ਹਰੀਸ਼ ਕਾਲੜਾ
- ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੀ ਇਮਾਰਤ ਨੂੰ ਕੀਤਾ ਸੈਨੇਟਾਈਜ਼
ਸ੍ਰੀ ਅਨੰਦਪੁਰ ਸਾਹਿਬ, 18 ਅਗਸਤ 2020 - ਕੋਰੋਨਾ ਮਹਾਂਮਾਰੀ ਦੌਰਾਨ ਦਿਨ ਰਾਤ ਅੰਤਰਰਾਜੀ ਨਾਕਿਆਂ ਉਤੇ ਤੈਨਾਤ ਪੁਲਿਸ ਕਰਮਚਾਰੀ ਬਤੌਰ ਫਰੰਟ ਲਾਈਨ ਵਾਰੀਅਰਜ਼ ਸੇਵਾ ਨਿਭਾ ਰਹੇ ਹਨ ਪੁਲਿਸ ਵਿਭਾਗ ਵਲੋਂ ਜਿਥੇ ਕੋਰੋਨਾ ਦੋਰਾਨ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਆਪਣੀ ਡਿਊਟੀ ਦੌਰਾਨ ਗੈਰਸਮਾਜੀ ਅੰਸਰਾ ਵਿਰੁੱਧ ਚਲਾਈ ਮੁਹਿੰਮ ਨੂੰ ਵੀ ਸਫਲਤਾਪੂਰਵਕ ਅੰਜਾਮ ਤੱਕ ਪਹੁੰਚਾਇਆ ਜਾ ਰਿਹਾ ਹੈ।
ਆਮ ਲੋਕਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਪੁਲਿਸ ਥਾਣਿਆ ਨੂੰ ਰੋਗਾਣੂ ਮੁਕਤ ਕੀਤਾ ਗਿਆ ਹੈ। ਪੁਲਿਸ ਕਰਮਚਾਰੀ ਰੋਜਾਨਾਂ ਹੀ ਬਹੁਤ ਸਾਰੇ ਲੋਕਾਂ ਦੇ ਸੰਪਰਕ ਵਿੱਚ ਆਉਦੇ ਹਨ ਅਤੇ ਕਈਵਾਰ ਕੋਵਿਡ ਟੈਸਟ ਦੌਰਾਨ ਪਾਜ਼ੀਟਿਵ ਹੋ ਜਾਦੇ ਹਨ ਇਸਦੇ ਬਾਵਜੂਦ ਵਿਭਾਗ ਦੇ ਇਹ ਕਰਮਚਾਰੀ ਦੇਹਣੀ ਨੰਗਲ ਨਾਕਿਆਂ ਉਤੇ ਆਪਣੀ ਡਿਊਟੀ ਪੂਰੀ ਮਿਹਨਤ ਤੇ ਲਗਨ ਨਾਲ ਕਰ ਰਹੇ ਹਨ।
ਕੋਵਿਡ ਦੀਆਂ ਸਾਵਧਾਨੀਆਂ ਬਾਰੇ ਲਾਹਪ੍ਰਵਾਹੀ ਵਰਤਣ ਵਾਲੇ ਲੋਕਾਂ ਨੂੰ ਮਾਸਕ ਪਾਉਣ, ਮਾਸਕ ਪਾਉਣਾ, ਸਮਾਜਿਕ ਵਿੱਥ ਬਣਾ ਕੇ ਰੱਖਣਾ ਅਤੇ ਆਮ ਜਨਤਕ ਥਾਵਾਂ ਉਤੇ ਹੱਥ ਧੋਣ ਜਾਂ ਸੈਨੇਟਾਈਜ ਕਰਨ ਦੀ ਪ੍ਰਰੇਣਾ ਦੇ ਰਹੇ ਹਨ। ਇਹ ਫਰੰਟ ਲਾਈਨ ਵੋਰਿਅਰਜ਼ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਦੀ ਅਪੀਲ ਕਰਨ ਦੇ ਨਾਲ ਉਹਨਾਂ ਦੇ ਚਲਾਣ ਵੀ ਕਰ ਰਹੇ ਹਨ ਤਾਂ ਜੋ ਕੋਰੋਨਾ ਨੂੰ ਹਰਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕੇ।
ਡੀ ਐਸ ਪੀ ਸ੍ਰੀ ਅਨੰਦਪੁਰ ਸਾਹਿਬ ਸ: ਰਮਿੰਦਰ ਸਿੰਘ ਕਾਹਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸ੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੀਆਂ ਇਮਾਰਤਾਂ ਨੂੰ ਸੈਨੇਟਾਈਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਆਮ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਲਈ ਸਾਡੇ ਕਰਮਚਾਰੀ ਦਿਨ ਰਾਤ ਪ੍ਰੇਰਿਤ ਕਰ ਰਹੇ ਹਨ। ਉਹਨਾਂ ਕਿਹਾ ਕਿ ਆਮ ਲੋਕਾਂ ਦੀ ਸਾਂਝੇਦਾਰੀ ਤੋਂ ਬਿਨ੍ਹਾਂ ਇਸ ਮੁਹਿੰਮ ਨੂੰ ਸਫਲ ਨਹੀਂ ਕੀਤਾ ਜਾ ਸਕਦਾ। ਇਸ ਲਈ ਸਮਾਜ ਸੇਵੀ ਸੰਗਠਨ ਅਤੇ ਪੇਂਡੂ ਤੇ ਸ਼ਹਿਰੀ ਖੇਤਰ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਂਇੰਦੇ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ। ਇਹ ਵੀ ਜਰੂਰੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਨਜਰ ਆਉਣ ਤੇ ਤੁਰੰਤ ਅਪਣਾ ਕੋਵਿਡ ਟੈਸਟ ਕਰਵਾਇਆ ਜਾਵੇ ਤਾਂ ਜੋ ਸੰਕੇ ਦੂਰ ਹੋ ਸਕਣ ਅਤੇ ਸਮਾਂ ਰਹਿੰਦੇ ਢੁਕਵੀਂ ਡਾਕਟਰੀ ਸਹੂਲਤ ਪ੍ਰਾਪਤ ਕੀਤੀ ਜਾ ਸਕੇ।