ਮੁੱਖ ਮੰਤਰੀ ਦਾ ਸੁਨੇਹਾ ਮੂਹਰਲੀ ਕਤਾਰ ਦੇ ਕੋਰੋਨਾ ਯੋਧਿਆਂ ਤੱਕ ਪਹੁੰਚਾਇਆ
ਮੁੱਖ ਮੰਤਰੀ ਨੇ ਡਾਕਟਰਾਂ ਤੇ ਸਮੂਹ ਮੈਡੀਕਲ ਅਮਲੇ ਦੀ ਕੀਤੀ ਸ਼ਲਾਘਾ-ਕੁਮਾਰ ਅਮਿਤ
ਰਾਜਿੰਦਰਾ ਹਸਪਤਾਲ ਦੇ ਕੋਵਿਡ ਬਲਾਕ ਦੇ ਆਈ.ਸੀ.ਯੂ. 'ਚ ਬੈਡਾਂ ਦੀ ਗਿਣਤੀ 32 ਤੋਂ 83 ਕੀਤੀ
ਹੁਣ ਸੁਪਰ ਸਪੈਸ਼ਲਿਟੀ ਬਲਾਕ 'ਚ ਵੀ ਹੋਵੇਗਾ ਕੋਵਿਡ ਮਰੀਜਾਂ ਇਲਾਜ
ਮਰੀਜਾਂ ਦਾ ਡਾਕਟਰਾਂ ਤੇ ਰਾਜਿੰਦਰਾ ਹਸਪਤਾਲ 'ਚ ਵਿਸ਼ਵਾਸ਼ ਬਹਾਲ ਰੱਖਿਆ ਜਾਵੇਗਾ-ਕੁਮਾਰ ਅਮਿਤ
ਪਟਿਆਲਾ, 10 ਅਗਸਤ 2020: ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਰਕਾਰੀ ਮੈਡੀਕਲ ਕਾਲਜ ਦੀ ਸਮੂਹ ਫੈਕਲਿਟੀ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਨੇਹਾ ਪੰਜਾਬ ਸਰਕਾਰ ਦੀ ਕੋਵਿਡ-19 ਵਿਰੁੱਧ ਜੰਗ 'ਮਿਸ਼ਨ ਫ਼ਤਿਹ' ਲੜ ਰਹੇ ਮੂਹਰਲੀ ਕਤਾਰ ਦੇ ਕੋਰੋਨਾ ਯੋਧਿਆਂ ਤੱਕ ਪੁੱਜਦਾ ਕੀਤਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਅਤੇ ਇੱਥੇ ਭਰਤੀ ਮਰੀਜਾਂ ਦਾ ਰਾਜਿੰਦਰਾ ਹਸਪਤਾਲ 'ਤੇ ਬਣਿਆਂ ਵਿਸ਼ਵਾਸ਼ ਹਰ ਹਾਲ ਬਹਾਲ ਰੱਖਿਆ ਜਾਵੇਗਾ, ਕਿਉਂਕਿ ਇਹ ਹਸਪਤਾਲ ਇਸ ਸਮੇਂ ਪੰਜਾਬ ਦੇ 10 ਤੋਂ ਵਧੇਰੇ ਜ਼ਿਲ੍ਹਿਆਂ ਦੇ ਮਰੀਜਾਂ ਨੂੰ ਸੰਭਾਲ ਰਿਹਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱੋਿਸਆ ਕਿ ਮੁੱਖ ਮੰਤਰੀ ਨੇ ਇਸ ਗੱਲੋਂ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਹੈ ਕਿ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਮੈਡੀਕਲ ਅਮਲੇ ਵੱਲੋਂ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਵੀ ਕੋਵਿਡ-19 ਨੂੰ ਹਰਾਉਣ ਲਈ 24 ਘੰਟੇ-ਸੱਤੇ ਦਿਨ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੀਟਿੰਗ 'ਚ ਕੋਵਿਡ ਕੇਅਰ ਦੇ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ, ਸਹਾਇਕ ਕਮਿਸ਼ਨਰ ਡਾ. ਨਿਰਮਲ ਓਸੀਪਚਨ, ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਪਾਰਸ ਕੁਮਾਰ ਪਾਂਡਵ ਸਮੇਤ ਸਮੂਹ ਵਿਭਾਗਾਂ ਦੇ ਮੁਖੀ ਡਾਕਟਰ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਡਾਕਟਰਾਂ ਨੂੰ ਕੋਵਿਡ ਵਿਰੁੱਧ ਸ਼ੁਰੂ ਹੋਣ ਜਾ ਰਹੀ ਅਸਲੀ ਜੰਗ ਲਈ ਤਿਆਰ ਰਹਿਣਾਂ ਪਵੇਗਾ, ਕਿਉਂਕਿ ਹੁਣ ਪਟਿਆਲਾ ਜ਼ਿਲ੍ਹੇ 'ਚ ਵੱਖ-ਵੱਖ ਤਰੀਕਿਆਂ ਨਾਲ ਟੈਸਟਿੰਗ ਸਮਰੱਥਾ 800 ਤੋਂ ਵਧਾ ਕੇ 2200 ਪ੍ਰਤੀ ਦਿਨ ਤੱਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕੇਸ ਵਧਣਗੇ, ਜਿਸ ਲਈ ਐਮ.ਸੀ.ਐਚ ਇਮਾਰਤ 'ਚ ਆਈ.ਸੀ.ਯੂ. ਨੂੰ 8ਵੀਂ ਮੰਜ਼ਿਲ ਤੋਂ ਤਬਦੀਲ ਕਰਕੇ 5ਵੀਂ ਮੰਜ਼ਿਲ 'ਤੇ ਲਿਜਾ ਕੇ ਬਿਸਤਰਿਆਂ ਦੀ ਗਿਣਤੀ 32 ਤੋਂ 83 ਕੀਤੀ ਜਾ ਰਹੀ ਹੈ ਅਤੇ ਨਾਲ ਹੀ ਹਸਪਤਾਲ ਦੀ ਸੁਪਰ ਸਪੈਸ਼ਲਿਟੀ ਬਲਾਕ ਨੂੰ ਵੀ ਕੋਵਿਡ ਕੇਅਰ ਲਈ ਵਰਤੋਂ 'ਚ ਲਿਆਂਦਾ ਜਾਵੇਗਾ।
ਸ੍ਰੀ ਕੁਮਾਰ ਅਮਿਤ ਨੇ ਮੈਡੀਕਲ ਕਾਲਜ ਦੇ ਸਾਰੇ ਵਿਭਾਗੀ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਸੀਨੀਅਰ ਅਤੇ ਜੂਨੀਅਰ ਰੈਜੀਡੈਂਟਾਂ ਦੀ ਅਗਵਾਈ ਕਰਦੇ ਹੋਏ ਜਿੱਥੇ ਖ਼ੁਦ ਕੋਵਿਡ ਲਾਗ ਤੋਂ ਬਚਣ ਉਥੇ ਹੀ ਬਿਹਤਰ ਤਰੀਕੇ ਨਾਲ ਮਰੀਜਾਂ ਦਾ ਵੀ ਇਲਾਜ ਕਰਨ, ਕਿਉਂਕਿ ਅਗਲੇ ਤਿੰਨ ਮਹੀਨੇ ਸਾਡੇ ਲਈ ਹੋਰ ਵਧੇਰੇ ਚੁਣੌਤੀ ਭਰਪੂਰ ਹੋਣਗੇ ਪਰੰਤੂ ਅਸੀਂ ਮਿਸ਼ਨ ਫ਼ਤਿਹ ਦੀ ਜੰਗ ਲੜਨੀ ਵੀ ਹੈ ਅਤੇ ਜਿੱਤ ਕੇ ਵਿਖਾਉਣੀ ਹੈ।
ਡਿਪਟੀ ਕਮਿਸ਼ਨਰ ਨੇ ਡਾਕਟਰਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਇਸ ਭਿਆਨਕ ਸਮੇਂ ਨੂੰ ਆਪਸੀ ਤਾਲਮੇਲ ਨਾਲ ਹੀ ਲੰਘਾਇਆ ਜਾ ਸਕੇਗਾ, ਇਸ ਲਈ ਉਹ ਰਣਨੀਤੀ ਬਣਾਕੇ ਕੋਵਿਡ ਮਰੀਜਾਂ ਦਾ ਇਲਾਜ ਕਰਨ ਲਈ ਅੱਗੇ ਆਉਣ। ਇਸ ਮੌਕੇ ਸਮੂਹ ਡਾਕਟਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੇ ਕਿੱਤੇ ਪ੍ਰਤੀ ਸਮਰਪਿਤ ਭਾਵਨਾ ਨਾਲ ਮਰੀਜਾਂ ਦਾ ਇਲਾਜ ਕਰਨਗੇ ਤਾਂ ਕਿ ਅਸੀਂ ਸਾਰੇ ਰਲਕੇ ਮਿਸ਼ਨ ਫ਼ਤਿਹ ਦੀ ਜੰਗ 'ਚ ਜੇਤੂ ਰਹਿ ਸਕੀਏ।