ਗੁਰਦਾਸਪੁਰ, 2 ਅਕਤੂਬਰ, 2017 : ਸੁਨੀਲ ਜਾਖੜ ਦੀ ਚੋਣ ਮੁਹਿੰਮ ਨੂੰ ਨਵੀਂਆਂ ਉਚਾਈਆਂ 'ਤੇ ਪਹੁੰਚਾਉਣ ਲਈ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਕਾਂਗਰਸ ਦੇ ਉਮੀਵਾਰ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਗੁਰਦਾਸਪੁਰ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਜ਼ੋਰਦਾਰ ਚੋਣ ਮੁਹਿੰਮ ਚਲਾਉਣ ਦਾ ਵਾਅਦਾ ਕੀਤਾ ਹੈ।
ਕਾਦੀਆਂ ਦੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਦੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਪੈਂਦੇ ਸਾਰੇ ਨੌਂ ਵਿਧਾਨ ਸਭਾ ਹਲਕੇ ਵਿੱਚ ਜਾਖੜ ਦਾ ਸਮਰਥਨ ਕਰਨਗੇ।
ਬਾਅਦ ਵਿੱਚ ਤੁਗਾਲਵਾਲ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਾਜਵਾ ਨੇ ਲੋਕਾਂ ਨੂੰ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਆਪਣੇ ਪਿਤਾ ਅਤੇ ਜਾਖੜ ਦੇ ਪਿਤਾ ਬਲਰਾਮ ਜਾਖੜ ਵਿਚਕਾਰ ਗੂੜੇ ਸਬੰਧ ਹੋਣ ਦਾ ਜ਼ਿਕਰ ਕਰਦੇ ਹੋਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਸੁਨੀਲ ਜਾਖੜ ਉਨ੍ਹਾਂ ਦੇ ਭਰਾਵਾਂ ਵਰਗੇ ਹਨ ਅਤੇ ਉਹ ਇਸ ਹਲਕੇ ਤੋਂ ਸਭ ਤੋਂ ਵਧੀਆ ਉਮੀਦਵਾਰ ਹਨ ਜੋ ਕਿ ਇਸ ਸਰਹੱਦੀ ਪੱਟੀ ਦੇ ਲੋਕਾਂ ਨੇ ਸਾਰੇ ਮੁੱਦੇ ਸੰਸਦ ਵਿੱਚ ਉਠਾਉਣਗੇ। ਉਨ੍ਹਾਂ ਨੇ ਸੂੱਚਾ ਸਿੰਘ ਲੰਗਾਹ ਦੀ ਘਟਨਾ ਨੂੰ ਬਹੁਤ ਜ਼ਿਆਦਾ ਸ਼ਰਮਨਾਕ ਦੱਸਿਆ ਅਤੇ ਸਾਬਕਾ ਅਕਾਲੀ ਮੰਤਰੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।
ਅਕਾਲੀਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਭਾਵੇਂ ਉਹ ਆਪਣੇ ਆਪ ਦੇ ਫਖਰ-ਏ-ਕੌਮ ਹੋਣ ਦਾ ਦਾਅਵਾ ਕਰਦੇ ਹੋਣ ਪਰ ਅਸਲ ਵਿੱਚ ਉਨ੍ਹਾਂ ਨੇ ਆਪਣੇ ਨਿੱਜੀ ਲਾਭਾਂ ਲਈ ਪੰਜਾਬ ਦੇ ਹਿੱਤਾਂ ਨੂੰ ਵੇਚ ਦਿੱਤਾ ਹੈ। ਉਨ੍ਹਾਂ ਨੇ ਅਕਾਲੀ ਸ਼ਾਸਨ ਦੌਰਾਨ ਹੋਏ 32000 ਕਰੋੜ ਰੁਪਏ ਦੇ ਅਨਾਜ ਘੋਟਾਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਦਾ ਇਕ-ਇਕ ਪੈਸਾ ਵਾਪਸ ਲਿਆਉਣਾ 'ਤੇ ਜ਼ੋਰ ਦਿੱਤਾ।
ਸ੍ਰੀ ਜਾਖੜ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਦੇ ਹਿੱਤਾਂ ਦਾ ਧਿਆਨ ਰੱਖਿਆ ਜੋ ਕਿ ਅਸਲੀ ਫਖਰ-ਏ-ਕੌਮ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਸ਼ੇਰ ਦੱਸਦੇ ਹੋਏ ਜਾਖੜ ਨੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਅਕਾਲੀਆਂ ਵੱਲੋਂ ਦੁਰਵਰਤੋਂ ਕੀਤੇ ਗਏ ਸਾਰੇ ਸਰਕਾਰੀ ਫੰਡਾਂ ਦੀ ਜਾਂਚ ਕਰਾਉਣਗੇ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਗੁਰਦਾਸਪੁਰ ਵਿੱਚ ਬਣਾਈਆਂ ਗਈਆਂ 400 ਕਿਲੋਮੀਟਰ ਲੰਮੀਆਂ ਸੜਕਾਂ ਦਾ ਵੀ ਜ਼ਿਕਰ ਕੀਤਾ।
ਬਾਅਦ ਵਿੱਚ ਕਾਦੀਆਂ ਵਿੱਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਾਖੜ ਨੇ ਦੋਸ਼ ਲਾਇਆ ਕਿ ਭਾਜਪਾ ਦਾ ਉਮੀਦਵਾਰ ਸਵਰਨ ਸਲਾਰੀਆ ਜੀ.ਐਸ.ਟੀ. ਅਤੇ ਹੋਰ ਮੁੱਦਿਆਂ 'ਤੇ ਗੁੰਮਰਾਹਕੂੰਨ ਬਿਆਨ ਦੇ ਰਿਹਾ ਹੈ ਜਦਕਿ ਸਲਾਰੀਆ ਵੱਲੋਂ ਜਿਸ ਜੀ.ਐਸ.ਟੀ. ਸੋਹਲੇ ਗਾਏ ਜਾ ਰਹੇ ਹਨ ਉਸ ਦਾ ਕਿਸੇ ਨੂੰ ਵੀ ਫਾਇਦਾ ਨਹੀਂ ਹੋਇਆ। ਉਨ੍ਹਾਂ ਨੇ ਆਪਣੇ ਵਿਰੋਧੀ ਨੂੰ ਸਾਰੇ ਮੁੱਦਿਆਂ 'ਤੇ ਬਹਿਸ ਦੀ ਚੁਣੌਤੀ ਦਿੱਤੀ।
ਸ੍ਰੀ ਜਾਖੜ ਨੇ ਕਿਹਾ ਕਿ ਸਲਾਰੀਆ ਨੂੰ ਉਨ੍ਹਾਂ ਦੇ ਨਾਲ ਕਿਸੇ ਕਾਲਜ ਜਾ ਯੂਨੀਵਰਸਿਟੀ ਵਿੱਚ ਬੈਠਣਾ ਚਾਹੀਦਾ ਹੈ ਅਤੇ ਨੌਜਵਾਨਾਂ, ਸਿੱਖਿਆ ਅਤੇ ਬੇਰੋਜ਼ਗਾਰੀ ਬਾਰੇ ਮੁੱਦਿਆਂ 'ਤੇ ਬਹਿਸ ਕਰਨੀ ਚਾਹੀਦੀ ਹੈ ਤਾਂ ਜੋ ਨੌਜਵਾਨ ਇਹ ਜਾਣ ਸਕਣ ਕਿ ਸੂਬੇ ਵਿੱਚ ਸ਼ਾਸਨ ਕਰਨ ਲਈ ਵਧੀਆ ਸਿਆਸੀ ਪਾਰਟੀ ਕਿਹੜੀ ਹੈ।
ਅਕਾਲੀ ਸ਼ਾਸਨ ਦੌਰਾਨ ਦਲਿਤਾਂ 'ਤੇ ਹੋਏ ਅਤਿਆਚਾਰਾਂ ਦਾ ਜ਼ਿਕਰ ਕਰਦੇ ਹੋਏ ਜਾਖੜ ਨੇ ਇਨ੍ਹਾਂ ਘਟਨਾਵਾਂ ਬਾਰੇ ਸੂਬੇ ਦੀ ਵੱਖ-ਵੱਖ ਥਾਵਾਂ 'ਤੇ ਆਪਣੇ ਵੱਲੋਂ ਉਠਾਈ ਗਈ ਆਵਾਜ਼ ਦਾ ਜ਼ਿਕਰ ਕੀਤਾ। ਉਨ੍ਹਾਂ ਨੇ 2015 ਵਿੱਚ ਇਕ ਦਲਿਤ ਨੌਜਵਾਨ ਦੀਆਂ ਲੱਤਾਂ-ਬਾਹਾਂ ਕੱਟਣ ਦਾ ਜ਼ਿਕਰ ਕੀਤਾ ਜਿਸਦੀ ਬਾਅਦ ਵਿੱਚ ਹਸਪਤਾਲ 'ਚ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਇਸ ਘਟਨਾ ਵਿਰੁੱਧ ਆਵਾਜ਼ ਉਠਾਈ ਸੀ। ਉਨ੍ਹਾਂ ਕਿਹਾ ਕਿ ਇਹ ਆਪਣੀ ਕਿਸਮ ਦਾ ਸਿਰਫ ਇਕੋ-ਇਕ ਮਾਮਲਾ ਨਹੀਂ ਸੀ।
ਸ੍ਰੀ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹਰੇਕ ਬਜ਼ੁਰਗ ਨੂੰ ਬੁਢਾਪਾ ਪੈਨਸ਼ਨ ਮਿਲੇ ਅਤੇ ਹਰੇਕ ਯੋਗ ਪਰਿਵਾਰ ਨੂੰ ਨੀਲਾ ਕਾਰਡ ਪ੍ਰਾਪਤ ਹੋਵੇ ਭਾਵਾ ਉਹ ਕਿਸੇ ਵੀ ਪਾਰਟੀ ਨਾਲ ਕਿਉਂ ਨਾ ਸਬੰਧਤ ਹੋਵੇ ਜਦਕਿ ਅਕਾਲੀ ਸ਼ਾਸਨ ਦੌਰਾਨ ਇਸ ਦੇ ਉਲਟ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਇਹ ਕਾਰਡ ਜਾਰੀ ਕੀਤੇ ਸਨ।
ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕੀਮਤਾਂ ਵਿੱਚ ਹੋ ਰਹੇ ਭਾਰੀ ਵਾਧੇ ਲਈ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜਿਹੜਾ ਐਲ.ਪੀ.ਜੀ. ਸਿਲੰਡਰ ਯੂ.ਪੀ.ਏ. ਸਰਕਾਰ ਦੌਰਾਨ 400 ਰੁਪਏ ਦਾ ਸੀ ਉਹ ਹੁਣ 744 ਰੁਪਏ ਦਾ ਹੋ ਗਿਆ ਹੈ।
ਸਲਾਰੀਆ ਵੱਲੋਂ ਦਿੱਤੇ ਗਏ ਉਸ ਬਿਆਨ ਦੀ ਵੀ ਉਨ੍ਹਾਂ ਨੇ ਖਿੱਲੀ ਉਡਾਈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇ ਕੋਈ 10 ਲੱਖ ਰੁਪਏ ਦੀ ਕਾਰ ਖਰੀਦ ਸਕਦਾ ਹੈ ਤਾਂ 100 ਰੁਪਏ ਪ੍ਰਤੀ ਲੀਟਰ ਤੇਲ ਉਸ ਲਈ ਕੋਈ ਮਾਇਨੇ ਨਹੀਂ ਰੱਖਦਾ। ਸ੍ਰੀ ਜਾਖੜ ਨੇ ਕਿਹਾ ਕਿ ਇਸ ਦੇਸ਼ ਦੇ ਬਹੁਮੱਤ ਲੋਕ ਗਰੀਬ ਹਨ ਅਤੇ ਉਹ 10 ਲੱਖ ਰੁਪਏ ਦੀ ਕਾਰ ਨਹੀਂ ਖਰੀਦ ਸਕਦੇ। ਇਥੋਂ ਤੱਕ ਕਿ ਨੌਜਵਾਨ ਵੀ ਕਿਸ਼ਤਾਂ 'ਤੇ ਮੋਟਰ ਸਾਈਕਲ ਖਰੀਦ ਦੇ ਹਨ। ਉਨ੍ਹਾਂ ਕਿਹਾ ਕਿ ਸਲਾਰੀਆ ਨੇ ਆਪਣੇ ਬਿਆਨ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਕਰਨ ਦਾ ਸੁਝਾਅ ਦਿੱਤਾ ਸੀ।
ਸ੍ਰੀ ਜਾਖੜ ਨੇ ਕਿਹਾ ਕਿ ਸਲਾਰੀਆ ਨੂੰ ਦਿੱਤੀ ਗਈ ਵੋਟ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਗੁੰਮਰਾਕੁਨ ਸੁਨੇਹਾ ਜਾਵੇਗਾ ਕਿ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ। ਸ੍ਰੀ ਜਾਖੜ ਨੇ ਲੋਕਾਂ ਨੂੰ ਆਪਣੀ ਵੋਟ ਇਨ੍ਹਾਂ ਨੀਤੀਆਂ ਦੇ ਵਿਰੋਧ ਵਿੱਚ ਪਾਉਣ ਦਾ ਸੱਦਾ ਦਿੱਤਾ ਹੈ।
ਇਸ ਤੋਂ ਪਹਿਲਾਂ ਗੁਰਦਾਸਪੁਰ ਵਿਖੇ ਯੂਨਾਈਟਿਡ ਕ੍ਰਿਸ਼ਚਨ ਫਰੰਟ ਵੱਲੋਂ ਆਯੋਜਿਤ ਕੀਤੀ ਗਈ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਾਖੜ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਸਿਆਸੀ ਸਸ਼ਕਤੀਕਰਨ ਦੀ ਜ਼ਰੂਰਤ ਹੈ ਜੋ ਕਿ ਸਿਰਫ ਕਾਂਗਰਸ ਹੀ ਮੁਹੱਈਆ ਕਰਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਸਾਲ ਵਿੱਚ ਭਾਜਪਾ ਦੇ ਮੋਦੀ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ ਜਿਸ ਕਰਕੇ ਹੁਣ ਉਹਨਾਂ ਨੂੰ ਪਾਠ ਪੜ੍ਹਾਏ ਜਾਣ ਦਾ ਸਮਾਂ ਆ ਗਿਆ ਹੈ।
ਇਸ ਮੀਟਿੰਗ ਵਿੱਚ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ, ਵਿਧਾਇਕ ਫਤਿਹ ਜੰਗ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਹਾਜ਼ਰ ਸਨ।