ਅਸ਼ੋਕ ਵਰਮਾ
ਬਠਿੰਡਾ, 24 ਅਗਸਤ 2020: ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਤੀਜੇ ਵਾਈਸ-ਚਾਂਸਲਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ, ‘ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ‘ ਵਿਖੇ ਮੱਥਾ ਟੇਕਿਆ। ਉਹਨਾਂ ਨੇ ‘ਗੁਰੂ ਕੀ ਕਾਂਸ਼ੀ‘ ਵਜੋਂ ਜਾਣੀ ਜਾਂਦੀ ਪਵਿੱਤਰ ਧਰਤੀ ਨੂੰ ਪ੍ਰਣਾਮ ਕੀਤਾ। ਉਹਨਾਂ ਨੇ ਇਸ ਪਵਿੱਤਰ ਸਥਾਨ ‘ਤੇ ਅਰਦਾਸ ਕੀਤੀ ਅਤੇ ਮਿਆਰੀ ਵਿਦਿਆ ਨੂੰ ਸਾਰਿਆਂ ਤੱਕ ਪਹੁੰਚਯੋਗ ਬਣਾਉਣ ਦਾ ਸੰਕਲਪ ਲਿਆ। ਇਸ ਯਾਤਰਾ ਦੌਰਾਨ, ਸੀਯੂਪੀਬੀ ਦੇ ਅਧਿਕਾਰੀਆਂ ਨੇ ਕੁਲਪਤੀ ਨੂੰ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਅਤ ਰੱਖੀ ਗਈ ਅਮੀਰ ਸਭਿਆਚਾਰਕ ਵਿਰਾਸਤ ਦੇ ਵੇਰਵਿਆਂ ਬਾਰੇ ਬਾਰੇ ਦੱਸਿਆ। ਇਸ ਮੌਕੇ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾੜੀ, ਵਾਈਸ-ਚਾਂਸਲਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਨੇ ਜਥੇਦਾਰ ਹਰਪ੍ਰੀਤ ਸਿੰਘ, ਜਥੇਦਾਰ, ਤਖਤ ਸ੍ਰੀ ਦਮਦਮਾ ਸਾਹਿਬ ਤੇ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪ੍ਰੋ: ਹਰਪਾਲ ਸਿੰਘ ਪੰਨੂੰ, ਚੇਅਰ ਪ੍ਰੋਫੈਸਰ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ, ਸੀ.ਯੂ.ਪੀ.ਬੀ. ਵੱਲੋਂ ਲਿਖੀ ਕਿਤਾਬ ਭੇਂਟ ਕੀਤੀ। ਪ੍ਰੋ: ਤਿਵਾੜੀ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪੰਜਾਬ ਦੇ ਸਭਿਆਚਾਰ ਨੂੰ ਉਤਸਾਹਤ ਕਰਨ ਲਈ ਕੰਮ ਕਰਨਗੇ, ਜੋ ਮਹਾਨ ਮਨੁੱਖੀ ਕਦਰਾਂ ਕੀਮਤਾਂ ਨਾਲ ਭਰੇ ਹੋਏ ਹਨ। ਉਨਾਂ ਇਹ ਵੀ ਕਿਹਾ ਕਿ ਨੌਜਵਾਨਾਂ ਦੀ ਨਿਪੁੰਨਤਾ ਅਤੇ ਮਾਹਰ ਸਿਖਲਾਈ ਦੇਣ ਲਈ ਕੰਮ ਕਰਨਗੇ ਤਾਂ ਜੋ ਉਹ ਆਰਥਿਕ ਗਤੀਵਿਧੀਆਂ ਅਤੇ ਸਮਾਜ ਦੀ ਸੇਵਾ ਵਿੱਚ ਰੁਝ ਸਕਣ।ਗੁਰੂਦਵਾਰਾ ਸਾਹਿਬ ਵਿਖੇ ਸਤਿਕਾਰ ਭੇਟ ਕਰਨ ਤੋਂ ਬਾਅਦ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਸਾਨੂੰ ਹਮੇਸ਼ਾਂ ਸੱਚ, ਨਿਆਂ, ਹਮਦਰਦੀ, ਭਾਈਚਾਰਾ ਅਤੇ ਏਕਤਾ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ।