ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਇੰਚਾਰਜ ਜਰਨੈਲ ਸਿੰਘ ਨੇ ਕੀਤਾ ਰਸਮੀ ਐਲਾਨ
ਸੰਗਠਨਾਤਮਕ ਪੱਧਰ 'ਤੇ ਮੁੱਖ ਢਾਂਚਾ, ਕੋਰ ਕਮੇਟੀ, ਸਾਰੇ ਵਿੰਗ, ਹਲਕਾ ਅਤੇ ਜ਼ਿਲ੍ਹਾ ਇਕਾਈਆਂ ਕੀਤੀਆਂ ਭੰਗ
ਚੰਡੀਗੜ੍ਹ, 8 ਅਗਸਤ 2020: 'ਮਿਸ਼ਨ-2022' ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਸੰਗਠਨਾਤਮਕ ਪੱਧਰ 'ਤੇ ਹੋਰ ਮਜ਼ਬੂਤ ਕਰਨ ਦੀ ਮੁਹਿੰਮ ਅਧੀਨ ਪਾਰਟੀ ਦਾ ਮੁੱਖ ਢਾਂਚਾ, ਕੋਰ ਕਮੇਟੀ, ਸਾਰੇ ਵਿੰਗ (ਇਕਾਈਆਂ) ਅਤੇ ਜ਼ਿਲ੍ਹਾ ਇਕਾਈਆਂ ਨੂੰ ਭੰਗ ਕਰ ਦਿੱਤਾ ਗਿਆ ਹੈ।
ਸ਼ਨੀਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਇਸ ਸੰਬੰਧੀ ਰਸਮੀ ਐਲਾਨ ਕੀਤਾ।
ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਜ਼ਿਲ੍ਹਾ ਪੱਧਰ, ਹਲਕਾ ਪੱਧਰ, ਵਿੰਗਾਂ ਅਤੇ ਸੂਬਾ ਪੱਧਰ ਦੇ ਅਹੁਦੇਦਾਰਾਂ ਨਾਲ ਬੈਠਕਾਂ ਦਾ ਲੰਬਾ ਦੌਰ ਚੱਲਿਆ।
ਸੰਗਠਨਾਤਮਕ ਢਾਂਚੇ ਨੂੰ ਬੂਥ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਹੋਰ ਮਜ਼ਬੂਤ ਅਤੇ ਚੁਸਤ-ਦਰੁਸਤ ਕਰਨ ਲਈ ਵੱਡੇ ਪੱਧਰ 'ਤੇ ਫੀਡ ਬੈਕ ਇਕੱਤਰ ਕੀਤੀ ਗਈ। ਪਾਰਟੀ ਨੂੰ ਮਜ਼ਬੂਤ ਬਣਾਉਣ ਦੀ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਪਾਰਟੀ ਦੇ ਮੁੱਖ ਸੂਬਾ ਪੱਧਰੀ ਢਾਂਚਾ (ਸੰਗਠਨ), ਸੂਬਾ ਕੋਰ ਕਮੇਟੀ, ਸਾਰੇ ਵਿੰਗ, ਹਲਕਾ ਅਤੇ ਜ਼ਿਲ੍ਹਾ ਪੱਧਰ ਦੀਆਂ ਇਕਾਈਆਂ ਸਮੇਤ ਸਾਰੀਆਂ ਸਹਿਯੋਗੀ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਹਨ।
ਜਰਨੈਲ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਅਹੁਦਾ ਬਰਕਰਾਰ ਰਹੇਗਾ ਅਤੇ ਛੇਤੀ ਹੀ ਨਵੇਂ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ।
ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਭਰ 'ਚੋਂ ਇਕੱਤਰ ਹੋਈ 'ਫੀਡ ਬੈਕ' ਦੇ ਆਧਾਰ 'ਤੇ ਕਾਬਲ, ਵਫ਼ਾਦਾਰ ਅਤੇ ਮਿਹਨਤੀ ਵਰਕਰਾਂ-ਵਲੰਟੀਅਰਾਂ ਅਤੇ ਆਗੂਆਂ ਦੀਆਂ ਜ਼ਿੰਮੇਵਾਰੀਆਂ ਵਧਾਈਆਂ ਜਾਣਗੀਆਂ ਅਤੇ ਕਾਫ਼ੀ ਸਾਰੀਆਂ ਜ਼ਿੰਮੇਵਾਰੀਆਂ ਬਦਲੀਆਂ ਜਾਣਗੀਆਂ ਤਾਂਕਿ 'ਆਪ' ਇੱਕ ਮਜ਼ਬੂਤ ਅਤੇ ਸੰਗਠਿਤ ਟੀਮ ਵਜੋਂ ਸਾਲ 2022 'ਚ ਪੰਜਾਬ ਅਤੇ ਪੰਜਾਬੀਆਂ ਨੂੰ ਰਿਵਾਇਤੀ ਸਿਆਸੀ ਪਾਰਟੀਆਂ ਦੇ 'ਜੰਗਲਰਾਜ' ਅਤੇ 'ਮਾਫ਼ੀਆ ਰਾਜ' ਤੋਂ ਮੁਕਤੀ ਦਿਵਾ ਸਕੇ।