ਹਰਿੰਦਰ ਨਿੱਕਾ
- ਐਤਵਾਰ ਨੂੰ ਸਿਰਫ ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਹੀ ਖੋਲੀਆਂ ਜਾਣ: ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ
ਬਰਨਾਲਾ, 9 ਅਗਸਤ 2020 - ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅੱਜ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਦਾ ਅਚਾਣਕ ਦੌਰਾ ਕੀਤਾ ਗਿਆ। ਉਨ੍ਹਾਂ ਪਾਬੰਦੀ ਦੇ ਬਾਵਜੂਦ ਖੁੱਲ੍ਹੇ ਰਿਲਾਇੰਸ ਮਾਲ ਨੂੰ ਮੌਕੇ ਤੇ ਹੀ 4 ਹਜਾਰ ਰੁਪਏ ਦਾ ਜੁਰਮਾਨਾ ਵੀ ਠੋਕਿਆ। ਇਸ ਮੌਕੇ ਉਨਾਂ ਨਾਲ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਅਤੇ ਨਗਰ ਕੌਂਸਲ ਬਰਨਾਲਾ ਦੀ ਟੀਮ ਵੀ ਮੌਜੂਦ ਰਹੀ । ਡਿਪਟੀ ਕਮਿਸ਼ਨਰ ਫੂਲਕਾ ਨੇ ਦੱਸਿਆ ਕਿ ਬਾਜ਼ਾਰਾਂ ਦੀ ਅਚਾਣਕ ਚੈਕਿੰਗ ਦੌਰਾਨ ਰਿਲਾਇੰਸ ਮਾਲ ਖੁੱਲ੍ਹਾ ਮਿਲਿਆ, ਜਿਸ ਵਿੱਚ ਸ਼ਰੇਆਮ ਸਾਰੇ ਤਰ੍ਹਾਂ ਦੀਆਂ ਵਸਤਾਂ ਦੀ ਵਿਕਰੀ ਕੀਤੀ ਜਾ ਰਹੀ ਸੀ। ਜਦੋਂ ਕਿ ਐਤਵਾਰ ਨੂੰ ਸਿਰਫ ਜ਼ਰੂੂਰੀ ਵਸਤਾਂ/ਸੇਵਾਵਾਂ ਨਾਲ ਸਬੰਧਤ ਦੁਕਾਨਾਂ ਖੋਲ੍ਹਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ।
ਇਸ ਮੌਕੇ ਨਗਰ ਕੌਂਸਲ ਦੀ ਚੈਕਿੰਗ ਟੀਮ ਵੱਲੋਂ ਰਿਲਾਇੰਸ ਮਾਲ ਨੂੰ ਮੌਕੇ ’ਤੇ 4000 ਰੁਪਏ ਦਾ ਜੁਰਮਾਨਾ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਹੋਰ ਬਾਜ਼ਾਰਾਂ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਕੋਰੋਨਾ ਦੇ ਫੈਲਾਅ ਦੇ ਮੱਦੇਨਜ਼ਰ ਦੁਕਾਨਦਾਰ ਆਪਣੀ ਜਿੰਮੇਵਾਰੀ ਨਿਭਾਉਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਹਦਾਇਤਾਂ ਦੀ ਪੂਰੀ ਪਾਲਣਾ ਕਰਨ। ਅਜਿਹਾ ਨਾ ਕਰਨ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।