪ ਨੂੰ ਤਿਆਰ ਕਰਨ ਵਾਲੀ ਅਧਿਆਪਕਾਂ ਦੀ ਟੀਮ ਵਿੱਚੋਂ ਦੀਪਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 402261 ਯੂਜ਼ਰ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ। 19106461 ਐਪ ਦੇ ਵਿਊ ਹੋ ਚੁੱਕੇ ਹਨ ਅਤੇ 48004809 ਇਸ ਐਪ ਪੇਜ਼ ਦੇ ਵਿਊ ਹੋ ਚੁੱਕੇ ਹਨ ਜੋ ਕਿ ਇੱਕ ਮਹੱਤਵਪੂਰਨ ਉਪਲਭਧੀ ਹੈ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ, ਜੰਮੂ ਅਤੇ ਕਸ਼ਮੀਰ, ਆਦਿ ਰਾਜਾਂ ਵਿੱਚ ਵੀ ਪੰਜਾਬ ਦੇ ਸਿੱਖਿਆ ਵਿਭਾਗ ਦੀ ਐਪ ਨੂੰ ਡਾਊਨਲੋਡ ਕੀਤਾ ਗਿਆ ਗਿਆ ਹੈ। ਇਸ ਤੋਂ ਇਲਾਵਾ ਮਿਲੀ ਤਕਨੀਕੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 2.67 ਲੱਖ, ਰਾਜਸਥਾਨ ਵਿੱਚ 2.05 ਲੱਖ, ਉੱਤਰ ਪਰਦੇਸ਼ ਵਿੱਚ 2.11 ਲੱਖ ਹਰਿਆਣਾ ਵਿੱਚ 1.74 ਲੱਖ, ਹਿਮਾਚਲ ਪ੍ਰਦੇਸ਼ ਵਿੱਚ 1.18 ਲੱਖ, ਦਿੱਲੀ ਵਿੱਚ 26 ਹਜ਼ਾਰ, ਉੱਤਰਾਖੰਡ ਵਿੱਚ 19 ਹਜ਼ਾਰ ਅਤੇ ਜੰਮੂ ਅਤੇ ਕਸ਼ਮੀਰ ਵਿੱਚ 12 ਹਜ਼ਾਰ ਲੋਕਾਂ ਨੇ ਐਪ ਨੂੰ ਦੇਖਿਆ ਹੈ। ਪੰਜਾਬ ਅੇਜੂਕੇਅਰ ਐਪ ਨੂੰ 2700 ਦੇ ਕਰੀਬ ਸ਼ਾਨਦਾਰ ਰਿਵਿਊ ਮਿਲ ਚੁੱਕੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅਧਿਆਪਕਾਂ ਨੇ ਦੱਸਿਆ ਕਿ ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ, ਅੀਧਆਪਕਾਂ ਅਤੇ ਮਾਪਿਆਂ ਵਿੱਚ ਇੱਕ ਤਾਕਤਵਰ ਕੜੀ ਦਾ ਕੰਮ ਕਰ ਰਹੀ ਹੈ। ਇਸ ਵਿੱਚ ਅਧਿਆਪਕਾਂ ਦੁਆਰਾ ਕੀਤੇ ਗਏ ਸਿੱਖਿਆ ਸਬੰਧੀ ਕਾਰਜਾਂ ਲਈ ਅਧਿਆਪਕ ਸਟੇਸ਼ਨ, ਵਿਦਿਆਰਥੀਆਂ ਦੀਆਂ ਕਿਰਿਆਵਾਂ ਦਾ ਕੋਨਾ, ਪੰਜਾਬ ਅਤੇ ਅਮਗਰੇਜ਼ੀ ਦੇ ਅੱਜ ਦੇ ਸ਼ਬਦ, ਆਮ ਗਿਆਨ ਲਈ ਉਡਾਨ ਜਿਹੇ ਆਕਰਸ਼ਕ ਫੀਚਰ ਉਪਲਬਧ ਹਨ। ਇਹਨਾਂ ਵਿਸ਼ੇਸ਼ਤਾਵਾਂ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਪਰਸਪਰ ਸਬੰਧ ਬਣਿਆ ਰਹਿੰਦਾ ਹੈ।
ਪੰਜਾਬ ਐਜੂਕੇਅਰ ਐਪ ਦੀ ਘੱਟ ਸਮੇਂ ਵਿੱਚ ਅਪਾਰ ਸਫ਼ਲਤਾ ਲਈ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਮਰਪਿਤ ਅਤੇ ਮਿਹਨਤੀ ਅਧਿਆਪਕਾਂ ਨੇ ਵਿਲੱਖਣ ਕਾਰਜ ਕਰਦਿਆਂ ਕੋਵਿਡ-19 ਮਹਾਮਾਰੀ ਨੂੰ ਹਰਾਉਂਦਿਆਂ ਪੰਜਾਬ ਐਜੂਕੇਅਰ ਐਪ ਲਈ ਵਿਸ਼ੇਸ਼ ਅਤੇ ਮਹੱਤਵਪੂਰਨ ਉਪਰਾਲੇ ਕੀਤੇ ਹਨ। ਇਸ ਨਾਲ ਅਧਿਆਪਕਾਂ ਵੱਲੋਂ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਬੋਝ ਨਾ ਮੰਨਦਿਆਂ ਮਨੋਰੰਜਕ ਬਣਾ ਕੇ ਸਫਲਤਾਪੂਰਵਕ ਪੇਸ਼ ਕੀਤਾ ਗਿਆ ਹੈ। ਜਿਸ ਨੂੰ ਪੰਜਾਬ ਹੀ ਨਹੀਂ ਹੋਰ ਪ੍ਰਦੇਸ਼ਾਂ ਦੇ ਸਿੱਖਿਆ ਸਾਸ਼ਤਰੀਆਂ ਨੇ ਵੀ ਸਰਾਹਿਆ ਹੈ।
ਸਿੱਖਿਆ ਸਕੱਤਰ ਨੇ ਕਿਹਾ ਕਿ ਭਾਵੇਂ ਕਿ ਸ਼ੁਰੂਆਤੀ ਦੌਰ ਵਿੱਚ ਹੀ ਪੰਜਾਬ ਐਜੂਕੇਅਰ ਐਪ ਨੇ ਵਿਭਾਗ ਦਾ ਬਹੁਤ ਮਾਣ ਵਧਾਇਆ ਹੈ ਪਰ ਇਸ ਵਿੱਚ ਬਹੁਤ ਕੁਝ ਚੰਗਾ ਹੁੰਦਿਆਂ ਅਜੇ ਵੀ ਸੁਧਾਰ ਦੀ ਉਮੀਦ ਹੈ। ਇਸ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਸੂਚਨਾ ਤਕਨਾਲੋਜੀ ਨਾਲ ਜੁੜੇ ਮਾਹਿਰ ਅਧਿਆਪਕਾਂ, ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨਾਲ ਆਨ-ਲਾਈਨ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਪ੍ਰਾਪਤ ਹੋ ਰਹੇ ਸੁਝਾਵਾਂ ਤੇ ਕਾਰਜ ਕਰਨ ਲਈ ਮਾਹਿਰ ਅਧਿਆਪਕਾਂ ਦੀ ਟੀਮ ਦਿਨ-ਰਾਤ ਕਾਰਜ ਵੀ ਕਰ ਰਹੀ ਹੈ।