ਅੰਮ੍ਰਿਤਸਰ 10 ਅਗਸਤ 2020 :- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਸਕੱਤਰ ਗੁਰਮੀਤ ਪਲਾਹੀ ਤੇ ਸੁਸਾਇਟੀ ਦੇ ਮੈਂਬਰਾਨ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ 83 ਸਾਲ ਦੇ ਸਨ ਤੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਨ੍ਹਾਂ ਅੱਜ ਸਵੇਰੇ 11-30 ਵਜ੍ਹੇ ਆਪਣੀ ਰਿਹਾਇਸ਼ ਖਿਲਚੀਆਂ ਵਿੱਚ ਅੰਤਿਮ ਸਵਾਸ ਲਏ। ਉਹ ਬਹੁਤ ਹੀ ਮਿਲਾਪੜੇ ਸੁਭਾ ਦੇ ਮਾਲਕ ਸਨ। ਉਨ੍ਹਾਂ ਬਹੁਤ ਹੀ ਖੋਜ ਭਰਪੂਰ ਪੁਸਤਕਾਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ (ਸਖਸ਼ੀਅਤ, ਸਫ਼ਰ, ਸੰਦੇਸ਼ ਤੇ ਸ਼ਹਾਦਤ), ਸ੍ਰੀ ਗੁਰੂ ਗੋਬਿੰਦ ਸਿੰਘ (ਸਖਸ਼ੀਅਤ, ਸਫਰ ਤੇ ਸੰਦੇਸ਼), ਸਾਂਝੀ ਵਿਰਾਸਤ, ਵਿਰਸਾ ਵਿਸਰ ਰਿਹਾ, ਨਾਵਾਂ ਦਾ ਨਿਕਾਸ, ਵਿਸਰ ਰਹੇ ਪੰਜਾਬੀ ਅਖਾਣ ਆਦਿ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਪੰਜਾਬੀ ਸਾਹਿਤ ਲਈ ਪਾਏ ਵੱਡਮੂਲੇ ਯੋਗਦਾਨ ਤੇ ਮਾਂ ਬੋਲੀ ਪੰਜਾਬੀ ਨੂੰ ਵੱਡਮੁੱਲੀ ਦੇਣ ਕਰਕੇ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।